ਕੇਂਦਰੀ ਟੀਮ ਨੇ ਜਲੰਧਰ ’ਚ ਜਲ ਸ਼ਕਤੀ ਅਭਿਆਨ ਤਹਿਤ ਕੀਤੀਆਂ ਪਹਿਲਕਦਮੀਆਂ ਦਾ ਲਿਆ ਜਾਇਜ਼ਾ
ਦੌਰੇ ਦਾ ਉਦੇਸ਼ ਜ਼ਿਲ੍ਹੇ ’ਚ ਜਲ ਸੰਭਾਲ ਤੇ ਪ੍ਰਬੰਧਨ ਅਭਿਆਸਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ
ਜਲੰਧਰ, 23 ਅਗਸਤ : ਜਲ ਸ਼ਕਤੀ ਅਭਿਆਨ ਤਹਿਤ ਕੀਤੀ ਪ੍ਰਗਤੀ ਦੀ ਸਮੀਖਿਆ ਕਰਨ ਦੇ ਉਦੇਸ਼ ਨਾਲ ਕੇਂਦਰੀ ਟੀਮ, ਜਿਸ ਵਿੱਚ ਵਿੱਤ ਮੰਤਰਾਲਾ, ਨਵੀਂ ਦਿੱਲੀ ਦੇ ਵਿੱਤੀ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਅਤੇ ਜਲ ਸ਼ਕਤੀ ਅਭਿਆਨ ਲਈ ਕੇਂਦਰੀ ਨੋਡਲ ਅਫ਼ਸਰ ਵਿਵੇਕ ਗੁਪਤਾ ਅਤੇ ਤਕਨੀਕੀ ਅਧਿਕਾਰੀ ਤੇ ਵਿਗਿਆਨੀ ਨਾਇਮਾ ਅਖ਼ਤਰ ਸ਼ਾਮਲ ਸਨ, ਵੱਲੋਂ ਅੱਜ ਇਸ ਸਕੀਮ ਤਹਿਤ ਚੱਲ ਰਹੀਆਂ ਗਤੀਵਿਧੀਆਂ ਦਾ ਨਿਰੀਖਣ ਕਰਨ ਲਈ ਜਲੰਧਰ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ।
ਦੌਰੇ ਦਾ ਉਦੇਸ਼ ਖੇਤਰ ਵਿੱਚ “ਰੇਨ ਵਾਟਰ ਹਾਰਵੈਸਟਿੰਗ “ ਅਤੇ ਪਾਣੀ ਦੀ ਸੰਭਾਲ ਸਬੰਧੀ ਲਾਗੂ ਵੱਖ-ਵੱਖ ਪ੍ਰਾਜੈਕਟਾਂ ਦੀ ਪ੍ਰਗਤੀ ਦਾ ਮੁਲਾਂਕਣ ਕਰਨਾ ਸੀ।
ਆਪਣੇ ਦੌਰੇ ਦੌਰਾਨ ਕੇਂਦਰੀ ਟੀਮ ਵੱਲੋਂ ਮਿਸ਼ਨ ਨਾਲ ਜੁੜੇ ਜ਼ਿਲ੍ਹਾ ਅਧਿਕਾਰੀਆਂ ਅਤੇ ਹੋਰ ਭਾਗੀਦਾਰਾਂ ਨਾਲ ਵਿਆਪਕ ਵਿਚਾਰ-ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਵੱਲੋਂ ਜ਼ਿਲ੍ਹੇ ਵਿੱਚ ਪਾਣੀ ਦੀ ਸੰਭਾਲ ਦੇ ਸੰਦਰਭ ਵਿੱਚ ਬਿਹਤਰੀਨ ਉਪਰਾਲਿਆਂ ਸਬੰਧੀ ਕੇਂਦਰੀ ਟੀਮ ਜਾਣੂ ਕਰਵਾਇਆ ਗਿਆ।
ਟੀਮ ਨੇ ਫਿਲੌਰ ਅਤੇ ਆਦਮਪੁਰ ਵਿੱਚ ਕਈ ਥਾਵਾਂ ਦਾ ਦੌਰਾ ਕਰਕੇ ਮੀਂਹ ਦੇ ਪਾਣੀ ਦੀ ਸੰਭਾਲ, ਪਾਣੀ ਦੀ ਸੰਭਾਲ ਅਤੇ ਜਲ ਸਰੋਤਾਂ ਦੀ ਜੀਓ-ਟੈਗਿੰਗ ਸਮੇਤ ਸਕੀਮ ਦੇ ਵੱਖ-ਵੱਖ ਪਹਿਲੂਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਵਿਸ਼ੇਸ਼ ਲੋੜਾਂ ਅਨੁਸਾਰ ਪਾਣੀ ਦੀ ਸੰਭਾਲ ਲਈ ਵਿਗਿਆਨਕ ਯੋਜਨਾਵਾਂ ਦੀ ਤਿਆਰੀ ਦਾ ਵੀ ਮੁਲਾਂਕਣ ਕੀਤਾ।
ਅਧਿਕਾਰੀਆਂ ਨੇ ਸੰਘਣੇ ਜੰਗਲ ਲਾਉਣ ਅਤੇ ਛੋਟੀਆਂ ਨਦੀਆਂ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਦੀ ਵੀ ਸਮੀਖਿਆ ਕੀਤੀ। ਮਿਸ਼ਨ ਅੰਮ੍ਰਿਤ ਸਰੋਵਰ ਅਧੀਨ ਅੰਮ੍ਰਿਤ ਸਰੋਵਰਾਂ (ਤਾਲਾਬਾਂ) ਦੇ ਨਿਰਮਾਣ ਅਤੇ ਵਿਕਾਸ ਦਾ ਮੁਆਇਨਾ ਕਰਨ ਦੇ ਨਾਲ-ਨਾਲ ਮੌਜੂਦਾ ਜਲ ਸਰੋਤਾਂ ਨੂੰ ਸਾਫ਼ ਕਰਨ ਦੇ ਯਤਨਾਂ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਤੋਂ ਇਲਾਵਾ ਟੀਮ ਵੱਲੋਂ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਸਾਂਝੇ ਜਲ ਤਾਲਾਬ, ਬੂਟੇ ਲਾਉਣ ਸਬੰਧੀ ਮੁਹਿੰਮ, ਥਾਪਰ ਮਾਡਲ ਛੱਪੜ, ਭੂਮੀ ਸੰਭਾਲ ਪ੍ਰਾਜੈਕਟ ਅਤੇ ਨਰਸਰੀਆਂ ਸਮੇਤ ਵੱਖ-ਵੱਖ ਪ੍ਰਾਜੈਕਟਾਂ ਦਾ ਦੌਰਾ ਕੀਤਾ। ਕੇਂਦਰੀ ਟੀਮ ਨੇ ਮਿਸ਼ਨ ਦੇ ਉਦੇਸ਼ਾਂ ਦੀ ਪ੍ਰਾਪਤੀ ਲਈ ਨਿਰੰਤਰ ਯਤਨਾਂ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਲਖਵਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦੌਰਾ ਜ਼ਿਲ੍ਹੇ ਭਰ ਵਿੱਚ ਅਸਰਦਾਰ ਢੰਗ ਨਾਲ ਪਾਣੀ ਦੀ ਸੰਭਾਲ ਅਤੇ ਪ੍ਰਬੰਧਨ ਗਤੀਵਿਧੀਆਂ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ, ਖਾਸ ਤੌਰ ‘ਤੇ ਜਿੱਥੇ ਪਾਣੀ ਦੀ ਕਮੀ ਇੱਕ ਅਹਿਮ ਮੁੱਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਿਸ਼ਨ ਤਹਿਤ ਸਾਰੇ ਪ੍ਰਾਜੈਕਟਾਂ ਨੂੰ ਤੇਜ਼ੀ ਨਾਲ ਨੇਪਰੇ ਚਾੜ੍ਹਿਆ ਜਾ ਰਿਹਾ ਹੈ।