ਪਿੰਡ ਆਵਾ ਦਾ ਅਗਾਹਵਧੂ ਕਿਸਾਨ ਸ਼ਮਿੰਦਰ ਸਿੰਘ ਨੇ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਕੇ ਪਿੰਡ ਵਾਸੀਆਂ ਲਈ ਬਣੇ ਪ੍ਰੇਰਣਾ ਸਰੋਤ

·         ਖੇਤੀਬਾੜੀ ਵਿਭਾਗ ਫਾਜ਼ਿਲਕਾ ਦੇ ਬਲਾਕ ਟੈਕਨਾਲੋਜੀ ਮੈਨੇਜਰ ਵੱਲੋਂ ਕਿਸਾਨ ਦੇ ਖੇਤ ਦਾ ਕੀਤਾ ਗਿਆ ਦੌਰਾ


ਫਾਜ਼ਿਲਕਾ 13 ਦਸੰਬਰ

          ਫਾਜ਼ਿਲਕਾ ਦੇ ਪਿੰਡ ਆਵਾ ਦਾ ਅਗਾਹਵਧੂ ਕਿਸਾਨ ਸ਼ਮਿੰਦਰ ਸਿੰਘ ਜੋ ਕਿ ਨਵੀਨਤਮ ਢੰਗ ਅਤੇ ਖੇਤੀ ਮਸ਼ੀਨਰੀ ਵਰਤ ਕੇ ਆਪਣੇ ਪਿੰਡ ਦੀ ਸ਼ਾਨ ਬਣੇ ਹੋਏ ਹਨ। ਕਿਸਾਨ ਨੇ ਇਸ ਸਾਲ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਹੈ ਅਜਿਹਾ ਕਰਨ ਨਾਲ ਉਸ ਦੀ ਕਣਕ ਦੀ ਬਿਜਾਈ ਤੇ ਖਰਚ ਵੀ ਘੱਟ ਆਇਆ ਹੈ ਤੇ ਫਸਲ ਵੀ ਬਹੁਤ ਵਧੀਆ ਖੜ੍ਹੀ ਹੈ ਅਤੇ ਉਸ ਨੂੰ ਫਸਲ ਦਾ ਝਾੜ ਵੱਧ ਹੋਣ ਦੀ ਵੀ ਆਸ ਹੈ। ਇਹ ਪ੍ਰਗਟਾਵਾ ਖੇਤੀਬਾੜੀ ਵਿਭਾਗ ਫਾਜ਼ਿਲਕਾ ਦੇ ਬਲਾਕ ਟੈਕਨਾਲੋਜੀ ਮੈਨੇਜਰ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਵੱਲੋਂ ਕਿਸਾਨ ਦੇ ਖੇਤ ਦਾ ਦੌਰਾ ਕਰਨ ਮੌਕੇ ਕੀਤਾ ਗਿਆ।

            ਬਲਾਕ ਟੈਕਨਾਲੋਜੀ ਮੈਨੇਜਰ ਰਾਜਦਵਿੰਦਰ ਸਿੰਘ ਨੇ ਦੱਸਿਆ ਕਿ ਕਿਸਾਨ ਸ਼ਮਿੰਦਰ ਸਿੰਘ ਪਿਛਲੇ ਲਗਭਗ 25 ਏਕੜ ਵਿੱਚ ਕਣਕ ਅਤੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਰਿਹਾ ਹੈ ਤੇ ਸਾਰੀ ਜਮੀਨ ਵਿੱਚ ਵੱਖ-ਵੱਖ ਵਿਧੀਆਂ ਰਾਹੀਂ ਕਣਕ ਅਤੇ ਝੋਨੇ ਦੀ ਬਿਜਾਈ ਕਰ ਰਿਹਾ ਹੈ। ਇਸ ਸਾਲ ਕਿਸਾਨ ਵੱਲੋਂ ਕਣਕ ਦੀ ਬਿਜਾਈ ਮਲਚਿੰਗ ਤਕਨੀਕ ਰਾਹੀਂ ਕੀਤੀ ਗਈ ਹੈ ਤੇ ਉਸ ਦੀ ਫਸਲ ਬਹੁਤ ਵਧੀਆ ਹੈ ਜਿਸ ਨੂੰ ਵੇਖ ਕੇ ਪਿੰਡ ਵਾਸੀ ਵੀ ਅਗਾਂਹ ਇਹ ਵਿਧੀ ਕਰਨ ਲਈ ਉਤਸਾਹਿਤ ਹੋ ਰਹੇ ਹਨ।

            ਕਿਸਾਨ ਨੇ ਦੱਸਿਆ ਕਿ ਉਸ ਨੇ 2014 ਤੋਂ ਆਪਣੀ ਕਿਸੇ ਵੀ ਫਸਲ ਦੀ ਰਹਿੰਦ ਖੂੰਹਦ ਨੂੰ ਕਦੇ ਵੀ ਅੱਗ ਨਹੀਂ ਲਗਾਈ ਤੇ ਉਦੋਂ ਤੋਂ ਹੀ ਖੇਤੀਬਾੜੀ ਮਹਿਕਮੇ ਅਤੇ ਯੂਨੀਵਰਸਿਟੀ ਨਾਲ ਜੁੜੇ ਹੋਏ ਹਨ ਜਿਸ ਦੇ ਨਤੀਜੇ ਵਜੋਂ ਉਨ੍ਹਾਂ ਨੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਝੋਨੇ ਅਤੇ ਕਣਕ  ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਦਾ ਇਰਾਦਾ ਬਣਾ ਲਿਆ। ਕਿਸਾਨ ਨੇ ਕਿਹਾ ਕਿ ਮਲਚਿੰਗ ਵਿਧੀ ਰਾਹੀਂ ਕਣਕ ਦੀ ਬਿਜਾਈ ਨਾਲ ਜਿੱਥੇ ਪਰਾਲੀ ਦੀ ਰਹਿੰਦ ਖੂੰਹਦ ਖੇਤ ਵਿੱਚ ਜਜਬ ਹੁੰਦੀ ਹੈ ਉੱਥੇ ਕਣਕ ਦੀ ਬਿਜਾਈ ਤੇ ਖਰਚਾ ਵੀ ਘੱਟ ਆਇਆ ਹੈ ਤੇ ਉਸਦੀ ਅਗਲੀ ਫਸਲ ਦਾ ਝਾੜ ਕਾਫੀ ਵਧਣ ਦੀ ਉਮੀਦ ਹੈ।

ਫਾਜ਼ਿਲਕਾ ਦੇ ਬਲਾਕ ਟੈਕਨਾਲੋਜੀ ਮੈਨੇਜਰ ਰਾਜਦਵਿੰਦਰ ਸਿੰਘ ਅਤੇ ਸਰਕਲ ਇੰਚਾਰਜ ਸੁਖਦੀਪ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਉਹ ਵੀ ਇਸ ਕਿਸਾਨ ਦਾ ਖੇਤ ਦੇਖਣ ਤਾਂ ਜੋ ਅਗਲੇ ਸਾਲ ਉਹ ਵੀ ਆਪਣੀ ਕਣਕ ਦੀ ਫਸਲ ਦੀ ਬਿਜਾਈ ਮਲਚਿੰਗ ਤਕਨੀਕ ਰਾਹੀ ਕਰਨ। ਉਨ੍ਹਾਂ ਕਿਹਾ ਕਿ ਆਓ ਅਸੀਂ ਵੀ ਅਗਲੇ ਸਾਲ ਅਜਿਹੀ ਵਿਧੀ ਵਰਤ ਕੇ ਵਾਤਾਵਰਨ ਪ੍ਰਦੂਸ਼ਿਤ ਹੋਣ ਤੋਂ ਬਚਾਈਏ ਤੇ ਵਾਤਾਵਰਨ ਦੀ ਸੰਭਾਲ ਅਤੇ ਧਰਤੀ ਦੀ ਉਪਜਾਉ ਸ਼ਕਤੀ ਲਈ ਆਪਣਾ ਫਰਜ ਨਿਭਾਈਏ ਅਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿੱਚ ਸਾਂਭ ਕੇ ਵਾਤਾਵਰਨ, ਧਰਤੀ ਦੀ ਸੰਭਾਲ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਈਏ।

CATEGORIES
TAGS
Share This

COMMENTS

Wordpress (0)
Disqus (0 )
Translate