ਪੰਜਾਬ ਵਿਧਾਨ ਸਭਾ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਪਹੁੰਚਾਉਣ ਲਈ ਵਿਧਾਨ ਸਭਾ ‘ਚ ਵੀ ਲਾਗੂ ਕਰਾਵਾਂਗੇ ਸੰਕੇਤਿਕ ਭਾਸ਼ਾ-ਡਾ.ਬਲਜੀਤ ਕੌਰ

ਕਿਹਾ, ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਨੂੰ ਨਿਆਂ ਦਿਵਾਉਣ ਲਈ ਪੰਜਾਬ ਪੁਲਿਸ ਨੂੰ ਵੀ ਸੰਕੇਤਿਕ ਭਾਸ਼ਾ ਦੀ ਦਿੱਤੀ ਜਾਵੇਗੀ ਸਿਖਲਾਈ
-ਪਟਿਆਲਾ ‘ਚ ਹੋਇਆ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦਾ ਰਾਜ ਪੱਧਰੀ ਸਮਾਗਮ
-ਹਰ ਇਨਸਾਨ ‘ਚ ਕੋਈ ਨਾ ਕੋਈ ਅਪੰਗਤਾ ਕੁਦਰਤ ਦਾ ਅਸੂਲ, ਇਸ ਲਈ ਬੋਲ ਜਾਂ ਸੁਣ ਨਾ ਸਕਣਾ ਤਰੱਕੀ ਦੇ ਰਾਹ ‘ਚ ਰੁਕਾਵਟ ਨਹੀਂ-ਡਾ. ਬਲਜੀਤ ਕੌਰ
-ਕਿਹਾ, ਸੰਕੇਤਿਕ ਭਾਸ਼ਾ ਨੂੰ ਬਣਦੀ ਤਰਜੀਹ ਦੇਣਾ ਵੀ ਪੰਜਾਬ ਸਰਕਾਰ ਦੀਆਂ ਤਰਜੀਹਾਂ ‘ਚ ਸ਼ਾਮਲ
ਪਟਿਆਲਾ, 23 ਸਤੰਬਰ:
ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਵਿਭਾਗਾਂ ਦੇ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਹੈ ਕਿ ਬੋਲਣ ਤੇ ਸੁਨਣ ਤੋਂ ਅਸਮਰੱਥ ਲੋਕ ਵੀ ਸਾਡੇ ਸਮਾਜ ਦਾ ਇੱਕ ਅਹਿਮ ਹਿੱਸਾ ਹਨ, ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਸੰਕੇਤਿਕ ਭਾਸ਼ਾ ਨੂੰ ਵੀ ਪੂਰੀ ਤਰਜੀਹ ਦੇ ਰਹੀ ਹੈ। ਉਹ ਪਟਿਆਲਾ ਵਿਖੇ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦਿਵਸ ਦੇ ਰਾਜ ਪੱਧਰੀ ਸਮਾਗਮ ਵਿੱਚ ਸ਼ਿਰਕਤ ਕਰਨ ਪੁੱਜੇ ਹੋਏ ਸਨ।
ਇਸ ਮੌਕੇ ਡਾ. ਬਲਜੀਤ ਕੌਰ ਨੇ ਦੱਸਿਆ ਕਿ ਜਲਦੀ ਹੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੀ ਸਲਾਹ ਨਾਲ ਸਦਨ ਦੀ ਕਾਰਵਾਈ ਨੂੰ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਤੱਕ ਵੀ ਪਹੁੰਚਾਉਣ ਲਈ ਵਿਧਾਨ ਸਭਾ ਵਿੱਚ ਵੀ ਸੰਕੇਤਿਕ ਭਾਸ਼ਾ ਨੂੰ ਲਾਗੂ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਅਜਿਹੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਪੰਜਾਬ ਪੁਲਿਸ ਨੂੰ ਵੀ ਸੰਕੇਤਿਕ ਭਾਸ਼ਾ ਦੀ ਸਿਖਲਾਈ ਕਰਵਾਈ ਜਾਵੇਗੀ।
ਡਾ. ਬਲਜੀਤ ਕੌਰ ਨੇ ਕਿਹਾ ਕਿ ਕੁਦਰਤੀ ਅਸੂਲ ਮੁਤਾਬਕ ਹਰ ਇਨਸਾਨ ‘ਚ ਕੋਈ ਨਾ ਕੋਈ ਅਪੰਗਤਾ ਹੈ ਤੇ ਇਹ ਕਿਸੇ ਇੱਕ ਵਰਗ ਤੱਕ ਸੀਮਤ ਨਹੀਂ ਹੈ, ਇਸ ਲਈ ਕਿਸੇ ਇੱਕ ਪੱਖੋਂ ਪਛੜੇ ਲੋਕਾਂ ਨੂੰ ਹੌਂਸਲਾ ਦੇ ਕੇ ਅੱਗੇ ਵਧਾਉਣਾ ਸਾਡਾ ਸਭ ਦਾ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਜੋ ਖਾਮੋਸ਼ ਹਨ, ਉਨ੍ਹਾਂ ਅੰਦਰ ਵੀ ਇੱਕ ਵੱਡਾ ਤੁਫ਼ਾਨ ਹੁੰਦਾ ਹੈ ਤੇ ਉਨ੍ਹਾਂ ਦੀ ਛੁਪੀ ਪ੍ਰਤਿਭਾ ਨੂੰ ਪਛਾਣ ਕੇ ਅੱਗੇ ਲਿਆਂਦਾ ਜਾਵੇਗਾ ਤੇ ਪੰਜਾਬ ਸਰਕਾਰ ਇਸ ਪਾਸੇ ਦ੍ਰਿੜਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਰੀਰਕ ਪੱਖੋਂ ਕਿਸੇ ਅੰਗ ਤੋਂ ਵਾਂਝੇ ਹੋਣ ਨਾਲ ਕੋਈ ਵਿਅਕਤੀ ਅਧੂਰਾ ਨਹੀਂ ਹੁੰਦਾ ਸਗੋਂ ਮਾਨਸਿਕ ਤੌਰ ‘ਤੇ ਅਧੂਰੇ ਹੋਣਾ ਵੱਡੀ ਘਾਟ ਹੈ।
ਸਮਾਜਿਕ ਸੁਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਦੂਜੇ ਨੂੰ ਸਮਝਣ ਲਈ ਭਾਸ਼ਾ ਇੱਕ ਮਾਧਿਅਮ ਹੈ ਪਰੰਤੂ ਪਿਆਰ, ਮੁਹੱਬਤ, ਸਦਭਾਵਨਾ ਤੇ ਰਹਿਮ ਦਿਲ ਹੋਣਾ ਸਭ ਤੋਂ ਵੱਡੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਹਾਸ਼ੀਏ ਵੱਲ ਧੱਕੇ ਗਏ ਲੋਕ ਉਦੋਂ ਹੀ ਪੈਦਾ ਹੁੰਦੇ ਹਨ, ਜਦੋਂ ਉਨ੍ਹਾਂ ਦੀ ਗੱਲ ਨਹੀਂ ਸੁਣੀ ਜਾਂਦੀ, ਇਸ ਲਈ ਅਜਿਹੇ ਦੱਬੇ-ਕੁਚਲੇ ਲੋਕਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਲਈ ਪੰਜਾਬ ਸਰਕਾਰ ਅਹਿਮ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੋਲਣ ਤੇ ਸੁਣਨ ਤੋਂ ਅਸਮਰਥ ਲੋਕ ਤੇ ਖਾਸ ਕਰਕੇ ਅਜਿਹੇ ਬੱਚੇ ਇਸ ਨੂੰ ਆਪਣੀ ਤਰੱਕੀ ਦੀ ਰਾਹ ਵਿੱਚ ਰੁਕਾਵਟ ਨਾ ਸਮਝਣ ਸਗੋਂ ਉਨ੍ਹਾਂ ਲਈ ਸੰਕੇਤਿਕ ਭਾਸ਼ਾ ਨਵੇਂ ਦਰਵਾਜੇ ਖੋਲ੍ਹੇਗੀ ਤੇ ਉਹ ਜੋ ਚਾਹੁਣ ਉਹ ਕਰ ਸਕਦੇ ਹਨ।
ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦੀ ਪ੍ਰਸ਼ੰਸਾ ਕਰਦਿਆਂ ਡਾ. ਬਲਜੀਤ ਕੌਰ ਨੇ ਕਿਹਾ ਕਿ ਸਰੀਰਕ ਪੱਖੋਂ ਚੁਣੌਤੀ ਭਰਪੂਰ ਬੱਚਿਆਂ ਨੂੰ ਅੱਗੇ ਵਧਣ ਲਈ ਸਾਜਗ਼ਾਰ ਮਾਹੌਲ ਪ੍ਰਦਾਨ ਕਰਕੇ ਪਟਿਆਲਾ ਜ਼ਿਲ੍ਹੇ ਨੇ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕੈਬਨਿਟ ਮੰਤਰੀ ਦਾ ਸਵਾਗਤ ਕੀਤਾ ਅਤੇ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੋਲਣ ਤੇ ਸੁਣਨ ਤੋਂ ਅਸਮਰਥ ਲੋਕਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਨੋਇਡਾ ਡੈਫ਼ ਸੁਸਾਇਟੀ ਦੀ ਰਵਿੰਦਰ ਕੌਰ ਨੇ ਅੰਤਰਰਾਸ਼ਟਰੀ ਸੰਕੇਤਿਕ ਭਾਸ਼ਾ ਦੇ ਪਿਛੋਕੜ ਬਾਰੇ ਦਸਦਿਆਂ ਪੰਜਾਬ ਸਰਕਾਰ ਵੱਲੋਂ ਇਸ ਕੌਮਾਂਤਰੀ ਦਿਵਸ ਮੌਕੇ ਪਟਿਆਲਾ ਵਿਖੇ ਰਾਜ ਪੱਧਰੀ ਸਮਾਗਮ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਸਮਾਗਮ ਮੌਕੇ ਪਟਿਆਲਾ ਸਕੂਲ ਫਾਰ ਦੀ ਡੈੱਫ਼, ਪਟਿਆਲਾ ਐਸੋਸੀਏਸ਼ਨ ਫ਼ਾਰ ਦੀ ਡੈਫ਼, ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਹੀਅਰਿੰਗ ਇੰਪੇਅਰਡ, ਨੋਇਡਾ ਡੈਫ ਸੁਸਾਇਟੀ ਤੇ ਸਪੀਕਿੰਗ ਹੈਂਡਸ ਸੁਸਾਇਟੀ ਰਾਜਪੁਰਾ ਦੇ ਵਿਦਿਆਰਥੀਆਂ ਨੇ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ, ਐਸ.ਐਸ.ਪੀ. ਡਾ. ਨਾਨਕ ਸਿੰਘ, ਏ.ਡੀ.ਸੀ. (ਸ਼ਹਿਰੀ ਵਿਕਾਸ) ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਅਰਵਿੰਦ ਕੁਮਾਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਚੀਮਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ, ਸੁਸਾਇਟੀ ਫਾਰ ਵੈਲਫੇਅਰ ਆਫ਼ ਹੈਂਡੀਕੈਪਡ ਦੇ ਸਕੱਤਰ ਕਰਨਲ ਕਰਮਿੰਦਰ ਸਿੰਘ, ਪਟਿਆਲਾ ਐਸੋਸੀਏਸ਼ਨ ਆਫ਼ ਡੈਫ ਦੇ ਜਗਦੀਪ ਸਿੰਘ ਤੋਂ ਇਲਾਵਾ ਪੰਜਾਬ ਭਰ ਤੋਂ ਆਏ ਬੋਲਣ ਤੇ ਸੁਨਣ ਤੋਂ ਅਸਮਰਥ ਲੋਕਾਂ ਨੇ ਵੀ ਵੱਡੀ ਗਿਣਤੀ ‘ਚ ਸ਼ਿਰਕਤ ਕੀਤੀ।


CATEGORIES
Share This

COMMENTS

Wordpress (0)
Disqus (0 )
Translate