ਕਣਕ ਦੀ ਖਰੀਦ ਲਈ ਸਾਰੇ ਪ੍ਰਬੰਧ ਸਮਾਂ ਰਹਿੰਦੇ ਪੂਰੇ ਕੀਤੇ ਜਾਣ—ਡਾ: ਸੇਨੂ ਦੁੱਗਲ
—ਡਿਪਟੀ ਕਮਿਸ਼ਨਰ ਵੱਲੋਂ ਕਣਕ ਦੇ ਅਗੇਤੇ ਖਰੀਦ ਪ੍ਰਬੰਧਾਂ ਲਈ ਬੈਠਕ
ਫਾਜਿ਼ਲਕਾ, 16 ਮਾਰਚ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਣਕ ਦੇ ਅਗਾਮੀ ਖਰੀਦ ਸੀਜਨ ਦੌਰਾਨ ਕੀ਼ਤੇ ਜਾਣ ਵਾਲੇ ਪ੍ਰਬੰਧਾਂ ਦੀ ਸਮੀਖਿਆ ਲਈ ਅਧਿਕਾਰੀਆਂ ਨਾਲ ਬੈਠਕ ਕੀਤੀ।ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਪ੍ਰਬੰਧ ਸਮਾਂ ਰਹਿੰਦੇ ਪੂਰੇ ਕੀਤੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸਾਨਾਂ ਨੂੰ ਕਣਕ ਦੀ ਵਿਕਰੀ ਕਰਨ ਵਿਚ ਕੋਈ ਦਿੱਕਤ ਨਾ ਆਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਾਲ ਜਿ਼ਲ੍ਹੇ ਵਿਚ 7.94 ਲੱਖ ਮੀਟ੍ਰਿਕ ਟਨ ਕਣਕ ਮੰਡੀਆਂ ਵਿਚ ਆਉਣ ਦੀ ਉਮੀਦ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਲਈ ਜਿ਼ਲ੍ਹੇ ਵਿਚ 95 ਖਰੀਦ ਕੇਂਦਰ ਬਣਾਏ ਜਾਣਗੇ ਅਤੇ 5 ਖਰੀਦ ਏਂਜਸੀਆਂ ਕਣਕ ਦੀ ਖਰੀਦ ਕਰਣਗੀਆਂ। ਇਸ ਵਾਰ ਕਣਕ ਦਾ ਘੱਟੋ ਘੱਟ ਸਮਰੱਥਨ ਮੁੱਲ 2125 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਮੰਡੀਆਂ ਵਿਚ ਪੀਣ ਦੇ ਪਾਣੀ, ਛਾਂ, ਰੌਸ਼ਨੀ ਆਦਿ ਦੇ ਪ੍ਰਬੰਧ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਰੀਆਂ ਮੰਡੀਆਂ ਵਿਚ ਸਫਾਈ ਦਾ ਕੰਮ ਮੰਡੀਆਂ ਵਿਚ ਕਣਕ ਆਉਣ ਤੋਂ ਪਹਿਲਾਂ ਕਰਵਾ ਲਿਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦੀ ਖਰੀਦ ਨਾਲ ਸਬੰਧਤ ਹਰੇਕ ਏਂਜਸੀ ਜਾਂ ਵਿਭਾਗ ਆਪਣੇ ਲਈ ਨਿਰਧਾਰਤ ਕੰਮ ਨੂੰ ਸਮਾਂ ਰਹਿੰਦੇ ਪੂਰਾ ਕਰ ਲਵੇ। ਉਨ੍ਹਾਂ ਨੇ ਕਿਹਾ ਕਿ ਕਣਕ ਦੀ ਖਰੀਦ ਵਿਚ ਕੋਈ ਵੀ ਕੁਤਾਹੀ ਬਰਦਾਸਤ ਨਹੀਂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਬੈਠਕ ਦੌਰਾਨ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਦੁਸਰੇ ਸੁਬਿਆਂ ਤੋਂ ਆ ਕੇ ਮੰਡੀ ਵਿਚ ਵਿਕਨ ਵਾਲੀ ਕਣਕ ਦੀ ਆਮਦ ਨੂੰ ਰੋਕਣ ਲਈ ਅੰਤਰਰਾਜੀ ਨਾਕੇ ਸਥਾਪਿਤ ਕਰੇ।
ਬੈਠਕ ਵਿਚ ਐਸਡੀਐਮ ਸ੍ਰੀ ਨਿਕਾਸ ਖੀਂਚੜ ਆਈਏਐਸ ਅਤੇ ਜਿ਼ਲ੍ਹਾ ਫੂਡ ਸਪਲਾਈ ਕੰਟਰੋਲਰ ਸ੍ਰੀ ਹਿਮਾਂਸੂ ਕੁੱਕੜ ਸਮੇਤ ਵੱਖ ਵੱਖ ਏਂਜਸੀਆਂ ਦੇ ਅਧਿਕਾਰੀ ਹਾਜਰ ਸਨ।