ਸਿਹਤਮੰਦ ਸਮਾਜ ਸਿਰਜਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ ਆਮ ਆਦਮੀ ਕਲੀਨਿਕ : ਵਿਧਾਇਕ ਗੋਲਡੀ ਮੁਸਾਫਿਰ
ਬੱਲੂਆਣਾ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
ਬੱਲੂਆਣਾ, 27 ਜਨਵਰੀ:
ਅੱਜ ਦਾ ਦਿਨ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਦਿਨ ਹੈ ਕਿਉਂਕਿ ਅੱਜ ਸੂਬੇ ਅੰਦਰ 400 ਨਵੇਂ ਆਮ ਆਦਮੀ ਕਲੀਨਿਕਾਂ ਨੂੰ ਲੋਕ ਅਰਪਣ ਕੀਤਾ ਜਾ ਰਿਹਾ ਹੈ ਜਿਸ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਪਿੰਡ ਬੱਲੂਆਣਾ ਵਿਖੇ ਆਦਮੀ ਕਲੀਨਿਕ ਦਾ ਉਦਘਾਟਨ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਪੰਜਾਬ ਨੂੰ ਹੱਸਦਾ, ਖੇਡਦਾ ਤੇ ਸਿਹਤਮੰਦ ਬਣਾਉਣਾ ਦਾ ਤਹੱਈਆ ਕੀਤਾ ਹੈ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਵਿੱਚ ਆਮ ਆਦਮੀ ਕਲੀਨਿਕ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਕਿਹਾ ਕਿ ਇੰਨ੍ਹਾ ਆਮ ਆਦਮੀ ਕਲੀਨਿਕਾਂ ਵਿੱਚ ਲੋਕਾਂ ਨੂੰ ਵੱਖ—ਵੱਖ ਦਵਾਈਆਂ ਮੁਫਤ ਮਿਲਣਗੀਆਂ ਅਤੇ 41 ਤਰਾਂ ਦੇ ਟੈਸਟ ਮੁਫਤ ਕੀਤੇ ਜਾਣਗੇ ਜਿਸ ਨਾਲ ਲੋਕਾਂ ਦਾ ਆਰਥਿਕ ਬੋਝ ਘੱਟ ਹੋਵੇਗਾ।
ਵਿਧਾਇਕ ਗੋਲਡੀ ਮੁਸਾਫਿਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਵਿਧਾਨ ਸਭਾ ਚੋਣਾਂ ਮੌਕੇ ਜੋ ਵਾਅਦੇ ਕੀਤੇ ਗਏ ਸਨ ਉਨ੍ਹਾਂ ਨੂੰ ਲੜੀਵਾਰ ਪੂਰਾ ਕੀਤਾ ਜਾ ਰਿਹਾ ਹੈ ਅਤੇ ਅਸੀਂ ਲੋਕਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਕੀਤੇ ਗਏ ਸਾਰੇ ਵਾਅਦੇ 100 ਫੀਸਦੀ ਪੂਰੇ ਕੀਤੇ ਜਾਣਗੇ। ਉਨ੍ਹਾਂ ਹੋਰ ਕਿਹਾ ਕਿ ਜਿਸ ਤਰਾਂ ਸੂਬੇ ਅੰਦਰ 400 ਨਵੇਂ ਆਮ ਆਦਮੀ ਕਲੀਨਿਕ ਬਣਾ ਕੇ ਲੋਕਾਂ ਨੁੰ ਦਿੱਤੀ ਗਈ ਗਰੰਟੀ ਨੂੰ ਪੂਰਾ ਕੀਤਾ ਗਿਆ ਹੈ ਉਸੇ ਤਰਾਂ ਪਹਿਲਾਂ ਮੁਫਤ ਬਿਜਲੀ ਦੇਣ ਦੀ ਕੀਤੀ ਗਈ ਗਰੰਟੀ ਨੂੰ ਪੂਰਾ ਕਰਦੇ ਹੋਏ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਕਿ 86 ਫੀਸਦੀ ਲੋਕਾਂ ਦੇ ਘਰਾਂ ਦੇ ਬਿਜਲੀ ਦੇ ਬਿਲ ਜੀਰੋ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਅਸੀਂ ਲੋਕਾਂ ਤੇ ਕੋਈ ਅਹਿਸਾਨ ਨਹੀਂ ਕੀਤਾ ਸਗੋਂ ਪੰਜਾਬੀਆਂ ਦੇ ਚਿਹਰਿਆਂ ਤੇ ਮੁੜ ਖੁਸ਼ੀਆਂ ਲਿਆਉਣ ਲਈ ਸਾਡੇ ਵੱਲੋਂ ਕੀਤਾ ਗਿਆ ਇਹ ਇੱਕ ਉਪਰਾਲਾ ਹੈ।
ਵਿਧਾਇਕ ਨੇ ਕਿਹਾ ਕਿ ਸਾਡੀ ਸਰਕਾਰ ਨੇ ਆਪਣੇ ਪਹਿਲੇ 10 ਮਹੀਨਿਆਂ ਵਿੱਚ ਹੀ ਲਗਭਗ 25000 ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਹੈ ਜਦੋਂ ਕਿ ਵਿਰੋਧੀ ਪਾਰਟੀਆਂ ਅਜਿਹਾ ਨਹੀਂ ਕਰ ਸਕੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਡਾ: ਮਨਦੀਪ ਕੌਰ ਤੋਂ ਇਲਾਵਾ ਸਿਹਤ ਵਿਭਾਗ ਦੇ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਹਾਜਰ ਸਨ।