ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਮਲੋਟ ਹਲਕੇ ‘ਚ 12.5 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਰੱਖੇ ਨੀਂਹ ਪੱਥਰ
ਲੋਕਾਂ ਦੀ ਸਹੂਲਤ ਲਈ ਹਲਕੇ ਦੇ ਛੇ ਵੱਖ-ਵੱਖ ਪਿੰਡਾਂ ਦੀਆਂ 83 ਕਿਲੋਮੀਟਰ ਲੰਬੀਆਂ ਸੜਕਾਂ ਦੀ ਸੁਧਾਰੀ ਜਾਵੇਗੀ ਹਾਲਤ: ਮੰਤਰੀ ਡਾ. ਬਲਜੀਤ ਕੌਰ
ਮਲੋਟ/ਸ੍ਰੀ ਮਕਤਸਰ ਸਾਹਿਬ, 25 ਸਤੰਬਰ:
ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਮਲੋਟ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਤਕਰੀਬਨ 12.5 ਕਰੋੜ ਦੀ ਲਾਗਤ ਨਾਲ ਤਿਆਰ ਕੀਤੀਆਂ ਜਾਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ। ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਅੱਜ ਹਲਕੇ ਦੇ ਛੇ ਵੱਖ-ਵੱਖ ਪਿੰਡਾਂ ਦੀਆਂ 83 ਕਿਲੋਮੀਟਰ ਲੰਬੀਆਂ ਸੜਕਾਂ ਦੀ ਹਾਲਤ ਸੁਧਾਰਨ ਲਈ ਲੋੜੀਂਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ।
ਇਸ ਮੌਕੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੂਬੇ ਦੇ ਹਰ ਪਿੰਡ, ਕਸਬੇ ਅਤੇ ਸ਼ਹਿਰ ਦੇ ਨਿਵਾਸੀਆਂ ਦੀਆਂ ਜ਼ਰੂਰਤਾਂ ਤੋਂ ਭਲੀ ਭਾਂਤ ਜਾਣੂ ਹੈ ਅਤੇ ਸਰਕਾਰ ਬਣਾਉਣ ਦੇ ਪਹਿਲੇ ਦਿਨ ਤੋਂ ਸੂਬੇ ਦੇ ਹਰ ਹਿੱਸੇ ਵਿੱਚ ਵਿਕਾਸ ਕਾਰਜ ਪੂਰੇ ਪਾਰਦਰਸ਼ੀ ਢੰਗ ਨਾਲ ਕਰਵਾਏ ਜਾ ਰਹੇ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਮਲੋਟ ਅਧੀਨ ਆਉਂਦੇ ਹਰ ਖੇਤਰ ਦੀ ਦਿੱਖ ਨੂੰ ਸੰਵਾਰਨ ਅਤੇ ਇਥੇ ਵਸਦੇ ਨਾਗਰਿਕਾਂ ਦੀ ਹਰ ਜ਼ਰੂਰਤ ਨੂੰ ਤਰਜੀਹ ਦੇ ਆਧਾਰ ’ਤੇ ਪੂਰਾ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪਿੰਡਾਂ ਨੂੰ ਆਪਸ ਵਿੱਚ ਜੋੜਨ ਵਾਲੀਆਂ ਸੜਕਾਂ ਨੂੰ ਲੋਕਾਂ ਦੀਆਂ ਜ਼ਰੂਰਤਾਂ ਦੇ ਅਨੁਕੂਲ ਬਣਾਇਆ ਜਾ ਰਿਹਾ ਹੈ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਦੱਸਿਆ ਕਿ ਅੱਜ ਪਿੰਡ ਅਬੁਲਖੁਰਾਣਾ ਵਿਖੇ ਅਬੁੱਲਖੁਰਾਣਾ ਤੋਂ ਡੱਬਵਾਲੀ ਮਲਕੋਕੀ, ਅਬੁੱਲਖੁਰਾਣਾ ਤੋਂ ਢਾਣੀ ਬਲਵੰਤ ਸਿੰਘ, ਅਬੁੱਲਖੁਰਾਣਾ ਖਰੀਦ ਕੇਂਦਰ ਤੋਂ ਵਾਟਰ ਵਰਕਸ ਤੱਕ ਅਤੇ ਅਬੁੱਲਖੁਰਾਣਾ ਤੋਂ ਛਾਪਿਆਂਵਾਲੀ ਤੱਕ 2.87 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਪਿੰਡ ਔਲਖ ਵਿਖੇ ਔਲਖ ਤੋਂ ਝੋਰੜ ਤੋਂ ਖਾਨੇ ਕੀ ਢਾਬ, ਔਲਖ ਤੋਂ ਰਾਮਨਗਰ, ਢਾਣੀ ਸੁੱਚਾ ਸਿੰਘ ਤੋਂ ਫਾਜ਼ਿਲਕਾ ਰੋਡ, ਗੁਰੂਦੁਆਰਾ ਸਾਹਿਬ ਤੋਂ ਰਸਤਾ ਭੁਲੇਰੀਆਂ ਅਤੇ ਗੁਰੂਦੁਆਰਾ ਸਾਹਿਬ ਤਰਖਾਣ ਵਾਲਾ ਤੋਂ ਮੰਦਰ ਰਸਤਾ ਤਰਖਾਣ ਵਾਲਾ ਤੱਕ 3.43 ਕਰੋੜ ਰੁਪਏ ਦੀ ਲਾਗਤ ਨਾਲ ਕੰਮ ਕਰਵਾਇਆ ਜਾ ਰਿਹਾ ਹੈ।
ਇਸੇ ਤਰ੍ਹਾਂ ਹੀ ਕੈਬਨਿਟ ਮੰਤਰੀ ਨੇ ਰੁਪਾਣਾ ਪਿੰਡ ਵਿਖੇ ਰੁਪਾਣਾ ਤੋਂ ਧਿਗਾਣਾ, ਧਿਗਾਣਾ ਤੋਂ ਦਬੜਾ, ਦਬੜਾ ਤੋਂ ਤਾਮਕੋਟ, ਤਾਮਕੋਟ ਤੋਂ ਚੱਕ ਤਾਮਕੋਟ, ਮਹਾਂਬੱਧਰ ਤੋਂ ਰੁਪਾਣਾ ਸਮੇਤ ਫਿਰਨੀ, ਢਾਣੀ ਕਰਤਾਰ ਸਿੰਘ, ਲਾਲ ਸਿੰਘ ਤੋਂ ਰੁਪਾਣਾ, ਢਾਣੀ ਟਿੱਬਿਆਂਵਾਲੀ ਤੋਂ ਮੁਕਤਸਰ-ਅਬੋਹਰ ਰੋਡ (ਪਿੰਡ ਮਹਾਂਬੱਧਰ), ਮਹਿਰਾਜਵਾਲਾ ਤੋਂ ਫੂਲੇਵਾਲਾ ਅਤੇ ਤਾਮਕੋਟ ਤੋਂ ਸਾਉਂਕੇ ਐਮ.ਸੀ. ਲਿਮਟ ਤੱਕ 3.51 ਕਰੋੜ ਰੁਪਏ ਦੇ ਲਾਗਤ ਨਾਲ ਬਣਨ ਜਾ ਰਹੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ।
ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪਿੰਡ ਨੰਦਗੜ੍ਹ ਵਿਖੇ ਨੰਦਗੜ੍ਹ ਤੋਂ ਸ਼ੇਰੇਵਾਲਾ, ਫਿਰਨੀ ਪਿੰਡ ਲੱਖੇਵਾਲੀ, ਢਾਣੀ ਅੰਗਰੇਜ ਸਿੰਘ ਪਿੰਡ ਲੱਖੇਵਾਲੀ ਤੱਕ ਲਗਭਗ 1.57 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀਆਂ ਸੜਕਾਂ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪਿੰਡ ਗੰਧੜ ਵਿਖੇ ਗੰਧੜ ਤੋਂ ਚਿੱਬੜਾਂਵਾਲੀ ਸੜਕ ਲਈ 1.24 ਕਰੋੜ ਰੁਪਏ ਅਤੇ ਪਿੰਡ ਰਾਮਗੜ੍ਹ ਚੁੰਘਾਂ ਵਿਖੇ ਬਲਮਗੜ੍ਹ ਤੋਂ ਰਾਮਗੜ੍ਹ ਚੁੰਘਾਂ ਲਈ 68 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦੇ ਨੀਂਹ ਪੱਥਰ ਰੱਖੇ ਗਏ ਹਨ।
ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਨਿਰਧਾਰਿਤ ਪ੍ਰੋਜੈਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਤਾਂ ਜੋ ਲੋਕਾਂ ਨੂੰ ਸੜਕਾਂ ਨਾਲ ਸੰਬੰਧਿਤ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਮੁੱਖ ਤਰਜੀਹ ਹੈ ਕਿ ਸੂਬਾ ਦਾ ਵਿਕਾਸ ਲਗਾਤਾਰ ਕੀਤਾ ਜਾਵੇ ਅਤੇ ਆਉਣ ਵਾਲੇ ਦਿਨਾਂ ਵਿੱਚ ਮਲੋਟ ਹਲਕੇ ਲਈ ਹੋਰ ਵੱਖ-ਵੱਖ ਵਿਕਾਸ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
ਇਸ ਮੌਕੇ ਐਸ.ਡੀ.ਐਮ. ਮਲੋਟ ਜਸਪਾਲ ਸਿੰਘ, ਰੁਪਿੰਦਰ ਕੌਰ ਨਾਇਬ ਤਹਿਸੀਲਦਾਰ, ਐਕਸੀਅਨ ਮੰਡੀ ਬੋਰਡ ਵੀਨਸ ਗਰਗ, ਜਸਵਿੰਦਰ ਸਿੰਘ ਜੇ.ਈ. ਮੰਡੀਬੋਰਡ, ਪ੍ਰਿਤਪਾਲ ਸਿੰਘ ਜੇ.ਈ. ਮੰਡੀ ਬੋਰਡ, ਵਿੱਕੀ ਅਬੁਲਖੁਰਾਣਾ ਸਰਪੰਚ, ਜੀਵਨ ਅਬੁਲਖੁਰਾਣਾ, ਜਸਵਿੰਦਰ ਸਿੰਘ ਰਿੰਕਾ, ਲਵਲੀ ਸੰਧੂ ਬਲਾਕ ਪ੍ਰਧਾਨ, ਸ਼ਮਿੰਦਰ ਸਿੰਘ ਔਲਖ, ਕੌਰ ਸਿੰਘ ਔਲਖ, ਦੀਪਇੰਦਰ ਸਿੰਘ ਰਾਜਾ, ਰਾਮਚੰਦ ਸਰਪੰਚ ਝੋਰੜ, ਪੁਨੀਤਇੰਦਰਪਾਲ ਨੰਬਰਦਾਰ ਝੋਰੜ, ਸਤਨਾਮ ਸਿੰਘ ਸੋਥਾ, ਲਾਭ ਸਿੰਘ ਬਲਾਕ ਪ੍ਰਧਾਨ, ਸਰਬਜੀਤ ਸਿੰਘ ਮਨੇਸ, ਹਰਵਿੰਦਰ ਸਿੰਘ ਬਾਹੀਆ, ਸਿਮਰਜੀਤ ਸਿੰਘ ਲੱਖੇਵਾਲੀ, ਰਾਜਵਿੰਦਰ ਸਿੰਘ ਸਰਪੰਚ ਨੰਦਗੜ੍ਹ, ਅੰਗਰੇਜ ਸਿੰਘ ਸਰਪੰਚ ਗੰਧੜ, ਗੁਰਦੀਪ ਸਿੰਘ ਸਰਪੰਚ ਰਾਮਗੜ੍ਹ ਚੁੰਘਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।



