ਤੰਬਾਕੂ ਸਾਡੇ ਸਰੀਰ ਦੀ ਇਮਿਊਨਿਟੀ ਘਟਾਉਂਦਾ ਹੈ ਤੇ ਇੰਸਾਨ ਨੂੰ ਲੈ ਜਾਂਦਾ ਮੌਤ ਵੱਲ : ਡਾ. ਬਬਿਤਾ
“ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ” ਥੀਮ ਤਹਿਤ ਕੀਤਾ ਵਿਸ਼ਵ ਨੋ ਤੰਬਾਕੂ ਦਿਵਸ ਦਾ ਪੋਸਟਰ ਜਾਰੀ
ਫਾਜ਼ਿਲਕਾ 31 ਮਈ
31 ਮਈ ਨੂੰ ਦੁਨੀਆ ’ਚ ਹਰ ਸਾਲ ‘ਵਿਸ਼ਵ ਤੰਬਾਕੂਨੋਸ਼ੀ ਨਹੀਂ ਦਿਵਸ’ ਮਨਾਇਆ ਜਾਂਦਾ ਹੈ। ਸਾਲ 1987 ’ਚ ‘ਵਿਸ਼ਵ ਸਿਹਤ ਸੰਗਠਨ’ ਦੇ ਮੈਂਬਰ ਦੇਸ਼ਾਂ ਨੇ ਤੰਬਾਕੂ ਦੀ ਮਹਾਮਾਰੀ ਤੇ ਇਸ ਤੋਂ ਹੋਣ ਵਾਲੀਆਂ ਮੌਤਾਂ ਤੇ ਲੱਗਣ ਵਾਲੀਆਂ ਬੀਮਾਰੀਆਂ ਵੱਲ ਪੂਰੀ ਦੁਨੀਆ ਦਾ ਧਿਆਨ ਖਿੱਚਣ ਲਈ ਬਣਾਇਆ ਸੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਹਾਇਕ ਸਿਵਲ ਸਰਜਨ (ਵਾਧੂ ਚਾਰਜ ਸਿਵਲ ਸਰਜਨ) ਡਾ. ਬਬਿਤਾ ਨੇ ਸਿਵਲ ਸਰਜਨ ਦਫ਼ਤਰ ਵਿਖੇ ਵਿਸ਼ਵ ਨੋ ਤੰਬਾਕੂ ਦਿਵਸ ਮੌਕੇ ਪੋਸਟਰ ਜਾਰੀ ਕਰਦਿਆਂ ਕੀਤਾ।
ਜਾਣਕਾਰੀ ਦਿੰਦਿਆਂ ਡਾ. ਬਬਿਤਾ ਨੇ ਦੱਸਿਆ ਕਿ ਵਿਸ਼ਵ ਸਿਹਤ ਸੰਗਠਨ ਅਨੁਸਾਰ ਕੋਵਿਡ-19 ਮਹਾਮਾਰੀ ਕਾਰਨ ਤੰਬਾਕੂ ਵਰਤਣ ਵਾਲੇ ਲੱਖਾਂ ਲੋਕਾਂ ਨੇ ਤੰਬਾਕੂਨੋਸ਼ੀ ਛੱਡਣ ਦੀ ਇੱਛਾ ਪ੍ਰਗਟਾਈ ਹੈ। ਇਸ ਵਾਰ ਵਿਸ਼ਵ ਸਿਹਤ ਸੰਗਠਨ ਨੇ ਇਹ ਦਿਵਸ ਮਨਾਉਣ ਲਈ ‘ਕਮਿਟ ਟੂ ਕੁਇਟ’ ਦੇ ਨਾਅਰੇ ਨਾਲ ਇੱਕ ਵਿਸ਼ਵ ਪੱਧਰੀ ਮੁਹਿੰਮ ਸ਼ੁਰੂ ਕੀਤੀ ਹੈ।
ਉਨ੍ਹਾਂ ਕਿਹਾ ਕਿ ਸਾਲ 2023 ਲਈ ਇਸ ਦਿਨ ਦਾ ਥੀਮ “ਸਾਨੂੰ ਭੋਜਨ ਦੀ ਲੋੜ ਹੈ, ਤੰਬਾਕੂ ਦੀ ਨਹੀਂ” ਹੈ। ਉਨ੍ਹਾਂ ਅੱਗੇ ਦੱਸਿਆ ਕਿ ਦੱਸਿਆ ਕਿ ਤੰਬਾਕੂਨੋਸ਼ਾਂ ਨੂੰ ਦਿਲ ਦਾ ਰੋਗ, ਸਟ੍ਰੋਕ, ਕੈਂਸਰ, ਫੇਫੜਿਆਂ ਦੀ ਪੁਰਾਣੀ ਬੀਮਾਰੀ ਤੇ ਸ਼ੂਗਰ ਰੋਗਾਂ ਤੋਂ ਪੀੜਤ ਹੋਣ ਦੀ ਜ਼ਿਆਦਾ ਸੰਭਾਵਨਾ ਬਣੀ ਰਹਿੰਦੀ ਹੈ। ਤੰਬਾਕੂਨੋਸ਼ੀ ਨਾਲ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ (ਇਮਿਊਨਿਟੀ) ਵੀ ਕਮਜ਼ੋਰ ਹੁੰਦੀ ਹੈ, ਜੋ ਕੋਵਿਡ-19 ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦੀ ਹੈ।
ਇਸ ਮੌਕੇ ਜਿਲ੍ਹਾ ਅਟਾਰਨੀ ਸੁਖਪਾਲ ਸਿੰਘ ਗਿੱਲ, ਡੀਐਫਪੀਓ ਡਾ. ਕਵਿਤਾ, ਮਾਸ ਮੀਡੀਆ ਵਿੰਗ ਤੋਂ ਹਰਮੀਤ ਸਿੰਘ, ਦੀਵੇਸ਼ ਕੁਮਾਰ ਆਦਿ ਸਮੇਤ ਹੋਰ ਪਤਵੰਤੇ ਹਾਜਰ ਸਨ।