ਆਉਣ ਵਾਲੇ ਦਿਨਾਂ ਵਿੱਚ ਗਰਮ ਹਵਾਵਾਂ ਅਤੇ ਲੂ ਤੋਂ ਬਚਾਅ ਲਈ ਨਾਗਰਿਕਾਂ ਨੂੰ ਸਾਵਧਾਨੀਆਂ ਵਰਤਣ ਦੀ ਸਲਾਹ
ਫਾਜ਼ਿਲਕਾ, 28 ਅਪ੍ਰੈਲ:
ਸੂਬੇ ਵਿੱਚ ਗਰਮੀਆਂ ਦੇ ਸੀਜ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਗਰਮੀ ਹੋਰ ਜ਼ਿਆਦਾ ਵਧਣ ਤੇ ਲੂ ਚੱਲਣ ਦੀਆਂ ਸੰਭਾਵਨਾਵਾਂ ਦੇ ਚਲਦਿਆਂ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਲੋਕ ਹਿੱਤ ਵਿੱਚ ਵੱਖ-ਵੱਖ ਸਾਵਧਾਨੀਆਂ ਨੂੰ ਅਪਣਾਉਣ ਦੀ ਸਲਾਹ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੱਖ-ਵੱਖ ਮਾਹਰਾਂ ਦੀ ਸਲਾਹਾਂ ਅਨੁਸਾਰ ਗਰਮੀ ਤੇ ਲੂ ਦੇ ਦਿਨਾਂ ਦੌਰਾਨ ਜਿੰਨਾ ਸੰਭਵ ਹੋ ਸਕੇ, ਵੱਧ ਤੋਂ ਵੱਧ ਪਾਣੀ ਪੀਤਾ ਜਾਵੇ ਭਾਵੇਂ ਕਿ ਪਿਆਸ ਨਾ ਵੀ ਹੋਵੇ। ਹਲਕੇ ਭਾਰ ਵਾਲੇ, ਹਲਕੇ ਰੰਗ ਦੇ ਢਿੱਲੇ ਅਤੇ ਸੂਤੀ ਕੱਪੜੇ ਪਹਿਣੇ ਜਾਣ ਅਤੇ ਸੁਰੱਖਿਆ ਲਈ ਚਸ਼ਮੇ ਦੀ ਵਰਤੋਂ ਕੀਤੀ ਜਾਵੇ। ਯਾਤਰਾ ਕਰਦੇ ਸਮੇਂ ਆਪਣੇ ਨਾਲ ਪਾਣੀ ਰੱਖੋ। ਜੇਕਰ ਤੁਸੀਂ ਬਾਹਰ ਕੰਮ ਤੇ ਜਾ ਰਹੇ ਹੋ ਤਾਂ ਟੋਪੀ/ਛਤਰੀ ਦੀ ਵਰਤੋਂ ਕਰੋ ਅਤੇ ਆਪਣੇ ਸਿਰ, ਗਰਦਨ, ਚਿਹਰੇ ਤੇ ਅੰਗਾਂ ’ਤੇ ਗਿੱਲੇ ਕੱਪੜੇ ਦੀ ਵਰਤੋਂ ਕਰੋ। ਜੇਕਰ ਤੁਸੀਂ ਬੇਹੋਸ਼ੀ ਜਾਂ ਬਿਮਾਰ ਮਹਿਸੂਸ ਕਰਦੇ ਹੋ ਤਾਂ ਤੁਰੰਤ ਡਾਕਟਰ ਨੂੰ ਮਿਲੋ।
ਆਰ.ਐਸ ਘਰੇਲੂ ਡਿ੍ਰੰਕ ਜਿਵੇਂ ਲੱਸੀ, ਨਿੰਬੂ ਪਾਣੀ, ਮੱਖਣ ਆਦਿ ਦੀ ਵਰਤੋਂ ਕਰੋ ਅਤੇ ਸਰੀਰ ਨੂੰ ਰੀਹਾਈਡ੍ਰੇਟ ਕਰੋ। ਪੱਖੇ, ਗਿੱਲੇ ਕੱਪੜੇ ਦੀ ਵਰਤੋਂ ਕਰੋ ਅਤੇ ਠੰਡੇ ਪਾਣੀ ਦੀ ਵਰਤੋਂ ਅਤੇ ਵਾਰ ਵਾਰ ਇਸ਼ਨਾਨ ਕਰੋ। ਪਸ਼ੂਆਂ ਨੂੰ ਛਾਂ ਵਿੱਚ ਰੱਖੋ ਅਤੇ ਉਨ੍ਹਾਂ ਨੂੰ ਪੀਣ ਲਈ ਭਰਪੂਰ ਪਾਣੀ ਦਿਓ। ਆਪਣੇ ਘਰ ਨੂੰ ਠੰਡਾ ਰੱਖੋ, ਪਰਦੇ, ਸ਼ਟਰ, ਸਨਸ਼ੈਡ ਦੀ ਵਰਤੋਂ ਕਰੋ ਅਤੇ ਰਾਤ ਨੂੰ ਖਿੜਕੀਆਂ ਖੁੱਲ੍ਹੀਆਂ ਰੱਖੋ। ਐਮਰਜੈਂਸੀ ਦੀ ਸਥਿਤੀ ਵਿੱਚ ਐਂਬੂਲੈਂਸ ਅਤੇ ਮੋਬਾਇਲ ਫੋਨ ਹੈਲਪਲਾਈਨ ਨੰਬਰ ਦੀ ਵਰਤੋਂ ਕਰੋ ਅਤੇ ਛੋਟੇ ਬੱਚਿਆਂ ਤੇ 65 ਸਾਲ ਜਾਂ ਵਧੇਰੇ ਉਮਰ ਦੇ ਬਜ਼ੁਰਗਾਂ ਨੂੰ ਧੁੱਪ ਤੋਂ ਬਚਾਓ।
ਮਾਹਰਾਂ ਅਨੁਸਾਰ ਕੁਝ ਨਾ ਕਰਨਯੋਗ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਜਿਸ ਵਿੱਚ ਖਾਸ ਕਰਕੇ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕਰਨ, ਜਦੋਂ ਬਾਹਰ ਤਾਪਮਾਨ ਜ਼ਿਆਦਾ ਹੋਵੇ ਤਾਂ ਸਖਤ ਗਤੀਵਿਧੀਆਂ ਤੋਂ ਬਚਣ ਅਤੇ ਦੁਪਹਿਰ 12 ਤੋਂ 3 ਤੱਕ ਬਾਹਰ ਕੰਮ ਕਰਨ ਤੋਂ ਬਚਣ ਬਾਰੇ ਸਲਾਹ ਦਿੱਤੀ ਗਈ ਹੈ। ਸ਼ਰਾਬ, ਚਾਹ, ਕੌਫੀ ਅਤੇ ਕਾਰਬੋਨੇਟਿਡ ਸਾਫ਼ਟ ਡਰਿੰਕਸ ਤੋਂ ਪਰਹੇਜ਼ ਕਰੋ ਜੋ ਸਰੀਰ ਨੂੰ ਡੀਹਾਈਡ੍ਰੇਟ ਕਰਦੇ ਹਨ। ਉੱਚ ਪ੍ਰੋਟੀਨ ਵਾਲੇ ਭੋਜਨ ਤੋਂ ਪ੍ਰਹੇਜ਼ ਕਰੋ ਅਤੇ ਬਾਸੀ ਭੋਜਨ ਨਾ ਖਾਓ।


