ਫਾਜ਼ਿਲਕਾ ਪੁਲਿਸ ਵਲੋਂ SSP ਵਰਿੰਦਰ ਬਰਾੜ ਦੀ ਅਗਵਾਈ ਵਿੱਚ ਹਰ ਪਿੰਡ ਅਤੇ ਸ਼ਹਿਰ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ “ਪੋਜੈਕਟ ਸੰਪਰਕ”
ਫਾਜ਼ਿਲਕਾ, 18 ਨਵੰਬਰ
ਸ੍ਰੀ ਗੌਰਵ ਯਾਦਵ ਆਈ.ਪੀ.ਐਸ, ਡਾਇਰੈਕਟਰ ਜਨਰਲ ਆਫ ਪੁਲਿਸ ਪੰਜਾਬ ਦੀਆਂ ਹਦਾਇਤਾਂ ਮੁਤਾਬਿਕ ਵਰਿੰਦਰ ਸਿੰਘ ਬਰਾੜ ਐਸ.ਐਸ.ਪੀ ਫਾਜਿਲਕਾ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਅਤੇ ਉਹਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ “ਪ੍ਰੋਜੈਕਟ ਸੰਪਰਕ” ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਦੇ ਤਹਿਤ ਫਾਜਿਲਕਾ ਪੁਲਿਸ ਦੇ ਸਮੂਹ ਗਜਟਿਡ ਅਫਸਰਾਂ ਅਤੇ ਮੁੱਖ ਅਫਸਰ ਥਾਣਿਆਂ ਦੀ ਨਿਗਰਾਨੀ ਹੇਠ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਵਿੱਚ ਬਣਾਈਆਂ ਗਈਆਂ ਗਰਾਮ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਹਨਾਂ ਮੀਟਿੰਗਾਂ ਦੌਰਾਨ ਹਰੇਕ ਵਰਗ ਜਿਵੇਂ ਕਿ ਪਿੰਡਾਂ ਦੇ ਮੋਹਤਬਰ ਪੁਰਸ਼, ਔਰਤਾਂ ਅਤੇ ਨੌਜਵਾਨਾਂ ਨੂੰ ਸ਼ਾਮਲ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕੀਤਾ ਜਾ ਰਿਹਾ ਹੈ।
ਗਰਾਮ ਰੱਖਿਆ ਕਮੇਟੀਆਂ ਨਾਲ ਹੁਣ ਤੱਕ ਕੀਤੀਆਂ 32 ਮੀਟਿੰਗਾਂ
ਫਾਜਿਲਕਾ ਪੁਲਿਸ ਦੇ ਸਮੂਹ ਗਜਟਿਡ ਅਫਸਰਾਂ ਅਤੇ ਮੁੱਖ ਅਫਸਰ ਥਾਣਿਆਂ ਦੀ ਨਿਗਰਾਨੀ ਹੇਠ ਜਿਲ੍ਹਾ ਦੇ ਵੱਖ—ਵੱਖ ਪਿੰਡਾਂ ਵਿੱਚ ਗਰਾਮ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਇਸ ਪ੍ਰੋਜੈਕਟ ਤਹਿਤ ਹੁਣ ਤੱਕ ਵੱਖ ਵੱਖ ਪਿੰਡਾਂ ਵਿੱਚ ਕਰੀਬ 32 ਮੀਟਿੰਗਾਂ/ਸੈਮੀਨਾਰ ਆਯੋਜਿਤ ਕੀਤੇ ਜਾ ਚੁੱਕੇ ਹਨ। ਇਸਦਾ ਉਦੇਸ਼ ਲੋਕਾਂ ਨਾਲ ਸਾਂਝ ਨੂੰ ਮਜਬੂਤ ਕਰਨਾ ਹੈ। ਇਸ ਸੈਮੀਨਾਰ ਵਿੱਚ ਲੋਕਾਂ ਨੂੰ ਨਸ਼ੇ ਦੇ ਖਤਰਨਾਕ ਪ੍ਰਭਾਵਾਂ ਅਤੇ ਸਿਹਤ ਤੇ ਇਸਦੇ ਨਤੀਜਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ।
ਨਸ਼ਾ ਛੱਡਣ ਵਾਲੇ ਵਿਅਕਤੀਆਂ ਦੀ ਮਦਦ:
ਇਸ ਮੁਹਿੰਮ ਵਿੱਚ ਨਸ਼ੇ ਦੀ ਆਦਤ ਨੂੰ ਛੱਡਣ ਵਾਲੇ ਵਿਅਕਤੀਆਂ ਨੂੰ ਮਦਦ ਪਹੁੰਚਾਈ ਜਾ ਰਹੀ ਹੈ। ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਜੇਕਰ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ, ਤਾਂ ਉਸਨੂੰ ਨਸ਼ਾ ਮੁਕਤੀ ਕੇਂਦਰਾਂ ਵਿੱਚ ਇਲਾਜ ਲਈ ਭੇਜਿਆ ਜਾਵੇ। ਨਸ਼ਾ ਮੁਕਤੀ ਕੇਂਦਰਾਂ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਤਜਰਬਾ ਹਾਸਲ ਪੇਸ਼ੇਵਰ ਸੇਵਾ ਅਤੇ ਮਦਦ ਮਿਲੇਗੀ, ਜਿਸ ਨਾਲ ਉਹ ਆਸਾਨੀ ਨਾਲ ਨਸ਼ੇ ਦੀ ਲਤ ਤੋਂ ਛੁਟਕਾਰਾ ਪ੍ਰਾਪਤ ਕਰ ਸਕਦੇ ਹਨ। ਸੈਮੀਨਾਰਾਂ ਵਿੱਚ ਕਮੇਟੀਆਂ ਦੇ ਮੈਂਬਰਾਂ ਨੂੰ ਇਸ ਗੱਲ ਲਈ ਉਤਸਾਹਿਤ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਪਿੰਡ ਵਿੱਚ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਹਿਚਾਣ ਕਰਨ ਅਤੇ ਉਨ੍ਹਾਂ ਨੂੰ ਨਸ਼ਾ ਛੁਡਾਉਣ ਲਈ ਹਰ ਸੰਭਵ ਮਦਦ ਦੇਣ ਲਈ ਹਮੇਸ਼ਾ ਤਿਆਰ ਰਹਿਣ।
ਪੁਲਿਸ ਅਤੇ ਜਨਤਾ ਦੇ ਵਿਚਕਾਰ ਮੇਲਜੋਲ:
“ਪ੍ਰੋਜੈਕਟ ਸੰਪਰਕ” ਦਾ ਮੁੱਖ ਮਕਸਦ ਪੁਲਿਸ ਅਤੇ ਪਬਲਿਕ ਦੇ ਵਿਚਕਾਰ ਭਰੋਸਾ ਅਤੇ ਮੇਲਜੋਲ ਨੂੰ ਮਜ਼ਬੂਤ ਕਰਨਾ ਹੈ। ਸੈਮੀਨਾਰਾਂ ਵਿੱਚ ਲੋਕਾਂ ਨੂੰ ਇਹ ਵੀ ਸਿੱਖਾਇਆ ਜਾ ਰਿਹਾ ਹੈ ਕਿ ਜੇਕਰ ਉਹ ਕਿਸੇ ਪਿੰਡ ਜਾਂ ਸ਼ਹਿਰ ਵਿੱਚ ਨਸ਼ਾ ਕਰਨ ਵਾਲੀ ਕੋਈ ਸਥਿਤੀ ਦੇਖਦੇ ਹਨ ਜਾਂ ਨਸ਼ਾ ਤਸਕਰੀ ਬਾਰੇ ਜਾਣਕਾਰੀ ਰੱਖਦੇ ਹਨ, ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨਾਲ ਸੰਪਰਕ ਕਰ ਸਕਦੇ ਹਨ। ਇਹ ਮੇਲਜੋਲ ਇਸ ਲਈ ਜਰੂਰੀ ਹੈ ਤਾਂ ਕਿ ਪੁਲਿਸ ਨੂੰ ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ ਕਰਨ ਵਿੱਚ ਸਹਾਇਤਾ ਮਿਲ ਸਕੇ।
ਨਸ਼ਾ ਤਸਕਰੀ ਦੇ ਖਿਲਾਫ ਕਾਰਵਾਈ:
ਫਾਜਿਲਕਾ ਪੁਲਿਸ ਇਸ ਗੱਲ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਨਸ਼ਾ ਤਸਕਰਾਂ ਦੇ ਖਿਲਾਫ ਵਿਆਪਕ ਅਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਦੇ ਮੰਤਵ ਨਾਲ, ਜਨਤਾ ਅਤੇ ਪੁਲਿਸ ਇਕੱਠੇ ਨਸ਼ਾ ਤਸਕਰੀ ਨੂੰ ਰੋਕਣ ਵਿੱਚ ਯੋਗਦਾਨ ਪਾ ਸਕਦੇ ਹਨ। ਇਸ ਪ੍ਰੌਜੈਕਟ ਤਹਿਤ ਲੋਕ ਵੀ ਪੁਲਿਸ ਨੂੰ ਮਾੜੇ ਅਨਸਰਾਂ ਦੀਆਂ ਸੂਚਨਾਵਾਂ ਦੇ ਰਹੇ ਹਨ।
ਪ੍ਰੋਜੈਕਟ ਸੰਪਰਕ ਦਾ ਉਦੇਸ਼:
ਇਸ ਮੁਹਿੰਮ ਦਾ ਮੁੱਖ ਮਕਸਦ ਪੁਲਿਸ ਤੇ ਪਬਲਿਕ ਵਿਚਕਾਰ ਆਪਸੀ ਮੇਲਜੋਲ ਵਧਾਉਣਾ ਹੈ, ਤਾਂ ਜੋ ਨਸ਼ਿਆਂ, ਸੰਗਠਿਤ ਅਪਰਾਧ, ਸਟਰੀਟ ਕ੍ਰਾਈਮ ਅਤੇ ਹੋਰ ਛੋਟੇ ਅਪਰਾਧਾਂ ਤੇ ਨੱਥ ਪਾਈ ਜਾ ਸਕੇ। ਨਿਸ਼ਚਿਤ ਤੌਰ ਤੇ, ਪ੍ਰੋਜੈਕਟ ਸੰਪਰਕ ਜਲਦੀ ਹੀ ਇੱਕ ਨਸ਼ਾ ਮੁਕਤ ਸਮਾਜ ਦੀ ਨਿਰਮਾਣ ਵਿੱਚ ਮਦਦਗਾਰ ਸਾਬਿਤ ਹੋਵੇਗਾ।



