ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਵਾਲੇ ਪੜ੍ਹੇ ਲਿਖੇ, ਸੂਝਵਾਨ ਤੇ ਸਟੇਟ ਅਵਾਰਡੀ ਗੁਰਪ੍ਰੀਤ ਸਿੰਘ ਦੀ ਕਹਾਣੀ
ਕਿਹਾ, 6 ਸਾਲਾਂ ਤੋਂ ਖੇਤਾਂ ਵਿੱਚ ਵਾਹ ਕੇ ਝੋਨੇ ਅਤੇ ਕਣਕ ਦੀ ਰਹਿੰਦ-ਖੂੰਹਦ ਦਾ ਸੁਚੱਜੇ ਢੰਗ ਨਾਲ ਕਰ ਰਿਹੈ ਨਿਪਟਾਰਾ
ਫਾਜ਼ਿਲਕਾ 17 ਅਕਤੂਬਰ -ਪੰਜਾਬ ਸਰਕਾਰ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਖੇਤ ਵਿੱਚ ਹੀ ਇਸ ਦੀ ਸੰਭਾਲ ਕਰਨ ਸਬੰਧੀ ਸ਼ੁਰੂ ਕੀਤੀ ਗਈ ਜਾਗਰੂਕਤਾ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਦੇ ਨਾਲ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਿਆ ਜਾਵੇ।
ਇੱਧਰ ਅਗਾਂਹਵਧੂ ਤੇ ਪੜ੍ਹੇ ਲਿਖੇ, ਸੂਝਵਾਨ, ਐੱਮ.ਏ.ਬੀ.ਐੱਡ ਤੇ ਸਟੇਟ ਅਵਾਰਡੀ ਕਿਸਾਨ ਗੁਰਪ੍ਰੀਤ ਸਿੰਘ ਆਪਣੀ ਸੂਝ ਬੂਝ ਨਾਲ ਨਾ ਸਿਰਫ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾ ਰਿਹਾ ਹੈ ਬਲਕਿ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਵੀ ਵਾਧਾ ਕਰ ਰਿਹਾ ਹੈ ਤੇ ਪਿੰਡ ਵਾਸੀਆਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਗੁਰਮੀਤ ਸਿੰਘ ਪਿਛਲੇ 6 ਸਾਲਾਂ ਤੋਂ ਆਪਣੀ ਕਣਕ ਅਤੇ ਝੋਨੇ ਦੀਆਂ ਫਸਲਾਂ ਦੀ ਰਹਿੰਦ-ਖੂੰਹਦ ਖੇਤਾਂ ਵਿੱਚ ਵਾਹ ਕੇ ਉਸ ਦਾ ਸੁਚੱਜੇ ਢੰਗ ਨਾਲ ਨਿਪਟਾਰਾ ਕਰ ਰਿਹਾ ਹੈ। ਪਿੰਡ ਪੱਟੀ ਸਦੀਕ ਤਹਿਸੀਲ ਅਬੋਹਰ, ਫਾਜ਼ਿਲਕਾ ਦੇ ਅਗਾਂਹਵਧੂ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਅਜਾਇਬ ਸਿੰਘ ਸੰਧੂ ਨੇ ਦੱਸਿਆ ਕਿ ਉਹ ਆਪਣੇ 5 ਏਕੜ ਰਕਬੇ ਵਿੱਚ ਪਿਛਲੇ 6 ਸਾਲਾਂ ਤੋਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾ ਕੇ ਸਗੋਂ ਐਸ ਐਮ ਐਸ ਕੰਬਾਈਨ, ਆਰ ਐਮ ਬੀ ਪਲੌ, ਡਿਸਕ ਹੈਰੋ, ਮਲਚਰ, ਹੈਪੀ ਸੀਡਰ ਅਤੇ ਸੁਪਰ ਸੀਡਰ ਆਦਿ ਆਧੁਨਿਕ ਖੇਤੀਬਾੜੀ ਸੰਦ ਵਰਤ ਕੇ ਪਰਾਲੀ ਨੂੰ ਖੇਤਾਂ ਵਿੱਚ ਹੀ ਜਜ਼ਬ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਉਸ ਨੇ ਆਪਣੀ ਝੋਨੇ ਦੀ ਫਸਲ ਦੀ ਕਟਾਈ ਐਸ ਐਮ ਐਸ ਕੰਬਾਈਨ ਨਾਲ ਕਰਵਾਈ ਹੈ ਤੇ ਉਸ ਤੋਂ ਬਾਅਦ ਜੋ ਰਹਿੰਦ-ਖੂੰਹਦ ਪੈਦਾ ਹੋਈ ਹੈ ਉਸ ਨੂੰ ਤਵੀਆ ਨਾਲ ਖੇਤ ਵਿੱਚ ਵਾਹ ਦਿੱਤਾ ਹੈ ਫਿਰ ਮਲਚਰ ਚਲਾ ਕੇ ਜਮੀਨ ਵਿੱਚ ਰਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਜਮੀਨ ਦੀ ਉਪਜਾਊ ਸਕਤੀ ਵਧਦੀ ਹੈ ਖਾਦਾਂ ਦੀ ਵਰਤੋਂ ਵੀ ਘਟਦੀ ਹੈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਅਤੇ ਡਾ. ਅਰਵਿੰਦ ਅਲਾਹਵਤ ਹੈਡ ਕੇਵੀਕੇ ਫਾਜਿਲਕਾ, ਡਾ ਅਨਿਲ ਸਾਗਵਾਨ ਮੁਖੀ ਖੇਤਰੀ ਖੋਜ ਕੇਦਰ ਸੀਡ ਫਾਰਮ ਅਬੋਹਰ ਤੇ ਡਾ. ਜਗਦੀਸ਼ ਅਰੋੜਾ ਸੀਡ ਫਾਰਮ ਅਬੋਹਰ ਦੀ ਪ੍ਰੇਰਨਾ ਸਦਕਾ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਤੋਂ ਹੁੰਦੇ ਨੁਕਸਾਨਾਂ ਤੋਂ ਪ੍ਰੇਰਿਤ ਹੋਣ ਉਪਰੰਤ ਉਸ ਨੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ ਅਤੇ ਪਿਛਲੇ 6 ਸਾਲ ਤੋਂ ਆਪਣੇ ਖੇਤ ਵਿੱਚ ਪਰਾਲੀ ਨੂੰ ਅੱਗ ਨਹੀ ਲਗਾਈ ਹੈ।ਕਿਸਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਨ ਦਾ ਪ੍ਰਦੂਸ਼ਿਤ ਹੁੰਦਾ ਨਾਲ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ। ਕਿਸਾਨ ਨੇ ਕਿਹਾ ਕਿ ਉਹ ਜਦੋਂ ਤੋਂ ਉਸ ਨੇ ਆਪਣੇ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣੀ ਬੰਦ ਕੀਤੀ ਹੈ, ਉਸ ਦੀਆਂ ਫਸਲਾਂ ਦਾ ਝਾੜ ਵੀ ਵੱਧ ਆਉਂਦਾ ਹੈ ਅਤੇ ਖਾਦਾਂ ਦੀ ਵਰਤੋਂ ਵੀ ਘੱਟ ਗਈ ਹੈ। ਇਸ ਕਰਕੇ ਉਸ ਦਾ ਖਰਚਾ ਕਾਫੀ ਘਟਿਆ ਹੈ। ਉਨ੍ਹਾਂ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੀ ਫਸਲ ਦੀ ਰਹਿੰਦ ਨੂੰ ਸਾੜਨ ਦੀ ਬਜਾਏ ਖੇਤ ਵਿੱਚ ਹੀ ਵਹਾਉਣ ਫਿਰ ਦੇਖਣ ਕਿ ਉਨ੍ਹਾਂ ਦੀ ਫਸਲ ਦਾ ਝਾੜ ਕਿੰਨਾ ਵਧਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਹ ਫਸਲਾਂ ਦੀ ਰਹਿੰਦ ਖੁਹੰਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ ਤੇ ਧਰਤੀ ਦੀ ਸੰਭਾਲ ਵਿਚ ਆਪਣਾ ਵੱਡਮੁਲਾ ਯੋਗਦਾਨ ਪਾ ਰਿਹਾ ਹੈ।


