ਪਿੰਡ ਘੱਲੂ ਦੇ ਦਿਵਿਆ ਜਯੋਤੀ ਮਾਡਲ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ
ਫਾਜ਼ਿਲਕਾ 26 ਨਵੰਬਰ
ਪਿੰਡ ਘੱਲੂ ਦੇ ਦਿਵਿਆ ਜਯੋਤੀ ਮਾਡਲ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭੁਪਿੰਦਰ ਸਿੰਘ ਬਰਾੜ (ਡੀ.ਪੀ.ਆਰ.ਓ., ਫਾਜ਼ਿਲਕਾ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ਼੍ਰੀ ਵਿਜੇ ਪਾਲ ਟਾਕ (ਨੋਡਲ ਅਫਸਰ, ਸਿੱਖਿਆ ਵਿਭਾਗ) ਅਤੇ ਸ਼੍ਰੀ ਵਿਕਰਮ ਅਰੋੜਾ (ਸਰਪੰਚ, ਘੱਲੂ) ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।
ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਨਾਲ ਹੋਈ। ਇਸ ਉਪਰੰਤ ਸਕੂਲੀ ਵਿਦਿਆਰਥੀਆਂ ਨੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਸੁੰਦਰ ਪੁਸ਼ਾਕਾਂ ਵਿਚ ਛੋਟੇ-ਛੋਟੇ ਬੱਚਿਆਂ ਨੇ ਸਟੇਜ ‘ਤੇ ਸ਼ਾਨਦਾਰ ਡਾਂਸ ਪੇਸ਼ ਕਰਕੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ। ਅੱਠਵੀਂ ਜਮਾਤ ਦੀ ਵਿਦਿਆਰਥਣ ਕੋਮਲ ਦੀ ਕਵਿਤਾ ‘ਇਹ ਨਾ ਸੋਚੋ ਕਿ ਭਾਰਤ ਦੀ ਤਲਵਾਰ ਸੁੱਤੀ ਪਈ ਹੈ’ ਨੇ ਮੁੱਖ ਮਹਿਮਾਨ ਦਾ ਧਿਆਨ ਖਿੱਚਿਆ। ਸਕੂਲੀ ਵਿਦਿਆਰਥੀਆਂ ਨੇ ਪੰਜਾਬ ਦੇ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ। ਇਸ ਮੌਕੇ ਪੇਸ਼ਕਾਰੀ ਕਰਨ ਵਾਲੇ ਬਚਿਆਂ ਨੁੰ ਮੁੱਖ ਮਹਿਮਾਨਾਂ ਵੱਲੋਂ ਪੁਸਤਕਾਂ ਭੇਟ ਕੀਤੀਆਂ ਗਈਆਂ।
ਇਸ ਤੋਂ ਇਲਾਵਾ ਪੰਜਾਬੀ ਲੋਕ ਗੀਤ, ਰਾਜਸਥਾਨੀ ਲੋਕ ਨਾਚ, ਡਾਂਸ ਕੋਰੀਓਗ੍ਰਾਫੀ, ਅੰਗਰੇਜ਼ੀ ਵਿੱਚ ਭਾਸ਼ਣ, ਸੋਲੋ ਡਾਂਸ ਆਦਿ ਪ੍ਰੋਗਰਾਮਾਂ ਨੇ ਲੋਕਾਂ ਨੂੰ ਨੱਚਣ ਲਾ ਦਿੱਤਾ। ਇਸ ਮੌਕੇ ਇਲਾਕੇ ਦੇ ਸੈਂਕੜੇ ਲੋਕ ਹਾਜ਼ਰ ਸਨ। ਅੰਤ ਵਿੱਚ ਸਕੂਲ ਦੇ ਪ੍ਰਿੰਸੀਪਲ ਸ੍ਰੀ ਆਰ.ਆਰ.ਭੋਭਰੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਮੁੱਖ ਮਹਿਮਾਨ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਦਾ ਸੰਚਾਲਨ ਅਧਿਆਪਕਾ ਸ੍ਰੀਮਤੀ ਉਰਮਿਲਾ ਦੇਵੀ ਨੇ ਕੀਤਾ।