ਡਿਪਟੀ ਕਮਿਸ਼ਨਰ ਨੇ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦਾ ਲਿਆ ਜਾਇਜਾ
– ਪਾਰਕਾਂ ਦੀ ਸੁੰਦਰਤਾ ਵਧਾਉਣ ਲਈ ਸਬੰਧਿਤ ਵਿਕਾਸ ਏਜੰਸੀਆਂ ਨੂੰ ਕੀਤੀਆਂ ਹਦਾਇਤਾ ਜਾਰੀ
ਸ਼੍ਰੀ ਮੁਕਤਸਰ ਸਾਹਿਬ 30 ਜੂਨ
ਡਾ.ਰੂਹੀ ਦੁੱਗ ਡਿਪਟੀ ਕਮਿਸ਼ਨਰ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਗੁਰੂ ਗੋਬਿੰਦ ਸਿੰਘ ਪਾਰਕ, ਮਾਤਾ ਭਾਗ ਕੌਰ ਯਾਦਗਾਰੀ ਪਾਰਕ, ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੀ ਮੁਕਤ-ਏ-ਮਿਨਾਰ ਪਾਰਕ ਦਾ ਜਾਇਜਾ ਲਿਆ।
ਡਿਪਟੀ ਕਮਿਸ਼ਨਰ ਨੇ ਆਪਣੇ ਇਸ ਪ੍ਰੋਗਰਾਮ ਦੌਰਾਨ ਗੁਰੂ ਗੋਬਿੰਦ ਸਿੰਘ ਪਾਰਕ ਵਿੱਚ ਸੈਰ ਕਰਨ ਆਏ ਵਿਅਕਤੀਆਂ ਨਾਲ ਗੱਲਬਾਤ ਕਰਦਿਆਂ ਗਿਆ ਕਿ ਇਸ ਪਾਰਕ ਦੀ ਸੁੰਦਰਤਾ ਨੂੰ ਵਧਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ ਅਤੇ ਇਸ ਪਾਰਕ ਵਿੱਚ ਪੀਣ ਵਾਲੇ ਸਾਫ ਸੁਥਰੇ ਪਾਣੀ, ਪਖਾਨਿਆਂ,ਸੈਰ ਕਰਨ ਲਈ ਟਰੈਕ ਨੂੰ ਉਚਾ ਚੁੱਕਣ ਅਤੇ ਬੱਚਿਆਂ ਲਈ ਝੂਲਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ।
ਉਹਨਾਂ ਪਾਰਕ ਵਿੱਚ ਬਣੀ ਲਾਇਬ੍ਰੇਰੀ ਦਾ ਜਾਇਜਾ ਲੈਂਦਿਆਂ ਹੈ ਕਿਹਾ ਕਿ ਇਸ ਲਾਇਬ੍ਰੇਰੀ ਵਿੱਚ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨਾਲ ਸਬੰਧਿਤ ਪ੍ਰੀਖਿਆਰਥੀਆਂ ਲਈ ਪੁਸਤਕਾਂ ਅਤੇ ਮੈਗਜੀਨਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਉਹਨਾਂ ਲਈ ਸਹੀ ਮਾਰਗ ਦਰਸ਼ਨ ਹੋ ਸਕੇ।
ਮਾਤਾ ਭਾਗ ਕੌਰ ਯਾਦਗਾਰੀ ਪਾਰਕ ਦਾ ਜਾਇਜਾ ਲੈਂਦਿਆਂ ਉਹਨਾਂ ਕਾਰਜ ਸਾਧਕ ਅਫਸਰ ਨੂੰ ਕਿਹਾ ਕਿ ਇਸ ਪਾਰਕ ਵਿੱਚ ਬੱਚਿਆਂ ਲਈ ਝੂਲਿਆਂ ਅਤੇ ਬੈਠਣ ਲਈ ਪ੍ਰਬੰਧ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਚਾਲੀ ਮੁਕਤਿਆਂ ਦੀ ਯਾਦ ਵਿੱਚ ਬਣੀ ਮੁਕਤ-ਏ-ਮਿਨਾਰ ਦਾ ਜਾਇਜਾ ਲੈਂਦਿਆਂ ਮਾਰਕਫੈਡ ਅਤੇ ਨਗਰ ਕੌਂਸਲ ਨੂੰ ਆਪਸੀ ਸਹਿਯੋਗ ਨਾਲ ਇਸ ਦੀ ਸੁੰਦਰਤਾ ਵਧਾਉਣ ਲਈ ਕਿਹਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਕੰਵਰਜੀਤ ਸਿੰਘ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ, ਪ੍ਰੋਫੈਸਰ ਗੋਪਾਲ ਸਿੰਘ ਸਕੱਤਰ ਜਿ਼ਲ੍ਹਾ ਰੈਡ ਕਰਾਸ ਸੰਸਥਾ, ਸ੍ਰੀ ਰਜਨੀਸ ਕੁਮਾਰ ਕਾਰਜ ਸਾਧਕ ਅਫਸਰ ਵੀ ਮੌਜੂਦ ਸਨ।