ਕਰਮਚਾਰੀ ਅਤੇ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ

ਸਿਵਲ ਸਰਜਨ ਨੇ ਸਿਵਲ ਸਰਜਨ ਦਫਤਰ ਫਾਜ਼ਿਲਕਾ ਦਾ ਕੀਤਾ ਅਚਨਚੇਤ ਨਿਰੀਖਣ

ਫਾਜ਼ਿਲਕਾ 21 ਅਪ੍ਰੈਲ

ਸਿਵਲ ਸਰਜਨ ਡਾ.ਸਤੀਸ਼ ਕੁਮਾਰ ਗੋਇਲ ਨੇ ਅੱਜ ਸਿਵਲ ਸਰਜਨ ਦਫਤਰ ਫਾਜ਼ਿਲਕਾ ਦਾ ਦੌਰਾ ਕੀਤਾ ਅਤੇ ਸਟਾਫ ਦੀ ਚੈਕਿੰਗ ਕੀਤੀ ਜਿੱਥੇ ਹਰ ਕੋਈ ਹਾਜ਼ਰ ਪਾਇਆ ਗਿਆ। ਇਸ ਦੌਰਾਨ ਉਨ੍ਹਾਂ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਅਤੇ ਨਰਮੀ ਨਾਲ ਪੇਸ਼ ਆਉਣ। ਇਸ ਦੇ ਲਈ ਜ਼ਰੂਰੀ ਹੈ ਕਿ ਹਰ ਕਰਮਚਾਰੀ ਆਪਣੀ ਸੀਟ ‘ਤੇ ਮੌਜੂਦ ਹੋਵੇ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਦੌਰਾ ਕਰਨ ਦਾ ਮੰਤਵ ਹੈ ਕਿ ਸਟਾਫ ਸਮੇਂ ਸਿਰ ਹਾਜਰ ਹੋ ਕੇ ਦਫਤਰ ਵਿਖੇ ਆਉਣ ਵਾਲੇ ਲੋਕਾਂ ਨੂੰ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਅਤੇ ਦਫਤਰੀ ਕੰਮ-ਕਾਜ ਤੈਅ ਸਮੇਂ ਅੰਦਰ ਮੁਕੰਮਲ ਕਰਨ। ਉਨ੍ਹਾਂ ਕਿਹਾ ਕਿ ਦੌਰਾ ਕਰਨ ਨਾਲ ਸਟਾਫ਼ ਦੀਆਂ ਮੁਸ਼ਕਲਾਂ ਦਾ ਵੀ ਪਤਾ ਚਲਦਾ ਹੈ ਤੇ ਮੁਸ਼ਕਲਾਂ ਨੂੰ ਹੱਲ ਕਰਨ ਸਬੰਧੀ ਵਿਚਾਰ ਵਟਾਂਦਰਾ ਹੋ ਜਾਂਦਾ ਹੈ।  ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਹੋਰ ਵੀ ਅਸਾਨੀ ਲਿਆਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਉਨ੍ਹਾਂ ਜ਼ਿਲ੍ਹਾ ਕੋਵਿਡ ਰਿਪੋਰਟਿੰਗ ਸੈਂਟਰ ਦਾ ਦੌਰਾ ਕਰਦਿਆਂ ਹਾਜ਼ਰ ਸਟਾਫ਼ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਕੋਵਿਡ ਪਾਜ਼ੀਟਿਵ ਕੇਸ ਦੀ ਰਿਪੋਰਟ ਆਉਣ ਤੋਂ ਤੁਰੰਤ ਬਾਅਦ ਇਸ ਦੇ ਵੇਰਵੇ ਸਬੰਧਤ ਸੀਨੀਅਰ ਮੈਡੀਕਲ ਅਫ਼ਸਰ ਨੂੰ ਭੇਜੇ ਜਾਣ ਅਤੇ ਮਰੀਜ਼ ਦੀ ਰੋਜਾਨਾ ਪੱਧਰ ‘ਤੇ ਸਮੇਂ-ਸਮੇਂ ਤੇ ਜਾਂਚ ਕੀਤੀ ਜਾਵੇ।

ਇਸ ਤੋਂ ਇਲਾਵਾ ਹਰ ਕਰਮਚਾਰੀ ਨੂੰ ਮਰੀਜ਼ਾਂ ਨਾਲ ਨਰਮੀ ਨਾਲ ਪੇਸ਼ ਆਉਣ ਦੀ ਅਪੀਲ ਕਰਦਿਆਂ ਉਨ੍ਹਾ ਸਮੂਹ ਸਟਾਫ਼ ਨੂੰ ਹਦਾਇਤ ਕੀਤੀ ਹੈ ਕਿ ਹਸਪਤਾਲ ਅਤੇ ਦਫ਼ਤਰ ਵਿੱਚ ਵਿਅਕਤੀ ਪਹਿਲਾਂ ਹੀ ਬਹੁਤ ਪ੍ਰੇਸ਼ਾਨ ਹੋ ਕੇ ਆਉਂਦਾ ਹੈ, ਇਸ ਲਈ ਵਿਭਾਗ ਦੇ ਹਰ ਮੁਲਾਜ਼ਮ ਨੂੰ ਚਾਹੀਦਾ ਹੈ ਕਿ ਉਹ ਉਸ ਦਾ ਹੌਸਲਾ ਵਧਾਵੇ ਤਾਂ ਜੋ ਮਰੀਜ਼ ਜਲਦੀ ਠੀਕ ਹੋ ਕੇ ਆਪਣੇ ਘਰ ਵਾਪਸ ਚਲਾ ਜਾਵੇ ।

ਇਸ ਦੌਰਾਨ ਉਨ੍ਹਾਂ ਅਮਲਾ ਬ੍ਰਾਂਚ, ਡਰੱਗ ਸਟੋਰ, ਬਲੱਡ ਬੈਂਕ, ਐਨਐਚਐਮ ਦਫ਼ਤਰ, ਡੀਐਮਸੀ ਦਫ਼ਤਰ, ਆਮ ਆਦਮੀ ਕਲੀਨਿਕ ਫਾਜ਼ਿਲਕਾ, ਆਈਡੀਐਸਪੀ ਵਿੰਗ ਦਾ ਦੌਰਾ ਕੀਤਾ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ।

ਇਸ ਦੌਰਾਨ ਸਹਾਇਕ ਸਿਵਲ ਸਰਜਨ ਡਾ: ਬਬੀਤਾ ਵੀ ਉਨ੍ਹਾਂ ਦੇ ਨਾਲ ਸਨ।

CATEGORIES
TAGS
Share This

COMMENTS

Wordpress (0)
Disqus (0 )
Translate