ਫਾਜਿ਼ਲਕਾ ਜਿ਼ਲ੍ਹੇ ਨੂੰ ਬਾਲ ਭਿਖਿਆ ਤੋਂ ਮੁਕਤ ਕਰਨ ਲਈ ਪ੍ਰੋਜ਼ੈਕਟ ਦੀ ਸ਼ੁਰੂਆਤ, 6 ਬੱਚੇ ਭੇਜ਼ੇ ਸਕੂਲ
—ਕੋਈ ਵੀ ਬੱਚਾ ਸਕੂਲ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ—ਡਿਪਟੀ ਕਮਿਸ਼ਨਰ ਸੇਨੂੰ ਦੁੱਗਲ
—ਪੰਜਾਬ ਸਰਕਾਰ ਕਮਜੋਰ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ—ਜਗਦੀਪ ਕੰਬੋਜ਼ ਗੋਲਡੀ
ਜਲਾਲਾਬਾਦ, 13 ਦਸੰਬਰ
ਫਾਜਿ਼ਲਕਾ ਜਿ਼ਲ੍ਹੇ ਨੂੰ ਬਾਲ ਭਿਖਿਆ ਤੋਂ ਮੁਕਤ ਕਰਨ ਲਈ ਜਿ਼ਲ੍ਹਾ ਪ੍ਰਸ਼ਾਸਨ ਨੇ ਨਿਵੇਕਲੀ ਪਹਿਲ ਕੀਤੀ ਹੈ। ਇਸ ਸਬੰਧੀ ਪ੍ਰੋਜ਼ੈਕਟ ਦੀ ਜਲਾਲਾਬਾਦ ਤੋਂ ਸ਼ੁਰੂਆਤ ਕੀਤੀ ਗਈ ਅਤੇ 6 ਬੱਚਿਆਂ ਨੂੰ ਸਕੂਲ ਵਿਚ ਦਾਖਲ ਕਰਵਾ ਕੇ ਉਨ੍ਹਾਂ ਨੂੰ ਵਰਦੀਆਂ ਅਤੇ ਸਕੂਲ ਬੈਗ ਦਿੱਤੇ ਗਏ।
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਦੀ ਹਾਜਰੀ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਰਾਮਗੜੀਆਂ, (ਜਲਾਲਾਬਾਦ) ਵਿਚ ਇਨ੍ਹਾਂ ਬੱਚਿਆਂ ਦੇ ਸਕੂਲ ਵਿਚ ਦਾਖਲੇ ਤੋਂ ਬਾਅਦ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਮਜੋਰ ਵਰਗਾਂ ਦੀ ਭਲਾਈ ਨੂੰ ਵਿਸੇਸ਼ ਤਰਜੀਹ ਦੇਣ ਦੇ ਹੁਕਮ ਹਨ।
ਡਾ: ਸੇਨੂੰ ਦੁੱਗਲ ਨੇ ਕਿਹਾ ਕਿ ਸਿੱਖਿਆ ਹਰੇਕਾ ਬੱਚੇ ਦਾ ਅਧਿਕਾਰ ਹੈ ਅਤੇ ਸਿੱਖਿਆ ਸਹਾਰੇ ਹੀ ਸਮਾਜ ਵਿਚੋਂ ਅਗਿਆਨਤਾ ਦਾ ਅੰਤ ਹੋਵੇਗਾ ਅਤੇ ਸਭ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਸੰਭਵ ਹੈ। ਪਰ ਲੋਕ ਜਾਣਕਾਰੀ ਦੀ ਘਾਟ ਕਾਰਨ ਸਰਕਾਰ ਦੀ ਮੁਫ਼ਤ ਸਿੱਖਿਆ ਦੀ ਸਹੁਲਤ ਦਾ ਲਾਭ ਨਹੀਂ ਲੈ ਪਾਉਂਦੇ ਅਤੇ ਬੱਚਿਆਂ ਨੂੰ ਸਕੂਲ ਨਹੀਂ ਭੇਜਦੇ। ਪਰ ਹੁਣ ਜਿ਼ਲ੍ਹਾ ਪ੍ਰ਼ਸ਼ਾਸਨ ਵੱਲੋਂ ਬਾਲ ਸੁਰੱਖਿਆ ਯੁਨਿਟ ਅਤੇ ਸਿੱਖਿਆ ਵਿਭਾਗ ਰਾਹੀਂ ਵਿਆਪਕ ਸਰਵੇਖਣ ਕਰਵਾ ਕੇ ਅਜਿਹੇ ਬੱਚਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜ਼ੋ ਕਿ ਸਕੂਲ ਨਹੀਂ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਲਈ ਪਹਿਚਾਣ ਤੋਂ ਬਾਅਦ ਇੰਨ੍ਹਾਂ ਬੱਚਿਆਂ ਨੂੰ ਸਕੂਲ ਲਿਆਂਦਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਉਨ੍ਹਾਂ ਨੂੰ ਸਕੂਲ ਜਰੂਰ ਭੇਜਣ।
ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਪੰਜਾਬ ਸਰਕਾਰ ਕਮਜੋਰ ਵਰਗਾਂ ਦੀ ਭਲਾਈ ਲਈ ਦ੍ਰਿੜ ਸੰਕਲਪਿਤ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਸਰਕਾਰ ਦੀਆਂ ਤਰਜੀਹਾਂ ਹਨ ਅਤੇ ਕੋਈ ਵੀ ਬਾਲ ਸਿੱਖਿਆ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।
ਇਸ ਮੌਕੇ ਐਸਡੀਐਮ ਸ੍ਰੀ ਰਵਿੰਦਰ ਸਿੰਘ ਅਰੋੜਾ, ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ, ਜਿ਼ਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਿਤੂ, ਸ੍ਰੀ ਦੇਵ ਰਾਜ ਸ਼ਰਮਾ, ਟੋਨੀ ਛਾਬੜਾ, ਅਕੂੰਸ ਮੁਟਨੇਜਾ ਆਦਿ ਵੀ ਹਾਜਰ ਸਨ।