ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਵੱਲੋਂ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦੀ ਸੜਕ ਦੇ ਨਵ ਨਿਰਮਾਣ ਦੀ ਸ਼ੁਰੂਆਤ
ਭਗਵੰਤ ਮਾਨ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਸੂਬੇ ਦਾ ਮਿਸਾਲੀ ਵਿਕਾਸ: ਅਨਮੋਲ ਗਗਨ ਮਾਨ
27 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਇਸ ਸੜ੍ਹਕ ਨਾਲ ਪੰਜਾਬ ਵਿੱਚ ਵਪਾਰਕ ਗਤੀਵਿਧੀਆਂ ਨੂੰ ਮਿਲੇਗਾ ਹੁੰਗਾਰਾ
ਐੱਸ.ਏ.ਐੱਸ. ਨਗਰ, 28 ਅਗਸਤ
ਕਿਸੇ ਵੀ ਦੇਸ਼ ਜਾਂ ਸੂਬੇ ਦੀ ਤਰੱਕੀ ਵਿੱਚ ਵਿਕਸਿਤ ਸੜਕੀ ਢਾਂਚੇ ਦਾ ਅਹਿਮ ਯੋਗਦਾਨ ਹੁੰਦਾ ਹੈ। ਇਸ ਦੇ ਮੱਦੇਨਜ਼ਰ ਹੀ ਪੰਜਾਬ ਸਰਕਾਰ ਵੱਲੋਂ ਸੜਕਾਂ ਦੇ ਨਿਰਮਾਣ ਵੱਲ ਉਚੇਚਾ ਧਿਆਨ ਦਿੱਤਾ ਜਾ ਰਿਹਾ ਹੈ। ਇਹਨਾਂ ਨਿਰਮਾਣ ਕਾਰਜਾਂ ਦੀ ਲੜੀ ਤਹਿਤ ਹੀ ਹਿਮਾਚਲ ਪ੍ਰਦੇਸ਼ ਨੂੰ ਪੰਜਾਬ ਨਾਲ ਜੋੜਨ ਵਾਲੀ ਮਾਜਰੀਘਾਟ ਤੋਂ ਮਾਜਰਾ ਟੀ-ਪੁਆਇੰਟ (ਕੁਰਾਲੀ- ਸਿਸਵਾਂ ਰੋਡ) ਵਾਇਆ ਪੁਰਖਾਲੀ -ਹਰੀਪੁਰ-ਮੀਆਂਪੁਰ ਚਾਂਗਰ-ਅਭੀਪੁਰ- ਪੱਲਣਪੁਰ ਸੜਕ ਨੂੰ ਕਰੀਬ 27 ਕਰੋੜ ਰੁਪਏ ਦੀ ਲਾਗਤ ਨਾਲ ਚੌੜਾ ਕਰ ਕੇ ਨਵ ਨਿਰਮਾਣ ਕਰਨ ਦੇ ਕੰਮ ਦਾ ਉਦਘਾਟਨ ਕੈਬਨਿਟ ਮੰਤਰੀ ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਪਿੰਡ ਅਭੀਪੁਰ ਵਿਖੇ ਕੀਤਾ। ਇਹ ਸੜਕ ਅੱਗੇ ਹਿਮਾਚਲ ਪ੍ਰਦੇਸ਼ ਦੇ ਲਖਨਪੁਰ- ਝੀਰਣ-ਮਝੌਲੀ ਨਾਲ ਜੁੜੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਸੜਕ ਦੇ ਨਿਰਮਾਣ ਨਾਲ ਜਿੱਥੇ ਆਵਾਜਾਈ ਸਬੰਧੀ ਦਿੱਕਤਾਂ ਦੂਰ ਹੋਣਗੀਆਂ, ਉੱਥੇ ਪੰਜਾਬ ਵਿੱਚ ਵਪਾਰਕ ਗਤੀਵਿਧੀਆਂ ਵਿੱਚ ਵੀ ਵਾਧਾ ਹੋਵੇਗਾ। ਇਸ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਘੱਟ ਭੀੜ੍ਹ ਵਾਲੇ ਖੇਤਰਾਂ ਵਿੱਚ ਜਾਣ ਦੇ ਚਾਹਵਾਨਾਂ ਦੀਆਂ ਦਿੱਕਤਾਂ ਵੀ ਦੂਰ ਹੋਣਗੀਆਂ।
ਸ਼੍ਰੀਮਤੀ ਅਨਮੋਲ ਗਗਨ ਮਾਨ ਨੇ ਦੱਸਿਆ ਕਿ ਮਝੌਲੀ-ਚੰਡੀਗੜ੍ਹ ਰੋਡ ਵਾਇਆ ਸਿਸਵਾਂ ਇਕ ਮਹੱਤਵਪੂਰਨ ਸੜਕ ਬਣਦੀ ਹੈ, ਜਿਸ ਦੀ ਲੰਬਾਈ 21.50 ਕਿਲੋਮੀਟਰ ਹੈ, ਜੋ ਕਿ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਨੂੰ ਆਪਸ ਵਿੱਚ ਜੋੜਦੀ ਹੈ। ਹਿਮਾਚਲ ਪ੍ਰਦੇਸ਼ ਦੇ ਹਿੱਸੇ ਵਿੱਚ ਬਹੁਤ ਜ਼ਿਆਦਾ ਫੈਕਟਰੀਆਂ ਲੱਗੀਆਂ ਹੋਈਆਂ ਹਨ। ਇਨ੍ਹਾਂ ਫੈਕਟਰੀਆਂ ਵਿੱਚੋਂ ਜੋ ਮਾਲ ਬਣਦਾ ਹੈ, ਉਸ ਨੂੰ ਚੰਡੀਗੜ੍ਹ ਸਾਈਡ ਆਉਣ ਜਾਣ ਲਈ ਵਾਇਆ ਰੋਪੜ ਆਉਣਾ-ਜਾਣਾ ਪੈਂਦਾ ਹੈ। ਮਾਜਰੀਘਾਟ ਤੋਂ ਮਾਜਰਾ ਟੀ-ਪੁਆਇੰਟ (ਕੁਰਾਲੀ- ਸਿਸਵਾਂ ਰੋਡ) ਵਾਇਆ ਪੁਰਖਾਲੀ -ਹਰੀਪੁਰ-ਮੀਆਂਪੁਰ ਚਾਂਗਰ-ਅਭੀਪੁਰ- ਪੱਲਣਪੁਰ ਸੜਕ ਦੇ ਨਵ ਨਿਰਮਾਣ ਨਾਲ ਆਮ ਲੋਕਾਂ ਤੇ ਵਪਾਰੀ ਵਰਗ ਨੂੰ ਆਵਾਜਾਈ ਸਬੰਧੀ ਬਹੁਤ ਸੌਖ ਹੋ ਜਾਵੇਗੀ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਕੇ ਕੰਮ ਕਰ ਰਹੀ ਹੈ ਤੇ ਪੰਜਾਬ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਤਾਂ ਪਿੰਡਾਂ ਦੀਆਂ ਸੜਕਾਂ ਦੀ ਕਾਇਆ ਕਲਪ ਬਹੁਤ ਪਹਿਲਾਂ ਹੀ ਕਰ ਦੇਣੀ ਸੀ ਪਰ ਕੇਂਦਰ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਸਬੰਧੀ ਫੰਡ ਰੋਕ ਕੇ ਪੰਜਾਬ ਦੇ ਵਿਕਾਸ ਵਿੱਚ ਅੜਿੱਕਾ ਲਾਇਆ ਗਿਆ ਹੈ। ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਅਪਣੀ ਮਿਹਨਤ ਤੇ ਇਮਾਨਦਾਰੀ ਨਾਲ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਲੜੀ ਟੁੱਟਣ ਨਹੀਂ ਦਿੱਤੀ।
ਇਸ ਮੌਕੇ ਐਸ.ਡੀ.ਐਮ. ਖਰੜ ਸ. ਗੁਰਮੰਦਰ ਸਿੰਘ, ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਸ. ਸ਼ਿਵਪ੍ਰੀਤ ਸਿੰਘ ਸਮੇਤ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀ ਤੇ ਪਤਵੰਤੇ ਹਾਜ਼ਰ ਸਨ।