ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ 22ਵਾਂ ਮਹਾਨ ਕੀਰਤਨ ਦਰਬਾਰ ਸਫਲਤਾਪੂਰਵਕ ਸੰਪੰਨ

ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਰਤਨ ਵਿੱਚ ਸੰਗਤਾਂ ਨੇ ਪ੍ਰਾਪਤ ਕੀਤੀਆਂ ਅਸੀਸਾਂ, ਸਮਾਜ ਸੇਵਾ ਰਾਹੀਂ ਬੁਰਾਈਆਂ ਨੂੰ ਰੋਕਣ ਦੇ ਯਤਨ

ਫਾਜ਼ਿਲਕਾ 8 ਸਤੰਬਰ। ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਉਤਸਵ ਨੂੰ ਸਮਰਪਿਤ 22ਵਾਂ ਮਹਾਨ ਕੀਰਤਨ ਦਰਬਾਰ ਵੱਡੇ ਹੀ ਸ਼ਰਧਾ ਭਾਵ ਨਾਲ ਕਰਵਾਇਆ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕ ਕੇ ਖੁਸ਼ੀਆਂ ਅਤੇ ਅਸੀਸਾਂ ਪ੍ਰਾਪਤ ਕੀਤੀਆਂ। ਇਸ ਰੂਹਾਨੀ ਸਮਾਗਮ ਦੀ ਸ਼ੁਰੂਆਤ ਸ਼ਾਮ 6:30 ਵਜੇ ਰਹਿਰਾਸ ਸਾਹਿਬ ਜੀ ਦੇ ਪਾਠ ਨਾਲ ਹੋਈ, ਜਿਸ ਤੋਂ ਬਾਅਦ ਭਾਈ ਅਪਾਰ ਸਿੰਘ ਜੀ ਦੇ ਜੱਥੇ ਨੇ ਗੁਰਬਾਣੀ ਦਾ ਕੀਰਤਨ ਕੀਤਾ।

ਇਸ ਸਮਾਗਮ ਵਿੱਚ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਮੁਖ ਗ੍ਰੰਥੀ ਭਾਈ ਹਰਸਿਮਰਤਜੀਤ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦੇ ਮਹੱਤਵ ਬਾਰੇ ਸੰਗਤ ਨੂੰ ਸੰਬੋਧਨ ਕੀਤਾ। ਇਸ ਤੋਂ ਬਾਅਦ, ਭਾਈ ਨਿਰਮਲ ਸਿੰਘ ਜੀ ਨੇ ਗੁਰਬਾਣੀ ਦਾ ਕੀਰਤਨ ਕਰਕੇ ਸੰਗਤ ਨੂੰ ਆਨੰਦਿਤ ਕੀਤਾ। ਇਸ ਮੌਕੇ, ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਅਮਰੀਕ ਸਿੰਘ ਨੇ ਸੁਸਾਇਟੀ ਵੱਲੋਂ ਸਮਾਜ ਵਿੱਚ ਫੈਲ ਰਹੀਆਂ ਬੁਰਾਈਆਂ ਨੂੰ ਰੋਕਣ ਲਈ ਕੀਤੇ ਜਾ ਰਹੇ ਅਹਿਮ ਯਤਨਾਂ ਬਾਰੇ ਜਾਣਕਾਰੀ ਦਿੱਤੀ।

ਸਮਾਜ ਸੇਵਾ ਦੇ ਪ੍ਰੇਰਕ ਯਤਨ 

ਭਾਈ ਅਮਰੀਕ ਸਿੰਘ ਨੇ ਦੱਸਿਆ ਕਿ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਸਿਰਫ਼ ਧਾਰਮਿਕ ਸਰਗਰਮੀਆਂ ਤੱਕ ਹੀ ਸੀਮਿਤ ਨਹੀਂ ਹੈ, ਸਗੋਂ ਸਮਾਜ ਦੀ ਭਲਾਈ ਲਈ ਵੀ ਕਈ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਸੁਸਾਇਟੀ ਪਿਛਲੇ ਪੰਜ ਸਾਲਾਂ ਤੋਂ ਫਾਜ਼ਿਲਕਾ ਵਿੱਚ “ਗੁਰੂ ਨਾਨਕ ਮੈਡੀਕਲ ਸਟੋਰ” ਰਾਹੀਂ ਸਸਤੀਆਂ ਦਵਾਈਆਂ ਉਪਲਬਧ ਕਰਾ ਰਹੀ ਹੈ, ਜਿਸ ਦਾ ਵਿਸ਼ੇਸ਼ ਤੌਰ ‘ਤੇ ਗਰੀਬ ਵਰਗ ਲਾਭ ਉਠਾ ਰਿਹਾ ਹੈ। ਇਸ ਤੋਂ ਇਲਾਵਾ, ਨਸ਼ਾ ਮੁਕਤ ਅਭਿਆਨ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਸ਼ਾਮਲ ਕਰਨ ਲਈ ਵੀ ਯਤਨ ਕੀਤੇ ਜਾ ਰਹੇ ਹਨ।

ਸੁਸਾਇਟੀ ਦੇ ਜਨਰਲ ਸਕੱਤਰ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ 49ਵਾਂ ਮਹਾਨ ਸਰਬ-ਹਿੰਦ ਸਲਾਨਾ ਸਮਾਗਮ 27, 28, 29 ਸਤੰਬਰ ਨੂੰ ਨਵੀਂ ਅਨਾਜ ਮੰਡੀ ਫਾਜ਼ਿਲਕਾ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਮਹਾਨ ਕੀਰਤਨੀਏ ਅਤੇ ਪ੍ਰਚਾਰਕ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਪਹੁੰਚਣਗੇ। ਉਨ੍ਹਾਂ ਨੇ ਸਾਰੀ ਸੰਗਤ ਨੂੰ ਬੇਨਤੀ ਕੀਤੀ ਕਿ ਵੱਧ ਤੋਂ ਵੱਧ ਹਾਜ਼ਰੀ ਲਗਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।

ਫਰੀ ਕੈਂਸਰ ਅਤੇ ਹੱਡੀ ਰੋਗਾਂ ਦੇ ਕੈਂਪ ਦੀ ਘੋਸ਼ਣਾ 

ਸੁਸਾਇਟੀ ਦੇ ਸੀਨੀਅਰ ਪ੍ਰਧਾਨ ਗੁਰਜਿੰਦਰ ਸਿੰਘ ਬੰਟੀ ਅਤੇ ਸੀਨੀਅਰ ਮੈਂਬਰ ਰਘਵੀਰ ਸਿੰਘ ਸ਼ਾਹ ਨੇ ਇਹ ਵੀ ਐਲਾਨ ਕੀਤਾ ਕਿ 27 ਅਤੇ 28 ਸਤੰਬਰ ਨੂੰ ਇੱਕ ਵਿਸ਼ੇਸ਼ ਕੈਂਸਰ ਅਤੇ ਹੱਡੀ ਰੋਗਾਂ ਦਾ ਕੈਂਪ ਲਗਾਇਆ ਜਾਵੇਗਾ। ਇਸ ਕੈਂਪ ਵਿੱਚ ਕੈਂਸਰ ਦੀਆਂ ਸਮੂਹ ਬਿਮਾਰੀਆਂ ਦੀ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ ਚੰਡੀਗੜ੍ਹ ਤੋਂ ਆਉਣ ਵਾਲੇ ਸਪੈਸ਼ਲ ਡਾਕਟਰਾਂ ਦੀ ਟੀਮ ਹੱਡੀਆਂ ਅਤੇ ਜੋੜਾਂ ਦੇ ਮਰੀਜ਼ਾਂ ਦਾ ਮੁਫ਼ਤ ਇਲਾਜ ਕਰੇਗੀ। ਸੰਗਤ ਨੂੰ ਬੇਨਤੀ ਕੀਤੀ ਗਈ ਹੈ ਕਿ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਚੁੱਕੋ।

ਇਸ ਮੌਕੇ ਉਹਨਾਂ ਦੇ ਨਾਲ ਪ੍ਰਭਜੋਤ ਸਿੰਘ, ਕਰਮਜੀਤ ਸਿੰਘ,ਹਰਵਿੰਦਰ ਸਿੰਘ ਸੱਗੂ, ਗਗਨਦੀਪ ਸਿੰਘ ਬੱਗਾ, ਗੁਰਜੀਤ ਸਿੰਘ,ਬਲਜਿੰਦਰ ਸਿੰਘ,ਬਰਜਿੰਦਰ ਸਿੰਘ,ਹਰਦੀਪ ਸਿੰਘ,ਰਘਵੀਰ ਸਿੰਘ ਮਾਸਟਰ ਜੀ,ਪਰਮਜੀਤ ਸਿੰਘ ਕਾਨੂਗੋ,ਮਨਜੀਤ ਸਿੰਘ ਗੋਲਡੀ,ਅਮਰਜੀਤ ਸਿੰਘ ਸੁਪਰਡੈਂਟ,ਜੋਗਿੰਦਰ ਸਿੰਘ ਨਾਮਧਾਰੀ, ਸਰਬਜੀਤ ਸਿੰਘ ਮਾਸਟਰ,ਗੁਰਪ੍ਰੀਤ ਸਿੰਘ ਸੋਨੂੰ,ਜਸ਼ਨਪ੍ਰੀਤ ਸਿੰਘ,ਕਰਮਪਾਲ ਸਿੰਘ ਅਤੇ ਗੁਰਜਿੰਦਰ ਸਿੰਘ ਨੇ ਆਪਣੀਆ ਸੇਵਾਵਾਂ ਦਿੱਤੀਆਂ।

CATEGORIES
TAGS
Share This

COMMENTS

Wordpress (0)
Disqus (0 )
Translate