ਪਿੰਡ ਦੀ ਕੁੜੀ ਨੇ ਨੀਟ ਵਿਚ ਮਾਰੀਆਂ ਮੱਲਾਂ,685 ਅੰਕ ਪ੍ਰਾਪਤ ਕੀਤੇ

ਅਬੋਹਰ ਨੇੜਲੇ ਪਿੰਡ ਪੰਜਾਵਾ ਦੀ ਵਾਸੀ ਦੀਪਇੰਦਰ ਕੌਰ ਪੁੱਤਰੀ ਇੰਦਰਜੀਤ ਢਿੱਲੋਂ ਨੇ ਨੀਟ ਦੀ ਪ੍ਰੀਖਿਆ ਵਿਚ ਵਧੀਆ ਅੰਕ ਲੈਕੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ। ਉਸਨੇ 720 ਵਿੱਚੋ 685 ਅੰਕ ਪ੍ਰਾਪਤ ਕੀਤੇ। ਉਸਦਾ ਆਲ ਇੰਡੀਆ ਰੈਂਕ 1053 ਹੈ।ਪੂਰੇ ਇਲਾਕੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਦੀਪਇੰਦਰ ਨੇ ਇਹ ਸਫ਼ਲਤਾ ਪ੍ਰਾਪਤ ਕੀਤੀ।ਦੀਪਇੰਦਰ ਕੌਰ ਨੇ ਆਪਣੀ ਦਸਵੀਂ ਤੱਕ ਦੀ ਪੜ੍ਹਾਈ ਅਜੰਪਸ਼ਨ ਕੌਨਵੈਂਟ ਸਕੂਲ ਅਬੋਹਰ ਤੋਂ ਕੀਤੀ।ਉਸਦੇ 10ਵੀ ਕਲਾਸ ਵਿੱਚ 96 ਫੀਸਦੀ ਅੰਕ ਸਨ। ਇਸ ਤੋਂ ਇਲਾਵਾ ਬਾਰਵੀਂ ਕਲਾਸ ਵੀ ਉਸਨੇ 94 ਫੀਸਦੀ ਅੰਕਾਂ ਨਾਲ ਬਾਬਾ ਈਸ਼ਰ ਸਿੰਘ ਪਬਲਿਕ ਸਕੂਲ ਕੱਟਿਆਂਵਾਲੀ ਤੋਂ ਪ੍ਰੀਖਿਆ ਪਾਸ ਕੀਤੀ।ਉਹ ਕੌਨਵੈਂਟ ਸਕੂਲ ਦੀ ਟੋਪਰ ਰਹੀ।ਦੀਪਇੰਦਰ ਕੌਰ ਨੇ ਆਪਣੀ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਉਹ ਪਰਮਾਤਮਾ ਤੇ ਆਪਣੇ ਮਾਪਿਆਂ ਦੀ ਸ਼ੁਕਰ ਗੁਜਾਰ ਹੈ ਜਿੰਨਾ ਦੇ ਅਸ਼ੀਰਵਾਦ ਨਾਲ ਉਸਨੇ ਇਹ ਸਫ਼ਲਤਾ ਪ੍ਰਾਪਤ ਕੀਤੀ। ਉਸ ਨੇ ਦੱਸਿਆ ਕਿ ਡਾਕਟਰ ਬਣਨ ਦਾ ਸੁਪਨਾ ਉਸ ਨੇ ਤੀਜੀ ਕਲਾਸ ਤੋਂ ਵੇਖਣਾ ਸ਼ੁਰੂ ਕੀਤਾ ਸੀ। ਉਸ ਦੀ ਇੱਛਾ ਸੀ ਕਿ ਉਹ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਬਣੇ। ਅੱਜ ਪਰਮਾਤਮਾ ਨੇ ਉਸ ਨੂੰ ਸੁਪਨੇ ਦੀ ਪਹਿਲੀ ਪੌੜੀ ਚੜ੍ਹਾ ਦਿੱਤਾ ਹੈ। ਉਸਨੇ ਦੱਸਿਆ ਕਿ ਉਸ ਨੇ 10 ਵੀਂ ਤੱਕ ਆਪਣੀ ਪੜ੍ਹਾਈ ਘਰੇ ਤਿਆਰੀ ਕਰਕੇ ਬਿਨਾ ਟਿਊਸ਼ਨ ਤੋਂ ਕੀਤੀ ਸੀ। ਉਧਰ ਆਪਣੀ ਧੀ ਦੀ ਪ੍ਰਾਪਤੀ ਤੇ ਖੁਸ਼ੀ ਸਾਂਝੀ ਕਰਦੇ ਹੋਏ ਉਸਦੇ ਦਾਦਾ ਬਾਜ ਸਿੰਘ,ਪਿਤਾ ਇੰਦਰਜੀਤ ਸਿੰਘ ਢਿੱਲੋਂ ਤੇ ਮਾਤਾ ਅਮਨਦੀਪ ਕੌਰ ਨੇ ਕਿਹਾ ਕਿ ਉਨਾਂ ਨੂੰ ਆਪਣੀ ਧੀ ਤੇ ਮਾਣ ਹੈ। ਜਿਸ ਨੇ ਇੰਨੇ ਅੰਕ ਪ੍ਰਾਪਤ ਕਰਕੇ ਨੈਟ ਦੀ ਪ੍ਰੀਖਿਆ ਕਲੀਅਰ ਕੀਤੀ। ਉਨ੍ਹਾਂ ਕਿਹਾ ਕਿ ਧੀਆਂ ਕਿਸੇ ਗੱਲੋਂ ਵੀ ਮੁੰਡਿਆਂ ਨਾਲੋਂ ਘੱਟ ਨਹੀਂ ਰਹੀਆਂ। ਉਨਾਂ ਦੀ ਧੀ ਨੇ ਇਸ ਗੱਲ ਨੂੰ ਸਾਬਤ ਵੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿੰਨੇ ਵੀ ਅਧਿਆਪਕਾਂ ਨੇ ਦੀਪਇੰਦਰ ਦਾ ਹੁਣ ਤੱਕ ਮਾਰਗ ਦਰਸ਼ਨ ਕੀਤਾ ਉਨਾਂ ਦੀ ਮਿਹਨਤ ਨੂੰ ਵੀ ਅੱਜ ਫ਼ਲ ਲੱਗਿਆ ਹੈ


