ਪੀ.ਏ.ਯੂ. ਨੇ ਸਰ੍ਹੋਂ ਦੀਆਂ ਕਿਸਮਾਂ ਦੇ ਪਸਾਰ ਲਈ ਡੀ ਸੀ ਐੱਮ ਸ਼੍ਰੀਰਾਮ ਲਿਮਿਟਡ ਨਾਲ ਸਮਝੌਤਾ ਕੀਤਾ

ਸਰ੍ਹੋਂ ਦੀ ਹਾਈਬ੍ਰਿਡ ਕਿਸਮ ਪੀ ਐੱਚ ਆਰ 127 ਅਤੇ ਇਕ ਹੋਰ ਸਰ੍ਹੋਂ ਦੀ ਕਿਸਮ ਪੀ ਸੀ-6 ਦੇ ਵਪਾਰੀਕਰਨ ਲਈ ਪੀ.ਏ.ਯੂ. ਨੇ ਡੀ ਸੀ ਐੱਮ ਸ਼੍ਰੀਰਾਮ ਲਿਮਿਟਡ ਨਾਲ ਇਕ ਸਮਝੌਤੇ ਉੱਪਰ ਦਸਤਖਤ ਕੀਤੇ| ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ. ਅਜਮੇਰ ਸਿੰਘ ਢੱਟ ਅਤੇ ਸੰਬੰਧਿਤ ਕੰਪਨੀ ਵੱਲੋਂ ਡਾ. ਗੁਰਦੇਵ ਸਿੰਘ ਨੇ ਇਸ ਸਮਝੌਤੇ ਦੀਆਂ ਸ਼ਰਤਾਂ ਉੱਪਰ ਦਸਤਖਤ ਕੀਤੇ| ਇਸ ਮੌਕੇ ਤਕਨਾਲੋਜੀ ਵਪਾਰੀਕਰਨ ਸੈੱਲ ਦੇ ਸਹਿਯੋਗੀ ਨਿਰਦੇਸ਼ਕ ਡਾ. ਖੁਸ਼ਦੀਪ ਧਰਨੀ, ਖੋਜ ਸੰਬੰਧੀ ਸਹਿਯੋਗੀ ਨਿਰਦੇਸ਼ਕ ਡਾ. ਗੌਰਵ ਤੱਗੜ ਮੌਜੂਦ ਰਹੇ| ਡਾ. ਅਜਮੇਰ ਸਿੰਘ ਢੱਟ ਨੇ ਤੇਲਬੀਜ ਸੈਕਸ਼ਨ ਦੇ
ਇੰਚਾਰਜ ਡਾ. ਗੁਰਪ੍ਰੀਤ ਕੌਰ ਅਤੇ ਤੇਲਬੀਜ ਵਿਗਿਆਨੀ ਡਾ. ਛਾਇਆ ਅਤਰੀ ਸਮੇਤ ਸਮੁੱਚੀ ਟੀਮ ਨੂੰ ਇਹਨਾਂ ਕਿਸਮਾਂ ਦੇ ਵਿਕਾਸ ਅਤੇ ਵਪਾਰੀਕਰਨ ਲਈ ਵਧਾਈ ਦਿੱਤੀ|
ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੀ ਐੱਚ ਆਰ-127 ਦਰਮਿਆਨੇ ਵਾਧੇ ਵਾਲੀ ਸਰ੍ਹੋਂ ਦੀ ਹਾਈਬ੍ਰਿਡ ਕਿਸਮ ਹੈ ਜੋ 2024 ਵਿਚ ਕਾਸ਼ਤ ਵਾਸਤੇ ਪੰਜਾਬ ਵਿਚ ਜਾਰੀ ਕੀਤੀ ਗਈ ਸੀ| ਸਮੇਂ ਸਿਰ ਬਿਜਾਈ ਲਈ ਢੁੱਕਵੀਂ ਇਹ ਕਿਸਮ ਸਿੰਚਾਈ ਦੀਆਂ ਯੋਗ ਸਥਿਤੀਆਂ ਦੇ ਮੱਦੇਨਜ਼ਰ ਵਧੇਰੇ ਝਾੜ ਦੇਣ ਦੀ ਸਮਰਥਾ ਰੱਖਦੀ ਹੈ| ਆਦਰਸ਼ ਸਥਿਤੀਆਂ ਵਿਚ ਇਸ ਕਿਸਮ ਦਾ ਝਾੜ 9.5 ਕੁਇੰਟਲ ਪ੍ਰਤੀ ਏਕੜ ਤੱਕ ਆ ਸਕਦਾ ਹੈ| ਇਸ ਵਿਚ ਤੇਲ ਦੀ ਮਾਤਰਾ 39.3 ਪ੍ਰਤੀਸ਼ਤ ਹੁੰਦੀ ਹੈ| 140 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਇਹ ਕਿਸਮ ਫਸਲ ਤਬਦੀਲੀ ਪੱਖੋਂ ਬੜੀ ਸਾਜ਼ਗਾਰ ਹੈ|
ਇਸਦੇ ਨਾਲ ਹੀ ਉਹਨਾਂ ਦੱਸਿਆ ਕਿ ਪੀ ਸੀ-6 ਆਇਲ ਸੀਡ ਬਰੈਸਿਕਾ ਦੀ ਪਹਿਲੀ ਨਿਰਧਾਰਤ ਕਿਸਮ ਹੈ| ਸਾਂਝੀ ਕਾਸ਼ਤ ਲਈ ਬੜੀ ਢੁੱਕਵੀਂ ਇਹ ਕਿਸਮ ਦਰਮਿਆਨੇ ਵਾਧੇ ਵਾਲੀ ਹੈ ਅਤੇ ਇਸ ਵਿਚ ਚਿੱਟੀ ਕੁੰਗੀ, ਸਰ੍ਹੋਂ ਦਾ ਤੇਲਾ ਅਤੇ ਝੁਲਸ ਰੋਗ ਦਾ ਸਾਹਮਣਾ ਕਰਨ ਦੀ ਸਮਰਥਾ ਹੈ| ਇਹ ਰਾਜ ਵਿਚ ਆਮ ਕਾਸ਼ਤ ਲਈ ਸੇਂਜੂ ਹਾਲਤਾਂ ਵਿਚ ਬਿਜਾਈ ਵਾਸਤੇ ਸਿਫਾਰਸ਼ ਕੀਤੀ ਜਾਂਦੀ ਹੈ| ਇਸਦਾ ਔਸਤ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ ਅਤੇ 157 ਦਿਨਾਂ ਵਿਚ ਪੱਕਣ ਵਾਲੀ ਇਹ ਕਿਸਮ 40.1 ਪ੍ਰਤੀਸ਼ਤ ਤੇਲ ਦੀ ਮਿਕਦਾਰ ਰੱਖਦੀ ਹੈ| ਡਾ. ਖੁਸ਼ਦੀਪ ਧਰਨੀ ਨੇ ਤਕਨਾਲੋਜੀ ਵਪਾਰੀਕਰਨ ਸੈੱਲ ਵੱਲੋਂ ਪੀ.ਏ.ਯੂ. ਦੀਆਂ ਵਪਾਰੀਕਰਨ ਨੀਤੀਆਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ|

CATEGORIES
TAGS
Share This

COMMENTS

Wordpress (0)
Disqus ( )
Translate