ਪਿੰਡ ਆਵਾ ਵਿਖੇ ਲਗਾਏ ਗਏ ਜਨਤਕ ਕੈਂਪ ਦੌਰਾਨ ਪਿੰਡ ਵਾਸੀਆਂ ਦੀਆਂ ਸੁਣੀਆਂ ਸਮੱਸਿਆਵਾਂ
ਪਾਰਟੀਬਾਜੀ ਤੋਂ ਉਪਰ ਉਠ ਕੇ ਲੋਕਾਂ ਦੇ ਕੀਤੇ ਜਾ ਰਹੇ ਨੇ ਕੰਮ- ਨਰਿੰਦਰਪਾਲ ਸਿੰਘ ਸਵਨਾ
ਕੈਂਪ ਲਗਣ ਨਾਲ ਲੋਕਾਂ ਨੂੰ ਖਜਲ-ਖੁਆਰੀ ਤੋਂ ਮਿਲੀ ਨਿਜਾਤ-ਸੰਦੀਪ ਕੁਮਾਰ
ਫਾਜ਼ਿਲਕਾ 16 ਦਸੰਬਰ
ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਤਾਰ ਪਿੰਡ-ਪਿੰਡ ਕੈਂਪ ਲਗਾਏ ਜਾ ਰਹੇ ਹਨ। ਪਿੰਡ ਆਵਾ ਵਿਖੇ ਲਗਾਏ ਗਏ ਜਨਤਕ ਕੈਂਪ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਪਹੁੰਚ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ ਤੇ ਮੌਕੇ ਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਡੀ ਸਰਕਾਰ ਆਮ ਲੋਕਾਂ ਦੀ ਸਰਕਾਰ ਹੈ ਤੇ ਅਸੀਂ ਲੋਕਾਂ ਦੇ ਕੰਮ ਕਰਨ ਲਈ ਪਾਬੰਦ ਹਾਂ। ਉਨ੍ਹਾਂ ਕਿਹਾ ਕਿ ਆਮ ਆਦਮੀ ਦੀ ਸਰਕਾਰ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਾਰਟੀਬਾਜੀ ਤੋਂ ਉਪਰ ਉਠ ਕੇ ਸਰਕਾਰ ਦੇ ਨੁਮਾਇੰਦੇ ਤੇ ਸਾਰੇ ਅਧਿਕਾਰੀ ਰਲ ਮਿਲ ਕੇ ਕੰਮ ਕਰਨਗੇ ਤੇ ਪਿੰਡ ਵਾਸੀਆਂ ਦੇ ਮਸਲੇ ਹਲ ਕੀਤੇ ਜਾਣਗੇ।
ਕੈਂਪ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੰਦੀਪ ਕੁਮਾਰ ਨੇ ਕਿਹਾ ਕਿ ਕੈਂਪ ਲਗਾਉਣ ਦਾ ਮਕਸਦ ਵੱਖ-ਵੱਖ ਵਿਭਾਗੀ ਅਧਿਕਾਰੀ ਇਕ ਥਾਂ ਬੈਠ ਕੇ ਲੋਕਾਂ ਦੀਆਂ ਸਮੱਸਿਆਵਾਂ ਦੇ ਮਸਲੇ ਸੁਲਝਾਉਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ਹਿਰ ਵਿਖੇ ਦਫਤਰਾਂ ਵਿਚ ਆਉਣ ਦੀ ਖਜਲ-ਖੁਆਰੀ ਤੋਂ ਨਿਜਾਤ ਦਿਵਾਉਂਦਿਆਂ ਉਨ੍ਹਾਂ ਦੇ ਘਰਾਂ ਕੋਲ ਕੈਂਪ ਲਗਾ ਕੇ ਸਰਕਾਰ ਦੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਦਾ ਲਾਹਾ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਪਿੰਡ ਆਵਾ ਵਿਖੇ ਲਗਏ ਕੈਂਪ ਦੌਰਾਨ ਸਰਕਾਰੀ ਪ੍ਰਾਇਮਰੀ ਸਕੂਲ ਦੀ ਚਾਰ ਦੀਵਾਰੀ ਦਾ ਕੰਮ ਤੇ ਕਿਚਨ ਸ਼ੈਡ ਬਣਵਾਉਣ, ਪਿੰਡ ਦੀ ਜਿੰਮ ਦੀ ਬਿਲਡਿੰਗ ਦਾ ਨਵੀਨੀਕਰਨ ਕਰਵਾਉਣ, ਰਾਸ਼ਨ ਕਾਰਡ ਬਣਾਉਣ, ਕਚੇ ਮਕਾਨਾਂ ਨੂੰ ਪੱਕੇ ਕਰਨ, ਯੋਗ ਵਿਅਕਤੀਆਂ ਦੇ ਪਖਾਣੇ ਬਣਾਉਣ ਨਾਲ ਸਬੰਧਤ ਦਰਖਾਸਤਾਂ ਪ੍ਰਾਪਤ ਹੋਣ ਤੇ ਮੌਕੇ ਤੇ ਅਧਿਕਾਰੀਆਂ ਵੱਲੋਂ ਲੋੜੀਂਦੇ ਆਦੇਸ਼ ਦਿੱਤੇ ਗਏ।
ਇਸ ਮੌਕੇ ਤਹਿਸੀਲਦਾਰ ਸੁਖਦੇਵ ਕੁਮਾਰ, ਬੀ.ਡੀ.ਪੀ.ਓ ਕਵਲਜੀਤ ਸਿੰਘ, ਵਣ ਵਿਭਾਗ ਤੋਂ ਨਿਸ਼ਾਨ ਸਿੰਘ ਤੇ ਹੋਰ ਪਤਵੰਤੇ ਸਜਨ ਮੌਜੂਦ ਸਨ।