ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਮੌਕੇ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਜਾਗਰੂਕਤਾ ਰੈਲੀ ਅਤੇ ਸਮਾਗਮ ਦਾ ਕੀਤਾ ਆਯੋਜਨ
ਨੌਜਵਾਨਾਂ ਨੂੰ ਰੈੱਡ ਕਰਾਸ ਦੇ ਸੁਨੇਹੇ ਦੇ ਪ੍ਰਚਾਰਕ ਬਣ ਕੇ ਕਰਨੀ ਚਾਹੀਦੀ ਹੈ ਸੇਵਾ— ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ 9 ਮਈ
ਬੀਤੇ ਦਿਨ ਅੰਤਰਰਾਸ਼ਟਰੀ ਰੈੱਡ ਕਰਾਸ ਦਿਵਸ ਤੇ ਜਿਲ੍ਹਾ ਰੈੱਡ ਕਰਾਸ ਸੋਸਾਇਟੀ ਵੱਲੋਂ ਪੰਜਾਬ ਰੈੱਡ ਕਰਾਸ ਸੋਸਾਇਟੀ ਸਟੇਟ ਯੂਨਿਟ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਡਿਪਟੀ ਕਮਿਸ਼ਨਰ ਕਮ ਪ੍ਰਧਾਨ ਜਿ਼ਲ੍ਹਾ ਰੈਡ ਕਰਾਸ ਸੰਸਥਾ ਸ੍ਰੀ ਵਿਨੀਤ ਕੁਮਾਰ ਦੇ ਯਤਨਾਂ ਨਾਲ ਬਹੁਤ ਸਾਰੇ ਪਰੋਗਰਾਮਾਂ ਦੀ ਲੜੀ ਤਹਿਤ ਰੈੱਡ ਕੰਪਲੈਕਸ ਤੋਂ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਰੈੱਡ ਕਰਾਸ ਵਿਚ ਚਲ ਰਹੇ ਟਰੇਨਿੰਗ ਕੋਰਸਾਂ ਦੀਆਂ ਵਿਦਿਆਰਥਣਾਂ ਤੋਂ ਇਲਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਲੜਕੀਆਂ ਅਤੇ ਰੈੱਡ ਕਰਾਸ ਲਾਇਬ੍ਰੇਰੀ ਦੇ ਪਾਠਕ ਮੈਂਬਰਾਂ ਨੇ ਭਾਗ ਲਿਆ।
ਇਸ ਉਪਰੰਤ ਜਿ਼ਲ੍ਹਾ ਰੈਡ ਕਰਾਸ ਸੰਸਥਾ ਵਿੱਚ ਸ੍ਰੀ ਵਿਨੀਤ ਕੁਮਾਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਸਮਾਗਮ ਦਾ ਆਯੋਜਨ ਕੀਤਾ ਗਿਆ।
ਸਮਾਗਮ ਉਪਰੰਤ ਸਕੂਲੀ ਬੱਚਿਆਂ ਨੇ ਸੰਗੀਤ ਅਧਿਆਪਕ ਸ੍ਰੀ ਵਿਕਰਮ ਸਿੰਘ ਅਤੇ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਸ਼ਬਦ ਕੀਰਤਨ, ਦੇਸ਼ ਭਗਤੀ ਦੇ ਗੀਤ ਅਤੇ ਅੰਤ ਵਿਚ ਰਾਸ਼ਟਰੀ ਗੀਤ ਦਾ ਗਾਇਨ ਕਰਕੇ ਸਰੋਤਿਆਂ ਦਾ ਮਨ ਮੋਹ ਲਿਆ।
ਸਕੱਤਰ ਗੋਪਾਲ ਸਿੰਘ ਨੇ ਰੈੱਡ ਕਰਾਸ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਅਤੇ ਵਿਦਿਆਰਥੀਆਂ ਦੇ ਰੈੱਡ ਕਰਾਸ ਵਿਚ ਪਾਏ ਜਾ ਸਕਣ ਵਾਲੇ ਯੋਗਦਾਨ ਸਬੰਧੀ ਚਾਨਣਾ ਪਾਇਆ।
ਇਸ ਮੌਕੇ ਤੇ ਜਿਲਾ ਰੈੱਡ ਕਰਾਸ ਸੋਸਾਇਟੀ ਦੀ ਮੈਨੇਜਿੰਗ ਬਾਡੀ ਦੇ ਮੈਂਬਰਾਨ, ਗੈਰ ਸਰਕਾਰੀ ਸੰਸਥਾਵਾਂ ਦੇ ਕੋਆਰਡੀਨੇਟਰ ਅਤੇ ਮਾਨਵਤਾ ਫਾਉਂਡੇਸ਼ਨ ਦੇ ਸੰਚਾਲਕ ਡਾ. ਨਰੇਸ਼ ਪੁਰੂਥੀ, ਪੀ.ਏ.ਯੂ. ਦੇ ਸੇਵਾ— ਮੁਕਤ ਕ੍ਰਿਸ਼ੀ ਵਿਗਿਆਨਕ ਡਾਕਟਰ ਸਤਿੰਦਰਪਾਲ ਸਿੰਘ ਅਤੇ ਵਾਲਿਆਂ ਲੈਬ ਦੇ ਸੰਚਾਲਕ ਸ. ਸਤਪਾਲ ਸਿੰਘ ਵਾਲੀਆ ਸਾਹਿਬ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ।
ਇਸ ਮੌਕੇ ਤੇ ਵਾਲੀਆ ਲੈਬ ਦੇ ਸੰਚਾਲਕ ਸ੍ਰੀ ਸੱਤ ਪਾਲ ਸਿੰਘ ਵਾਲੀਆ ਦੀ ਟੀਮ ਵੱਲੋਂ 44 ਬੱਚਿਆਂ ਦੇ ਸੀ. ਬੀ. ਸੀ, ਕਿਡਨੀ, ਲਿਵਰ ਅਤੇ ਹੋਰ ਕਈ ਮਹੱਤਵ ਪੂਰਨ ਟੈਸਟ ਮੁਫ਼ਤ ਕੀਤੇ।
ਇਸ ਮੌਕੇ ਤੇ ਰੈੱਡ ਕਰਾਸ ਦੇ ਬਹੁਤ ਸਾਰੇ ਸਟਾਫ ਮੈਂਬਰ ਸੇਵਾ ਵਾਸਤੇ ਪਬਾਂ ਭਾਰ ਹੋਕੇ ਕੰਮ ਕਰਦੇ ਰਹੇ ਅਤੇ ਬੱਚਿਆਂ ਦੀ ਸਮੋਸਿਆਂ ਅਤੇ ਚਾਹ ਪਾਣੀ ਨਾਲ ਦਿਲ ਖੋਲ ਕੇ ਸੇਵਾ ਕਰਦੇ ਰਹੇ।
ਸ੍ਰੀ ਵਿਨੀਤ ਕੁਮਾਰ ਨੇ ਸਮਾਗਮ ਵਿੱਚ ਸ਼ਾਮਿਲ ਪਤਵੰਤਿਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਅਤੇ ਨੌਜਵਾਨਾਂ ਨੂੰ ਰੈੱਡ ਕਰਾਸ ਦੇ ਸੁਨੇਹੇ ਦੇ ਪ੍ਰਚਾਰਕ ਬਣ ਕੇ ਲੋਕਾਂ ਦੇ ਦੁੱਖ ਦਰਦ ਬਾਰੇ ਰੈੱਡ ਕਰਾਸ ਅਤੇ ਪ੍ਰਸ਼ਾਸ਼ਨ ਨਾਲ ਰਾਬਤਾ ਕਾਇਮ ਕਰਨ ਵਾਸਤੇ ਪ੍ਰੇਰਿਤ ਕੀਤਾ।