ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦੀ ਸਰਵਸੰਮਤੀ ਨਾਲ ਹੋਈ ਚੋਣ, ਬਖ਼ਸ਼ੀਸ਼ ਸਿੰਘ (ਹੈਪੀ) ਤੀਜੀ ਵਾਰ ਬਣੇ ਪ੍ਰਧਾਨ
ਫ਼ਾਜ਼ਿਲਕਾ 25 ਜੁਲਾਈ। ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਵੱਲੋਂ ਅੱਜ ਇਕ ਵਿਸ਼ੇਸ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ (ਹੈਪੀ) ਦੀ ਅਗਵਾਈ ਹੇਠ ਜਲਾਲਾਬਾਦ ਵਿਖੇ ਹੋਈ। ਇਸ ਮੀਟਿੰਗ ਵਿੱਚ ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਦਾ ਕਾਰਜਕਾਲ ਪੂਰਾ ਹੋਣ ਉਪਰੰਤ ਸਰਵਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਦੀ ਚੋਣ ਕੀਤੀ ਗਈ। ਇਸ ਮੌਕੇ ਸਮੂਹ ਪੱਤਰਕਾਰਾਂ ਵੱਲੋਂ ਪੇਸ਼ ਕੀਤੇ ਗਏ ਵਿਚਾਰਾਂ ਦੇ ਆਧਾਰ ‘ਤੇ ਸਰਬਸੰਮਤੀ ਨਾਲ ਪਹਿਲਾਂ ਤੋਂ ਚੱਲੇ ਆ ਰਹੇ ਪ੍ਰਧਾਨ ਬਖ਼ਸ਼ੀਸ਼ ਸਿੰਘ (ਹੈਪੀ) ਦੀਆ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਮੁੜ ਅਗਲੇ ਦੋ ਸਾਲਾਂ ਲਈ ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ।
ਮੀਟਿੰਗ ਦੌਰਾਨ ਸਰਬਸੰਮਤੀ ਦੇ ਨਾਲ ਇਹ ਫੈਸਲਾ ਲਿਆ ਗਿਆ ਕਿ ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦਾ ਵਿਸਥਾਰ ਕਰਦੇ ਹੋਏ ਇਲੈਕਟ੍ਰਾਨਿਕ ਦੇ ਨਾਲ ਪ੍ਰਿੰਟ ਅਤੇ ਸ਼ੋਸ਼ਲ ਮੀਡੀਆ ਨੂੰ ਵੀ ਨਾਲ ਜੋੜਿਆ ਗਿਆ, ਜਿਸ ਦੇ ਚਲਦਿਆ ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਐਸੋਸੀਏਸ਼ਨ ਦਾ ਨਾਮ ਬਦਲ ਕੇ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਕਰ ਦਿੱਤਾ ਗਿਆ। ਮੀਟਿੰਗ ਦੌਰਾਨ ਫ਼ਾਜ਼ਿਲਕਾ ਤੋਂ ਜਗਬਾਣੀ/ਪੰਜਾਬ ਕੇਸਰੀ ਦੇ ਸੀਨੀਅਰ ਪੱਤਰਕਾਰ ਲੀਲਾਧਰ ਸ਼ਰਮਾ, ਸਰਹਦ ਕੇਸਰੀ ਤੋਂ ਸਾਜਨ ਗੁਗਲਾਨੀ, ਪ੍ਰਤਾਪ ਕੇਸਰੀ ਤੋਂ ਰਾਜਨ ਕੁੱਕੜ, ਕਪਿਲ ਜਸੂਜਾ, ਬੀ.ਬੀ.ਸੀ ਇੰਟਰਨੈਸ਼ਨਲ ਰੇਡੀਓ ਤੋਂ ਸੁਖਵਿੰਦਰ ਸਿੰਘ, ਸੋਸ਼ਲ ਮੀਡੀਆ ਤੋਂ ਸੰਜੂ ਗਿਲਹੋਤਰਾ, ਧੀਰਜ ਕੁਮਾਰ (ਸੰਨੀ), ਵਿਸ਼ੂ ਛਾਬੜਾ, ਮੰਡੀ ਲਾਧੂਕਾ ਤੋ ਅਜੀਤ ਦੇ ਪੱਤਰਕਾਰ ਰਾਕੇਸ਼ ਛਾਬੜਾ, ਜਲਾਲਾਬਾਦ ਤੋਂ ਜਗਬਾਣੀ/ਪੰਜਾਬ ਕੇਸਰੀ ਦੇ ਪੱਤਰਕਾਰ ਟੀਨੂੰ ਮਦਾਨ, ਜਗਬਾਣੀ/ਪੰਜਾਬ ਕੇਸਰੀ ਤੋਂ ਅਜੀਤ ਸਿੰਘ ਮਿੱਕੀ, ਰਾਕੇਸ਼ ਉਪਣੇਜਾ, ਦੈਨਿਕ ਸਵੇਰਾ ਤੋਂ ਸੋਨੂੰ ਮਹੰਤ, ਰੁਪਾਣਾ ਸਮਾਚਾਰ ਤੋਂ ਹਨੀ ਕਟਾਰੀਆ, ਬਲਵਿੰਦਰ ਸਿੰਘ ਆਦਿ ਨਵੇਂ ਮੈਂਬਰਾਂ ਬਣਾਏ ਗਏ। ਇਸ ਦੌਰਾਨ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਗੋਇਲ, ਉਪ ਪ੍ਰਧਾਨ ਅਰਵਿੰਦਰ ਤਨੇਜਾ, ਖ਼ਜ਼ਾਨਚੀ ਬਲਜੀਤ ਸਿੰਘ, ਸਲਾਹਕਾਰ ਬੀ. ਐੱਸ ਰਾਣੂ ਨੇ ਸਰਵਸੰਮਤੀ ਨਾਲ ਮੁੜ ਬਣੇ ਜ਼ਿਲ੍ਹਾ ਪ੍ਰਧਾਨ ਅਤੇ ਨਵ- ਨਿਯੁਕਤ ਮੈਂਬਰਾਂ ਨੂੰ ਵਧਾਈ ਦਿੱਤੀ।
ਇਸ ਮੌਕੇ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਬਖਸ਼ੀਸ਼ ਸਿੰਘ (ਹੈਪੀ) ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਪੱਤਰਕਾਰੀ ਦੇ ਕਿਤੇ ਵਿਚ ਇਮਾਨਦਾਰ ਛਵੀ ਵਾਲੇ ਪੱਤਰਕਾਰਾਂ ਨੂੰ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਵਿਚ ਆਪਣੇ ਨਾਲ ਜੋੜਨ ਦਾ ਯਤਨ ਕਰੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਇਲੈਕਟ੍ਰੋਨਿਕ ਅਤੇ ਪ੍ਰਿੰਟ ਮੀਡੀਆ ਐਸੋਸੀਏਸ਼ਨ ਫ਼ਾਜ਼ਿਲਕਾ ਵਿਚ ਸ਼ਾਮਲ ਹੋਣ ਵਾਲੇ ਪੱਤਰਕਾਰਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ।
ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਸੁਰਿੰਦਰ ਗੋਇਲ ਅਤੇ ਮੀਤ ਪ੍ਰਧਾਨ ਅਰਵਿੰਦਰ ਤਨੇਜਾ ਨੇ ਕਿਹਾ ਕਿ ਪੱਤਰਕਾਰਾਂ ਦੀਆਂ ਮੁਸ਼ਕਿਲਾਂ ਸੰਬੰਧੀ ਆਉਣ ਵਾਲੇ ਦਿਨਾਂ ਵਿੱਚ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਜਾਵੇਗੀ ਜਿਸ ਵਿਚ ਨਵੇਂ ਚੁਣੇ ਗਏ ਮੈਂਬਰਾਂ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੀਟਿੰਗ ਦੌਰਾਨ ਹਰ ਇੱਕ ਸਾਥੀ ਆਪਣੀ ਮੁਸ਼ਕਿਲ ਸਾਂਝੀ ਕਰੇਗਾ ਅਤੇ ਯੂਨੀਅਨ ਦੇ ਵੱਲੋਂ ਸਾਂਝੇ ਤੌਰ ਤੇ ਹੱਲ ਕਰਨ ਦੇ ਯਤਨ ਕੀਤੇ ਜਾਣਗੇ ਤਾ ਜੋ ਭਵਿੱਖ ਵਿੱਚ ਕਿਸੇ ਵੀ ਪੱਤਰਕਾਰ ਨੂੰ ਫੀਲਡ ਵਿਚ ਆ ਰਹੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਚੇਅਰਮੈਨ ਸੁਰਿੰਦਰ ਗੋਇਲ ਨੇ ਕਿਹਾ ਕਿ ਪੀਲੀ ਪੱਤਰਕਾਰੀ ਕਰਨ ਵਾਲੇ ਪੱਤਰਕਾਰਾਂ ਦਾ ਐਸੋਸੀਏਸ਼ਨ ਸਾਥ ਨਹੀਂ ਦੇਵੇਗੀ।
ਇਸ ਮੌਕੇ ਐਸੋਸੀਏਸ਼ਨ ਦੇ ਜਰਨਲ ਸਕੱਤਰ ਸੁਨੀਲ ਨਾਗਪਾਲ ਅਤੇ ਖਜਾਨਚੀ ਬਲਜੀਤ ਸਿੰਘ ਨੇ ਕਿਹਾ ਕਿ ਆਪਣਾ ਸਮਾਜਿਕ ਫਰਜ ਸਮਝਦੇ ਹੋਏ ਜ਼ਿਲ੍ਹਾ ਇਲੈਕਟ੍ਰੋਨਿਕ ਮੀਡੀਆ ਜਿਥੇ ਲੋਕਾਂ ਦੀਆ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਾਏਗਾ, ਉਥੇ ਸਮਾਜ ਭਲਾਈ ਲਈ ਵੀ ਅਹਿਮ ਉਪਰਾਲੇ ਕੀਤੇ ਜਾਣਗੇ ।