ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਦੇ ਫਾਈਨਲ ਪੜਾਅ ਦੇ ਮੁਕਾਬਲਿਆਂ ਲਈ ਮੋਹਾਲੀ ਪੂਰੀ ਤਰ੍ਹਾਂ ਤਿਆਰ, ਦੋ ਦਿਨ ਖੇਡਾਂ ਅਤੇ ਸੱਭਿਆਚਾਰਕ ਰੰਗਾਂ ਦਾ ਬਣੇਗਾ ਗਵਾਹ
ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ, ਖੇਡ ਨਿਰਦੇਸ਼ਕ ਅਭਿਜੀਤ ਕਪਲਿਸ਼, ਡੀ.ਸੀ. ਕੋਮਲ ਮਿੱਤਲ, ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਪ੍ਰਬੰਧਾਂ ਨੂੰ ਦਿੱਤਾ ਅੰਤਿਮ ਰੂਪ
ਮੀਡੀਆ ਲਈ ਗੇਟ ਨੰਬਰ 4, ਪੂਰਬੀ, ਉੱਤਰੀ ਅਤੇ ਦੱਖਣੀ ਬਲਾਕਾਂ ਵਿੱਚ ਦਰਸ਼ਕਾਂ ਦੀ ਪੈਦਲ ਐਂਟਰੀ ਲਈ ਗੇਟ ਨੰਬਰ 2 ਅਤੇ ਕਾਰ ਪਾਸ ਵਾਲੇ ਮਹਿਮਾਨਾਂ ਲਈ ਗੇਟ ਨੰਬਰ 3 ਨਿਰਧਾਰਤ
ਸਾਡਾ ਪਿੰਡ, 10 ਖਾਣ-ਪੀਣ ਦੇ ਸਟਾਲਾਂ ਵਾਲਾ ਫੂਡ ਕੋਰਟ ਅਤੇ ਗਾਇਕ ਦੀ ਲਾਈਵ ਪੇਸ਼ਕਾਰੀ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ
ਮੁਫ਼ਤ ਡਿਜੀਟਲ ਐਂਟਰੀ ਪਾਸ www.ticketgenie.in ’ਤੇ ਉਪਲਬਧ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਨਵੰਬਰ:
9ਵੀਂ ਹਾਕੀ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਪੰਜਾਬ 2026 ਦੇ ਫੈਸਲਾਕੁੰਨ ਪੜਾਅ ਵਿੱਚ ਦਾਖਲ ਹੋਣ ਦੇ ਨਾਲ ਹੀ ਮੋਹਾਲੀ 4 ਅਤੇ 5 ਨਵੰਬਰ ਨੂੰ ਦੋ ਦਿਨਾਂ ਦੇ ਸ਼ਾਨਦਾਰ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਲਈ ਪੂਰੀ ਤਰ੍ਹਾਂ ਤਿਆਰ ਹੈ। ਸ਼ਹਿਰ ਦਾ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ, ਫੇਸ 9, ਮੋਹਾਲੀ ਹਾਕੀ ਪ੍ਰੇਮੀਆਂ ਦੇ ਸਵਾਗਤ ਲਈ ਤਿਆਰ ਹੈ, ਜਿੱਥੇ ਏਸ਼ੀਆ ਦੀਆਂ ਸਿਖਰਲੀਆਂ ਟੀਮਾਂ 4 ਨਵੰਬਰ ਨੂੰ ਸੈਮੀਫਾਈਨਲ ਮੁਕਾਬਲਿਆਂ ਵਿੱਚ ਆਪਣੀ ਤਾਕਤ ਦਿਖਾਉਣਗੀਆਂ, ਜਦਕਿ ਇਸ ਤੋਂ ਬਾਅਦ 5 ਨਵੰਬਰ ਨੂੰ ਕਾਂਸੀ ਦੇ ਤਮਗੇ ਅਤੇ ਸੋਨੇ ਦੇ ਤਮਗੇ ਲਈ ਫਾਈਨਲ ਮੁਕਾਬਲਾ ਹੋਵੇਗਾ।
ਖਿਡਾਰੀਆਂ, ਦਰਸ਼ਕਾਂ, ਪਤਵੰਤਿਆਂ ਅਤੇ ਮੀਡੀਆ ਕਰਮੀਆਂ ਦੀ ਸਹੂਲਤ ਲਈ ਵਿਆਪਕ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ, ਜਿਸ ਨਾਲ ਏਸ਼ੀਅਨ ਚੈਂਪੀਅਨਸ਼ਿਪ ਦੇ ਸਮਾਪਤੀ ਪੜਾਅ ਦੌਰਾਨ ਮੋਹਾਲੀ ਕੌਮਾਂਤਰੀ ਹਾਕੀ ਗਤੀਵਿਧੀਆਂ ਦਾ ਕੇਂਦਰ ਬਣੇਗਾ।
ਹਾਕੀ ਇੰਡੀਆ ਦੇ ਮੀਤ ਪ੍ਰਧਾਨ ਨਿਤਿਨ ਕੋਹਲੀ, ਖੇਡ ਨਿਰਦੇਸ਼ਕ ਅਭਿਜੀਤ ਕਪਲਿਸ਼, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ.ਐਸ.ਪੀ. ਵਰੁਣ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਗਾੜ੍ਹਾ ਨੇ ਸਟੇਡੀਅਮ ਵਿਖੇ ਪ੍ਰਬੰਧਾਂ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ। ਇਸ ਮੌਕੇ ਹਾਕੀ ਇੰਡੀਆ ਦੇ ਡਾਇਰੈਕਟਰ ਵਿਕਰਮਪਾਲ ਸਿੰਘ ਅਤੇ ਬੀ.ਐਨ. ਭੂਸ਼ਣ ਵੀ ਮੌਜੂਦ ਸਨ।
27 ਅਕਤੂਬਰ ਤੋਂ 5 ਨਵੰਬਰ ਤੱਕ ਜਲੰਧਰ ਅਤੇ ਮੋਹਾਲੀ ਵਿਖੇ ਕਰਵਾਈ ਜਾ ਰਹੀ ਇਹ ਚੈਂਪੀਅਨਸ਼ਿਪ ਸ਼ਹਿਰ ਲਈ ਇੱਕ ਮਹੱਤਵਪੂਰਨ ਮੌਕਾ ਹੈ, ਕਿਉਂਕਿ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ ਆਪਣੇ ਨਿਰਮਾਣ ਤੋਂ ਬਾਅਦ ਪਹਿਲੀ ਵਾਰ ਕੌਮਾਂਤਰੀ ਹਾਕੀ ਮੁਕਾਬਲਿਆਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ।
ਪੰਜਾਬ ਸਰਕਾਰ ਵੱਲੋਂ ਹਾਕੀ ਪ੍ਰੇਮੀਆਂ, ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਰੋਮਾਂਚਕ ਕੌਮਾਂਤਰੀ ਮੁਕਾਬਲਿਆਂ ਦਾ ਆਨੰਦ ਮਾਣਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਦਾ ਸੱਦਾ ਦਿੱਤਾ ਗਿਆ ਹੈ। ਮੈਚਾਂ ਵਿੱਚ ਦਾਖਲਾ ਮੁਫ਼ਤ ਹੈ ਅਤੇ ਦਰਸ਼ਕ www.ticketgenie.in ਰਾਹੀਂ ਜਾਂ ਅਧਿਕਾਰਤ ਸਮਾਗਮ ਦੇ ਪੋਸਟਰ ’ਤੇ ਦਿੱਤੇ ਕਿਊ.ਆਰ. ਕੋਡ ਨੂੰ ਸਕੈਨ ਕਰਕੇ ਮੁਫ਼ਤ ਡਿਜੀਟਲ ਐਂਟਰੀ ਪਾਸ ਪ੍ਰਾਪਤ ਕਰ ਸਕਦੇ ਹਨ।
*4 ਨਵੰਬਰ ਨੂੰ ਹੋਣਗੇ ਤਿੰਨ ਅਹਿਮ ਮੁਕਾਬਲੇ*
4 ਨਵੰਬਰ ਨੂੰ ਸਟੇਡੀਅਮ ਵਿਖੇ ਤਿੰਨ ਅਹਿਮ ਮੁਕਾਬਲੇ ਕਰਵਾਏ ਜਾਣਗੇ:
– ਚੀਨ ਬਨਾਮ ਬੰਗਲਾਦੇਸ਼ – 5ਵੇਂ ਅਤੇ 6ਵੇਂ ਸਥਾਨ ਲਈ ਮੁਕਾਬਲਾ, ਦੁਪਹਿਰ 2 ਵਜੇ।
– ਜਾਪਾਨ ਬਨਾਮ ਮਲੇਸ਼ੀਆ – ਸੈਮੀਫਾਈਨਲ, ਸ਼ਾਮ 4:30 ਵਜੇ।
– ਭਾਰਤ ਬਨਾਮ ਕੋਰੀਆ – ਸੈਮੀਫਾਈਨਲ, ਸ਼ਾਮ 7 ਵਜੇ।
*5 ਨਵੰਬਰ ਨੂੰ ਕਾਂਸੀ ਦੇ ਤਮਗੇ ਅਤੇ ਫਾਈਨਲ ਮੁਕਾਬਲਾ*
5 ਨਵੰਬਰ ਨੂੰ ਚੈਂਪੀਅਨਸ਼ਿਪ ਦੇ ਆਖਰੀ ਦਿਨ ਕਾਂਸੀ ਦੇ ਤਮਗੇ ਅਤੇ ਸੋਨੇ ਦੇ ਤਮਗੇ ਲਈ ਫਾਈਨਲ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਰਾਹੀਂ ਟੂਰਨਾਮੈਂਟ ਦੀਆਂ ਅੰਤਿਮ ਸਥਿਤੀਆਂ ਤੈਅ ਹੋਣਗੀਆਂ ਅਤੇ ਏਸ਼ੀਆਈ ਚੈਂਪੀਅਨ ਦਾ ਖਿਤਾਬ ਜੇਤੂ ਟੀਮ ਦੇ ਸਿਰ ਸਜੇਗਾ।
ਪੰਜਾਬ ਸਰਕਾਰ ਵੱਲੋਂ ਖੇਡ ਪ੍ਰੇਮੀਆਂ ਅਤੇ ਆਮ ਲੋਕਾਂ ਨੂੰ ਇਨ੍ਹਾਂ ਅਹਿਮ ਮੁਕਾਬਲਿਆਂ ਦਾ ਗਵਾਹ ਬਣਨ ਅਤੇ ਖਿਡਾਰੀਆਂ ਦਾ ਹੌਸਲਾ ਵਧਾਉਣ ਲਈ ਸੱਦਾ ਦਿੱਤਾ ਗਿਆ ਹੈ।
ਦਰਸ਼ਕ ਆਪਣੀ ਮੁਫ਼ਤ ਡਿਜੀਟਲ ਐਂਟਰੀ www.ticketgenie.in ਤੋਂ ਬੁੱਕ ਕਰ ਸਕਦੇ ਹਨ ਅਤੇ ਕੌਮਾਂਤਰੀ ਹਾਕੀ ਮੁਕਾਬਲਿਆਂ ਦਾ ਆਨੰਦ ਮਾਣ ਸਕਦੇ ਹਨ।
*ਦਰਸ਼ਕਾਂ ਦੀ ਸਹੂਲਤ ਲਈ ਗੇਟਾਂ ਦੇ ਪ੍ਰਬੰਧ ਨਿਰਧਾਰਤ*
ਦਰਸ਼ਕਾਂ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਅਤੇ ਭੀੜ ਤੋਂ ਬਚਣ ਲਈ ਗੇਟਾਂ ਦੇ ਪ੍ਰਬੰਧ ਇਸ ਤਰ੍ਹਾਂ ਨਿਰਧਾਰਤ ਕੀਤੇ ਗਏ ਹਨ:
– ਗੇਟ ਨੰਬਰ 1: ਖਿਡਾਰੀਆਂ ਅਤੇ ਵਿਸ਼ੇਸ਼ ਮਹਿਮਾਨਾਂ ਲਈ।
– ਗੇਟ ਨੰਬਰ 2: ਪੂਰਬੀ, ਉੱਤਰੀ ਅਤੇ ਦੱਖਣੀ ਬਲਾਕਾਂ ਵਿੱਚ ਦਰਸ਼ਕਾਂ ਦੀ ਪੈਦਲ ਐਂਟਰੀ ਲਈ।
– ਗੇਟ ਨੰਬਰ 3: ਵੈਧ ਕਾਰ ਪਾਸ ਵਾਲੇ ਮਹਿਮਾਨਾਂ ਲਈ।
– ਗੇਟ ਨੰਬਰ 4: ਮੀਡੀਆ ਕਰਮੀਆਂ ਲਈ।
ਪਹਿਲੇ ਮੈਚ ਦੇ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ ਸਟੇਡੀਅਮ ਦੇ ਗੇਟ ਖੋਲ੍ਹ ਦਿੱਤੇ ਜਾਣਗੇ, ਤਾਂ ਜੋ ਦਰਸ਼ਕਾਂ ਨੂੰ ਆਪਣੀਆਂ ਸੀਟਾਂ ’ਤੇ ਬੈਠਣ ਲਈ ਲੋੜੀਂਦਾ ਸਮਾਂ ਮਿਲ ਸਕੇ।
ਦਰਸ਼ਕਾਂ ਨੂੰ ਨਿਰਧਾਰਤ ਗੇਟਾਂ ਰਾਹੀਂ ਹੀ ਦਾਖਲ ਹੋਣ ਅਤੇ ਸੁਰੱਖਿਆ ਕਰਮੀਆਂ ਤੇ ਪ੍ਰਬੰਧਕੀ ਟੀਮਾਂ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ ਗਈ ਹੈ।
*ਸਾਡਾ ਪਿੰਡ, ਫੂਡ ਕੋਰਟ ਅਤੇ ਗਾਇਕ ਦੀ ਪੇਸ਼ਕਾਰੀ ਵਧਾਉਣਗੇ ਦਰਸ਼ਕਾਂ ਦਾ ਉਤਸ਼ਾਹ*
ਹਾਕੀ ਮੁਕਾਬਲਿਆਂ ਦੇ ਨਾਲ-ਨਾਲ ਦਰਸ਼ਕਾਂ ਨੂੰ ਪੰਜਾਬ ਦੇ ਅਮੀਰ ਪੇਂਡੂ ਸੱਭਿਆਚਾਰ ਅਤੇ ਵਿਰਾਸਤ ਨਾਲ ਜੋੜਨ ਲਈ ਸਟੇਡੀਅਮ ਵਿਖੇ ‘ਸਾਡਾ ਪਿੰਡ’ ਤਿਆਰ ਕੀਤਾ ਗਿਆ ਹੈ, ਜੋ ਸੂਬੇ ਦੀ ਰਵਾਇਤੀ ਪੇਂਡੂ ਜੀਵਨ ਸ਼ੈਲੀ, ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਏਗਾ।
ਇਸ ਤੋਂ ਇਲਾਵਾ 10 ਖਾਣ-ਪੀਣ ਦੇ ਸਟਾਲਾਂ ਵਾਲਾ ਫੂਡ ਕੋਰਟ ਵੀ ਸਥਾਪਤ ਕੀਤਾ ਜਾਵੇਗਾ, ਜਿੱਥੇ ਦਰਸ਼ਕਾਂ ਲਈ ਖਾਣ-ਪੀਣ ਦੀਆਂ ਵੱਖ-ਵੱਖ ਸਹੂਲਤਾਂ ਉਪਲਬਧ ਹੋਣਗੀਆਂ।
ਦਰਸ਼ਕਾਂ ਦੇ ਉਤਸ਼ਾਹ ਨੂੰ ਹੋਰ ਵਧਾਉਣ ਲਈ 4 ਨਵੰਬਰ ਨੂੰ ਪ੍ਰਸਿੱਧ ਗਾਇਕ ਵੱਲੋਂ ਲਾਈਵ ਸੰਗੀਤਕ ਪੇਸ਼ਕਾਰੀ ਵੀ ਦਿੱਤੀ ਜਾਵੇਗੀ, ਜਿਸ ਨਾਲ ਕੌਮਾਂਤਰੀ ਹਾਕੀ ਮੁਕਾਬਲਿਆਂ ਦੇ ਨਾਲ-ਨਾਲ ਦਰਸ਼ਕਾਂ ਨੂੰ ਸੱਭਿਆਚਾਰਕ ਮਨੋਰੰਜਨ ਦਾ ਵੀ ਆਨੰਦ ਮਿਲੇਗਾ।
ਇਹ ਪ੍ਰਬੰਧ ਕੌਮਾਂਤਰੀ ਹਾਕੀ ਮੁਕਾਬਲਿਆਂ ਨੂੰ ਖੇਡਾਂ ਦੇ ਨਾਲ-ਨਾਲ ਪੰਜਾਬ ਦੇ ਅਮੀਰ ਸੱਭਿਆਚਾਰ, ਵਿਰਾਸਤ ਅਤੇ ਮਹਿਮਾਨਨਿਵਾਜ਼ੀ ਨੂੰ ਦਰਸਾਉਣ ਵਾਲਾ ਯਾਦਗਾਰੀ ਸਮਾਗਮ ਬਣਾਉਣ ਦੇ ਉਦੇਸ਼ ਨਾਲ ਕੀਤੇ ਗਏ ਹਨ।


