ਪੁਲਿਸ ਅਬਜ਼ਰਵਰ ਸ਼ਾਇਨੀ ਐੱਸ., ਖ਼ਰਚਾ ਅਬਜ਼ਰਵਰ ਸ਼੍ਰੀ ਮਨਜ਼ਰੁਲ ਹਸਨ ਅਤੇ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਤਰਨ ਤਾਰਨ ਉਪ ਚੋਣ ਲੜ ਰਹੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ

ਸਾਰੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ

ਸਾਰੇ ਉਮੀਦਵਾਰ ਚੋਣ ਪ੍ਰਚਾਰ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਨੂੰ ਯਕੀਨੀ ਬਣਾਉਣ – ਜ਼ਿਲ੍ਹਾ ਚੋਣ ਅਧਿਕਾਰੀ

ਤਰਨ ਤਾਰਨ, 25 ਅਕਤੂਬਰ

– ਵਿਧਾਨ ਸਭਾ ਹਲਕਾ 021-ਤਰਨ ਤਾਰਨ ਦੀ ਉਪ ਚੋਣ ਸਬੰਧੀ ਮਾਣਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੀਤੇ ਗਏ ਪੁਲਿਸ ਅਬਜ਼ਰਵਰ ਸ੍ਰੀਮਤੀ ਸ਼ਾਇਨੀ ਐੱਸ., ਆਈ.ਪੀ.ਐੱਸ. ਤੇ ਖ਼ਰਚਾ ਅਬਜ਼ਰਵਰ ਸ਼੍ਰੀ ਮਨਜ਼ਰੁਲ ਹਸਨ, ਆਈ.ਆਰ.ਏ.ਐੱਸ. ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਮਨੀ ਚੋਣ ਲੜ ਰਹੇ ਵੱਖ-ਵੱਖ ਉਮੀਦਵਾਰਾਂ ਅਤੇ ਉਨ੍ਹਾਂ ਦੇ ਇਲੈਕਸ਼ਨ ਏਜੰਟਾਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ, ਆਈ.ਏ.ਐੱਸ., ਰਿਟਰਨਿੰਗ ਅਫ਼ਸਰ ਸ੍ਰੀ ਗੁਰਮੀਤ ਸਿੰਘ, ਸਹਾਇਕ ਕਮਿਸ਼ਨਰ ਸ. ਕਰਨਵੀਰ ਸਿੰਘ, ਉੱਪ ਅਰਥ ਤੇ ਅੰਕੜਾ ਸਲਾਹਕਾਰ ਅਤੇ ਖਰਚਾ ਸੈੱਲ ਦੇ ਨੋਡਲ ਅਫ਼ਸਰ ਡਾ. ਅਮਨਦੀਪ ਸਿੰਘ, ਚੋਣ ਤਹਿਸੀਲਦਾਰ ਅਰਮਿੰਦਰਪਾਲ ਸਿੰਘ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।  

ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਨੂੰ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਨਾਲ ਹੀ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਉਹ ਚੋਣਾਂ ਦੌਰਾਨ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕਰਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਦੀ ਉਪ ਚੋਣ ਦੌਰਾਨ ਉਮੀਦਵਾਰਾਂ ਦੇ ਚੋਣ ਖ਼ਰਚੇ ਦੀ ਹੱਦ 40 ਲੱਖ ਰੁਪਏ ਤੱਕ ਮਿੱਥੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਉਮੀਦਵਾਰਾਂ ਵੱਲੋਂ ਆਪਣੇ ਚੋਣ ਖ਼ਰਚੇ ਦਾ ਹਿਸਾਬ ਰੱਖਿਆ ਜਾਵੇਗਾ ਅਤੇ ਉਮੀਦਵਾਰ ਚੋਣ ਖਰਚੇ ਨੂੰ ਰੋਜ਼ਾਨਾਂ ਆਪਣੇ ਖ਼ਰਚਾ ਰਜਿਸਟਰ ਵਿੱਚ ਦਰਜ ਕਰਨਗੇ। ਉਨ੍ਹਾਂ ਕਿਹਾ ਕਿ ਹਰ ਉਮੀਦਵਾਰ ਵੱਲੋਂ ਚੋਣ ਖਰਚਿਆਂ ਲਈ ਖੁਦ ਜਾਂ ਆਪਣੇ ਚੋਣ ਏਜੰਟ ਨਾਲ ਸਾਂਝਾ ਬੈਂਕ ਖਾਤਾ ਖੋਲ੍ਹਿਆ ਜਾਵੇਗਾ ਅਤੇ ਸਾਰਾ ਚੋਣ ਖਰਚਾ ਇਸ ਬੈਂਕ ਖਾਤੇ ਰਾਹੀਂ ਹੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਤਰਾਂ ਦੀਆਂ ਅਦਾਇਗੀਆਂ ਕੇਵਲ ਪੇਈਜ਼ ਅਕਾਂਊਟ ਚੈਕ ਜਾਂ ਆਰ.ਟੀ. ਜੀ.ਐਸ ਆਦਿ ਰਾਹੀਂ ਹੀ ਕੀਤੀਆਂ ਜਾਣ। ਪੂਰੀ ਚੋਣ ਵਿਚ 10000 ਰੁਪਏ ਤੋਂ ਵੱਧ ਕਿਸੇ ਇਕ ਵਿਅਕਤੀ ਨੂੰ ਕੈਸ਼ ਅਦਾਇਗੀ ਨਹੀ ਕੀਤੀ ਜਾ ਸਕਦੀ। ਇਸੇ ਤਰਾਂ ਡੋਨੇਸ਼ਨ ਪ੍ਰਾਪਤੀਆਂ ਵੀ ਬੈਂਕ ਵਿਚ ਜਮਾਂ ਕਰਵਾਈਆਂ ਜਾਣ ਅਤੇ ਕਿਸੇ ਵਿਅਕਤੀ ਵਲੋਂ ਚੈਕ ਰਾਹੀਂ ਹੀ ਡੋਨੇਸ਼ਨ ਪ੍ਰਾਪਤ ਕਰਨ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦਾਨ ਦੇਣ ਵਲੇ ਵਿਅਕਤੀਆਂ ਦਾ ਮੁਕੰਮਲ ਵੇਰਵਾ (ਅਧਾਰ ਨੰਬਰ, ਪੈਨ ਨੰਬਰ, ਪਤਾ, ਫੋਨ ਨੰਬਰ ਆਦਿ) ਜਮਾ ਕਰਵਾਇਆ ਜਾਵੇ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਉਮੀਦਵਾਰ ਵਲੋਂ ਬਿਨਾ ਪਰਮਿਸ਼ਨ ਲਏ ਕੋਈ ਰੈਲੀ, ਰੋਡ ਸ਼ੋਅ ਜਾਂ ਕੋਈ ਹੋਰ ਰਾਜਨੀਤਿਕ ਗਤੀਵਿਧੀ ਨਹੀ ਕੀਤੀ ਜਾਵੇਗੀ। ਬਿਨ੍ਹਾਂ ਪ੍ਰਵਾਨਗੀ ਕੋਈ ਵੀ ਵਾਹਨ ਚੋਣ ਪ੍ਰਚਾਰ ਨਹੀ ਕਰ ਸਕਦਾ। ਇਸ ਲਈ ਗੱਡੀਆਂ ਦੀ ਅਗਾਊਂ ਪਰਮੀਸ਼ਨ ਲਈ ਜਾਵੇ ਤੇ ਉਸ ਦੀ ਕਾਪੀ ਗੱਡੀ ਦੇ ਸ਼ੀਸ਼ੇ `ਤੇ ਚਿਪਕਾਈ ਜਾਵੇ।

ਉਨ੍ਹਾਂ ਦੱਸਿਆ ਕਿ ਪੋਸਟਰ, ਬੈਨਰ, ਆਦਿ ਦੀ ਛਪਾਈ ਸਮੇਂ ਆਦਰਸ਼ ਚੋਣ ਜ਼ਾਬਤੇ ਦੀ ਪਾਲਣਾ ਅਤੇ ਰੂਲ 127 ਦੀ ਪਾਲਣਾ ਯਕੀਣੀ ਬਨਾਈ ਜਾਵੇ। ਕੋਈ ਵੀ ਵਿਅਕਤੀ ਜੇਕਰ ਪੋਸਟਰ, ਬੈਨਰ, ਆਦਿ ਦੀ ਛਪਾਈ ਲਈ ਜਾਂਦਾ ਹੈ ਤਾਂ ਉਸ ਨੂੰ 2 ਵਿਅਕਤੀਆਂ ਦੀ ਪਹਿਚਾਣ ਸਮੇਤ ਅੰਤਕਾ 1 ਅਤੇ 2 ਤਹਿਤ ਪ੍ਰਿੰਟਿੰਗ ਪ੍ਰੈਸ ਮਾਲਕ ਨੂੰ ਜਾਣਕਾਰੀ ਦੇਣੀ ਲਾਜਮੀ ਹੈ। ਇਹ ਯਕੀਨੀ ਬਣਾਇਆ ਜਾਵੇ ਕਿ ਹਰ ਪੋਸਟਰ ਆਦਿ `ਤੇ ਛਪਵਾਉਣ ਵਾਲੇ ਦਾ ਨਾਮ, ਪ੍ਰਿੰਟਿੰਗ ਪ੍ਰੈਸ ਦਾ ਨਾਮ, ਗਿਣਤੀ, ਮਿਤੀ ਆਦਿ ਦਾ ਵੇਰਵਾ ਦੇਣਾ ਲਾਜ਼ਮੀ ਹੈ ਅਤੇ ਇਸ ਦਾ ਬਿੱਲ ਅਤੇ 3-4 ਸੈਂਪਲ ਜ਼ਿਲ੍ਹਾ ਮੈਜਿਸਟਰੇਟ, ਤਰਨ ਤਾਰਨ ਦੇ ਦਫ਼ਤਰ ਵਿਖੇ ਛਪਾਈ ਤੋਂ 3 ਦਿਨਾਂ ਦੇ ਅੰਦਰ-ਅੰਦਰ ਭੇਜਣੇ ਜ਼ਰੂਰੀ ਹਨ।

ਉਨ੍ਹਾਂ ਕਿਹਾ ਕਿ ਵੋਟਾਂ ਵਾਲੇ ਦਿਨ ਪੋਲਿੰਗ ਸਟੇਸ਼ਨ ਦੇ ਬਾਹਰ ਉਮੀਦਵਾਰਾਂ ਵਲੋਂ ਲਗਾਏ ਜਾਣ ਵਾਲੇ ਬੂਥਾਂ ਦਾ ਖਰਚਾ ਅਤੇ ਪੋਲਿੰਗ ਏਜੰਟ ਦਾ ਨੋਸ਼ਨਲ ਖਰਚਾ ਵੀ ਉਮੀਦਵਾਰ ਦੇ ਖਾਤੇ ਵਿਚ ਜੌੜਿਆ ਜਾਵੇਗਾ।ਇਸੇ ਤਰਾਂ ਕਾਊਟਿੰਗ ਏਜੰਟ ਦਾ ਖਰਚਾ ਵੀ ਜੋੜਿਆ ਜਾਵੇਗਾ।

ਜ਼ਿਲ੍ਹਾਂ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਦੱਸਿਆ ਕਿ ਚੋਣ ਪ੍ਰਚਾਰ ਦੇ ਸਮੇਂ ਦੌਰਾਨ ਖਰਚਾ ਅਬਜ਼ਰਵਰ ਵੱਲੋਂ ਉਮੀਦਵਾਰਾਂ ਦੇ ਚੋਣ ਖਰਚਾ ਰਜਿਸਟਰਾਂ ਦੀ 3 ਵਾਰ ਪੜਤਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਪੜਤਾਲ ਮਿਤੀ 27 ਅਕਤੂਬਰ ਨੂੰ ਹੋਵੇਗੀ ਜਦਕਿ ਦੂਜੀ ਪੜਤਾਲ 3 ਨਵੰਬਰ ਅਤੇ ਤੀਸਰੀ ਪੜਤਾਲ 9 ਨਵੰਬਰ ਨੂੰ ਹੋਵੇਗੀ। ਉਨ੍ਹਾਂ ਕਿਹਾ ਕਿ ਚੋਣਾਂ ਦਾ ਨਤੀਜਾ ਆਉਣ ਤੋਂ 30 ਦਿਨ ਦੇ ਅੰਦਰ-ਅੰਦਰ ਸਾਰੇ ਉਮੀਦਵਾਰਾਂ ਵਲੋਂ ਆਪਣੇ ਕੈਂਡੀਡੇਟ ਰਜਿਸਟਰ, ਸਮੇਤ ਤਸਦੀਕ ਸ਼ੁਦਾ ਬਿੱਲ ਵੋਚਰ, ਬੈਂਕ ਸਟੇਟਮੈਂਟ, ਅਬਸਟਰੈਕਟ ਸਟੇਟਮੈਂਟ, ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਨੂੰ ਜਮ੍ਹਾਂ ਕਰਵਾਉਣੇ ਲਾਜ਼ਮੀ ਹਨ।

ਜ਼ਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਸੋਸ਼ਲ ਮੀਡੀਆ, ਇਲੈੱਕਟਰਾਨਿਕ ਮੀਡੀਆ ਵਿਚ ਕੋਈ ਰਾਜਨੀਤਿਕ ਇਸ਼ਤਿਹਾਰ ਚਲਵਾਉਣ ਤੋਂ ਪਹਿਲਾਂ ਇਸ ਦੀ ਜ਼ਿਲ੍ਹਾ ਪੱਧਰ `ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਤੋਂ ਪ੍ਰੀ- ਸਰਟੀਫਿਕੇਸ਼ਨ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਟ ਮੀਡੀਆ ਵਿੱਚ ਇਸ਼ਤਿਹਾਰਾਂ ਦੀ ਪ੍ਰੀ-ਸਰਟੀਫਿਕੇਸ਼ਨ ਜ਼ਰੂਰੀ ਨਹੀਂ ਹੈ ਪਰ ਵੋਟਾਂ ਵਾਲੇ ਦਿਨ ਅਤੇ ਉਸ ਤੋਂ ਇੱਕ ਦਿਨ ਪਹਿਲਾਂ ਪ੍ਰਿੰਟ ਮੀਡੀਆ ਵਿੱਚ ਛਪਣ ਵਾਲੇ ਸਾਰੇ ਇਸ਼ਤਿਹਾਰਾਂ ਦੀ ਪ੍ਰੀ-ਸਰਟੀਫਿਕੇਸ਼ਨ ਜ਼ਿਲ੍ਹਾ ਪੱਧਰ `ਤੇ ਗਠਿਤ ਮੀਡੀਆ ਸਰਟੀਫਿਕੇਸ਼ਨ ਐਂਡ ਮਾਨੀਟਰਿੰਗ ਕਮੇਟੀ (ਐੱਮ.ਸੀ.ਐੱਮ.ਸੀ) ਤੋਂ ਲੈਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਹਰ ਤਰ੍ਹਾਂ ਦੇ ਮੀਡੀਆ ਵਿੱਚ ਕੀਤਾ ਜਾਣ ਵਾਲਾ ਖਰਚਾ ਵੀ ਉਮੀਦਵਾਰ ਦੇ ਚੋਣ ਖਰਚੇ ਵਿੱਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਖਬਾਰਾਂ, ਸੋਸ਼ਲ ਮੀਡੀਆ ਜਾਂ ਕਿਸੇ ਵੀ ਤਰਾਂ ਦੇ ਇਲੈਕਟਰੋਨਿਕ ਮੀਡੀਆ ਵਿਚ ਕਿਸੇ ਵੀ ਤਰਾਂ ਦੇ ਸਰਵੇ ਆਦਿ ਪਬਲਿਸ਼ ਕਰਵਾਉਣ ਤੇ ਪਬੰਧੀ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਉਮੀਦਵਾਰ ਪੇਡ ਨਿਊਜ਼ ਬਿਲਕੁੱਲ ਨਾ ਲਗਵਾਏ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਉਮੀਦਵਾਰ ਨੇ ਪੇਡ ਨਿਊਜ਼ ਲਗਵਾਈ ਤਾਂ ਐੱਮ.ਸੀ.ਐੱਮ.ਸੀ. ਕਮੇਟੀ ਵੱਲੋਂ ਉਸ ਦਾ ਖ਼ਰਚਾ ਬੁੱਕ ਕਰਕੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਗਲੇਰੀ ਕਾਰਵਾਈ ਲਈ ਲਿਖਿਆ ਜਾਵੇਗਾ।  

ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਜੇਕਰ ਕਿਸੇ ਵੀ ਉਮੀਦਵਾਰ ਵਿਰੁੱਧ ਕੋਈ ਅਪਰਾਧਿਕ ਮਾਮਲਾ ਦਰਜ ਹੈ ਜਾਂ ਕੋਈ ਕੇਸ ਚੱਲ ਰਿਹਾ ਹੈ ਤਾਂ ਇਸ ਬਾਰੇ ਉਹ ਉਮੀਦਵਾਰ ਵੱਧ ਸਰਕੂਲੇਸ਼ਨ ਵਾਲੀਆਂ ਅਖਬਾਰਾਂ ਅਤੇ ਇਲੈਕਟਰੋਨਿਕ ਮੀਡੀਆ/ ਟੀ.ਵੀ. ਚੈਨਲਾਂ ਆਦਿ `ਤੇ ਚੋਣ ਪ੍ਰਚਾਰ ਦੇ ਸਮੇਂ ਦੌਰਾਨ ਤਿੰਨ ਵਾਰ ਇਸ਼ਤਿਹਾਰ ਦੇਵੇਗਾ ਜੋ ਕਿ ਉਸ ਦੇ ਚੋਣ ਖਰਚੇ ਵਿਚ ਸ਼ਾਮਲ ਹੋਵੇਗਾ। ਉਨ੍ਹਾਂ ਦੱਸਿਆ ਕਿ ਇਹ ਇਸ਼ਤਿਹਾਰ ਪਹਿਲੀ ਵਾਰ ਕਾਗਜ਼ ਵਾਪਸੀ ਦੀ ਮਿਤੀ ਤੋਂ 4 ਦਿਨਾ ਅੰਦਰ (ਮਿਤੀ 25.10.2025 ਤੋਂ 28.10.2025 ਤੱਕ), ਦੂਜੀ ਵਾਰ ਕਾਗਜ਼ ਵਾਪਸੀ ਦੀ ਮਿਤੀ ਤੋਂ 5-8 ਦਿਨਾਂ ਅੰਦਰ (ਮਿਤੀ 29.10.2025 ਤੋਂ 01.11.2025ਤੱਕ) ਅਤੇ ਤੀਸਰੀ ਵਾਰ ਕਾਗਜ਼ ਵਾਪਸੀ ਦੀ ਮਿਤੀ ਤੋਂ ਚੋਣ ਪ੍ਰਚਾਰ ਦੇ ਆਖਰੀ ਦਿਨ ਤੱਕ ਭਾਵ ਮਿਤੀ 02.11.2025 ਤੋਂ 09.11.2025 ਤੱਕ ਦੇਣਾ ਲਾਜ਼ਮੀ ਹੈ।

ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਹੁਲ ਨੇ ਸਾਰੇ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਧਰਮ, ਜਾਤ, ਵਰਗ ਦੇ ਨਾਮ ਉੱਪਰ ਵੋਟਾਂ ਨਾ ਮੰਗੀਆਂ ਜਾਣ ਅਤੇ ਕੇਵਲ ਲੋਕ ਭਲਾਈ ਅਤੇ ਵਿਕਾਸ ਦੇ ਮੁੱਦਿਆਂ ਨੂੰ ਅਧਾਰ ਬਣਾ ਕੇ ਹੀ ਚੋਣਾਂ ਲੜੀਆਂ ਜਾਣ। ਉਨ੍ਹਾਂ ਕਿਹਾ ਕਿ ਮਾਣਯੋਗ ਚੋਣ ਕਮਿਸ਼ਨ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਪ੍ਰਸ਼ਾਸਨ, ਤਰਨ ਤਾਰਨ ਦੀ ਉਪ ਚੋਣ ਨੂੰ ਪੂਰੀ ਤਰ੍ਹਾਂ ਸ਼ਾਂਤਮਈ, ਅਜ਼ਾਦ ਤੇ ਨਿਰਪੱਖਤਾ ਨਾਲ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕਿਤੇ ਚੋਣ ਜ਼ਾਬਤੇ ਦੀ ਉਲੰਘਣਾ ਦਿਖਾਏ ਦੇਵੇ ਤਾਂ ਉਹ ਚੋਣ ਕਮਿਸ਼ਨ ਦੀ ਐਪ ਸੀ-ਵਿਜ਼ਲ ਜਾਂ ਹੈਲਪ ਲਾਈਨ ਨੰਬਰ 1950, ਐੱਨ.ਜੀ.ਐੱਸ.ਪੀ. ਪੋਰਟਲ ਉਪਰ ਸ਼ਿਕਾਇਤ ਕਰ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ `ਤੇ ਸ਼ਿਕਾਇਤ ਸੈੱਲ ਦੇ ਨੰਬਰ 01852-224115 ਉੱਪਰ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਪੁਲਿਸ ਅਬਜ਼ਰਵਰ ਸ੍ਰੀਮਤੀ ਸ਼ਾਇਨੀ ਐੱਸ., ਆਈ.ਪੀ.ਐੱਸ. ਤੇ ਖ਼ਰਚਾ ਅਬਜ਼ਰਵਰ ਸ਼੍ਰੀ ਮਨਜ਼ਰੁਲ ਹਸਨ, ਆਈ.ਆਰ.ਏ.ਐੱਸ. ਨੇ ਵੀ ਚੋਣ ਲੜ੍ਹ ਰਹੇ ਉਮੀਦਵਾਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਕੋਈ ਸ਼ਿਕਾਇਤ ਹੋਵੇ ਤਾਂ ਉਹ ਜਨਰਲ ਅਬਜ਼ਰਵਰ ਸ੍ਰੀਮਤੀ ਪੁਸ਼ਪਾ ਸਤਿਆਨੀ ਦੇ ਮੋਬਾਇਲ ਨੰਬਰ 82890-01421, ਪੁਲਿਸ ਅਬਜ਼ਰਵਰ ਸ੍ਰੀਮਤੀ ਸ਼ਾਇਨੀ ਐੱਸ. ਦੇ ਮੋਬਾਇਲ ਨੰਬਰ 79733-07151 ਅਤੇ ਖ਼ਰਚਾ ਅਬਜ਼ਰਵਰ ਸ਼੍ਰੀ ਮਨਜ਼ਰੁਲ ਹਸਨ ਦੇ ਮੋਬਾਇਲ ਨੰਬਰ 96461-35123 ਉੱਪਰ ਵੀ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ ਅਬਜ਼ਰਵਰ ਸਾਹਿਬਾਨ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਦਫ਼ਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।


CATEGORIES
TAGS
Share This

COMMENTS

Wordpress (0)
Disqus ( )
Translate