ਭਾਰਤ ਅਮਨ ਚਾਹੁੰਦਾ ਹੈ ਪਰ ਕੋਈ ਇਸ ਨੂੰ ਸਾਡੀ ਕਮਜ਼ੋਰੀ ਨਾ ਸਮਝੇ-ਸੁਨੀਲ ਜਾਖੜ

ਭਾਜਪਾ ਪ੍ਰਧਾਨ ਨੇ ਡਰੋਨ ਹਮਲੇ ਵਿੱਚ ਜਖਮੀਆਂ ਦਾ ਹਾਲ ਚਾਲ ਜਾਣਿਆ
ਕਿਹਾ ਕੇਂਦਰ ਸਰਕਾਰ ਕੋਲ ਚੁੱਕਾਂਗੇ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕੇਜ ਦੇਣ ਦਾ ਮੁੱਦਾ
ਲੁਧਿਆਣਾ 11 ਮਈ
ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਲੁਧਿਆਣਾ ਵਿਖੇ ਫਿਰੋਜ਼ਪੁਰ ਜ਼ਿਲੇ ਨਾਲ ਸਬੰਧਤ ਉਨਾਂ ਜਖਮੀਆਂ ਦਾ ਹਾਲ ਚਾਲ ਜਾਣਿਆ ਜੋ ਪਿਛਲੇ ਦਿਨੀ ਡਰੋਨ ਹਮਲੇ ਵਿੱਚ ਜਖਮੀ ਹੋ ਗਏ ਸਨ। ਇਸ ਮੌਕੇ ਉਨਾਂ ਕਿਹਾ ਕਿ ਸਰਕਾਰ ਅਤੇ ਪਾਰਟੀ ਉਹਨਾਂ ਲੋਕਾਂ ਦੇ ਨਾਲ ਹੈ। ਉਨਾਂ ਨੇ ਕਿਹਾ ਕਿ ਇਹ ਲੜਾਈ ਕੇਵਲ ਪੰਜਾਬ ਦੀ ਨਹੀਂ ਸਗੋਂ ਪੂਰੇ ਮੁਲਕ ਦੀ ਹੈ ਅਤੇ ਅੰਤਕਵਾਦ ਪੂਰੇ ਮੁਲਕ ਲਈ ਹੀ ਨਹੀਂ ਬਲਕਿ ਦੁਨੀਆਂ ਲਈ ਇੱਕ ਚੁਣੌਤੀ ਹੈ। ਪਰ ਭਾਰਤ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਪ੍ਰਧਾਨਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਅੱਤਵਾਦ ਤੇ ਸਖ਼ਤ ਵਾਰ ਹੋਵੇਗਾ।
ਉਨਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਹੀ ਦੇਸ਼ ਦੀ ਖੜਕ ਭੁਜਾ ਬਣ ਕੇ ਇਸ ਦੀ ਰਾਖੀ ਲਈ ਅੱਗੇ ਹੋ ਕੇ ਲੜਦਾ ਹੈ ਅਤੇ ਇਸ ਵਾਰ ਵੀ ਪੰਜਾਬੀਆਂ ਨੇ ਆਪਣੀ ਫੌਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ ਕੇ ਆਪਣੀ ਦੇਸ਼ ਭਗਤੀ ਦਾ ਸਬੂਤ ਦਿੱਤਾ ਹੈ। ਪਰ ਉਨਾਂ ਨੇ ਨਾਲ ਹੀ ਕਿਹਾ ਕਿ ਅਸੀਂ ਅਮਨ ਸ਼ਾਂਤੀ ਦੀ ਵੀ ਕਾਮਨਾ ਕਰਦੇ ਹਾਂ ਅਤੇ ਸੀਜਫਾਇਰ ਹੋਣਾ ਇੱਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਹੋਈ ਆਲ ਪਾਰਟੀ ਮੀਟਿੰਗ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਾਰਨ ਅਤੇ ਸਰਹੱਦ ਤੇ ਬਣਨ ਵਾਲੇ ਤਨਾਅ ਕਾਰਨ ਇੱਥੋਂ ਦੀ ਇੰਡਸਟਰੀ ਅਤੇ ਆਰਥਿਕਤਾ ਨੂੰ ਹੋਣ ਵਾਲੇ ਨੁਕਸਾਨ ਦੇ ਮੱਦੇ ਨਜ਼ਰ ਪੰਜਾਬ ਨੂੰ ਵਿਸ਼ੇਸ਼ ਆਰਥਿਕ ਪੈਕਜ ਦੇਣ ਦੀ ਮੰਗ ਰੱਖੀ ਸੀ। ਉਹਨਾਂ ਕਿਹਾ ਕਿ ਇਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਹਾਮੀ ਭਰੀ ਅਤੇ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਨੇ ਵੀ ਕਿਹਾ ਹੈ ਕਿ ਉਹ ਇਸ ਮੁੱਦੇ ਨੂੰ ਕੇਂਦਰ ਸਰਕਾਰ ਤੱਕ ਲੈ ਕੇ ਜਾਣਗੇ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਇੱਕ ਵਿਸ਼ੇਸ਼ ਹਾਲਾਤਾਂ ਵਾਲਾ ਸੂਬਾ ਹੈ ਅਤੇ ਇਹ ਮੰਗ ਭਾਰਤ ਸਰਕਾਰ ਤੱਕ ਸਮੂਹਿਕ ਤੌਰ ਤੇ ਚੁੱਕਣੀ ਚਾਹੀਦੀ ਹੈ ਕਿ ਇਸ ਨੂੰ ਵਿਸ਼ੇਸ਼ ਪੈਕਜ ਮਿਲੇ।
ਇਸ ਮੌਕੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਭਾਰਤ ਇੱਕ ਅਮਨ ਪਸੰਦ ਮੁਲਕ ਹੈ ਪਰ ਕੋਈ ਇਸ ਨੂੰ ਸਾਡੀ ਕਮਜ਼ੋਰੀ ਨਾ ਸਮਝੇ। ਉਹਨਾਂ ਕਿਹਾ ਕਿ ਸਾਡੀ ਪਾਕਿਸਤਾਨ ਦੇ ਲੋਕਾਂ ਨਾਲ ਵੀ ਕੋਈ ਲੜਾਈ ਨਹੀਂ ਹੈ ਅਤੇ ਉਥੋਂ ਦੇ ਲੋਕ ਵੀ ਅਮਨ ਚਾਹੁੰਦੇ ਹਨ ਪਰ ਉੱਥੇ ਜੋ ਲੋਕ ਅੰਤਕਵਾਦ ਫੈਲਾ ਰਹੇ ਹਨ ਉਹਨਾਂ ਤੇ ਕਾਰਵਾਈ ਕੀਤੀ ਜਾਣੀ ਜਰੂਰੀ ਸੀ।

CATEGORIES
Share This

COMMENTS

Wordpress (0)
Disqus ( )
Translate