ਬਠਿੰਡਾ ਨਿਵਾਸੀਆਂ ਨੂੰ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਲਈ 5 ਰੁੱਖ ਲਗਾਉਣੇ ਹੋਣਗੇ ਲਾਜ਼ਮੀ- ਡਵੀਜ਼ਨਲ ਕਮਿਸ਼ਨਰ ਚੰਦਰ ਗੈਂਦ
–ਅਸਲੇ ਦਾ ਲਾਇਸੈਂਸ ਨਵਾਂ ਬਣਾਉਣ ਜਾਂ ਨਵਿਆਉਣ ਲਈ ਬਿਨੈਕਾਰ ਲਈ ਅਰਜ਼ੀ ਨਾਲ ਰੁੱਖ ਲਗਾਉਂਦਿਆ ਦੀ ਸੈਲਫੀ ਲਗਾਉਣੀ ਹੋਵੇਗੀ ਜ਼ਰੂਰੀ
ਬਠਿੰਡਾ, 12 ਦਸੰਬਰ : ਪੰਜਾਬ ਵਿੱਚ ਜ਼ਮੀਨ ਹੇਠਲੇ ਪਾਣੀ ਦੇ ਡਿਗਦੇ ਪੱਧਰ ਅਤੇ ਜੰਗਲਾਂ ਹੇਠ ਘਟਦੇ ਰਕਬੇ ਖ਼ਿਲਾਫ਼ ਲਾਮਬੰਦ ਕਰਨ ਦੇ ਮਕਸਦ ਨਾਲ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ੍ਰੀ ਚੰਦਰ ਗੈਂਦ ਨੇ ਅਸਲਾ ਲਾਇਸੈਂਸ ਬਣਵਾਉਣ/ਨਵਿਆਉਣ ਵਾਲਿਆਂ ਲਈ ਇੱਕ ਦਿਲਚਸਪ ਅਤੇ ਚੰਗੀ ਪਹਿਲ ਕੀਤੀ ਹੈ।
ਇਸ ਸਬੰਧੀ ਡਵੀਜ਼ਨਲ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਡਵੀਜ਼ਨ ਅਧੀਨ ਪੈਂਦੇ ਡਿਪਟੀ ਕਮਿਸ਼ਨਰ ਫ਼ਰੀਦਕੋਟ, ਬਠਿੰਡਾ ਅਤੇ ਮਾਨਸਾ ਨੂੰ ਪੱਤਰ ਲਿਖ ਕੇ ਹਦਾਇਤ ਕੀਤੀ ਹੈ ਕਿ ਕੋਈ ਵੀ ਵਿਅਕਤੀ ਜੋ ਨਵਾਂ ਅਸਲਾ ਲਾਇਸੈਂਸ ਬਣਵਾਉਣ ਜਾ ਫੇਰ ਪੁਰਾਣੇ ਲਾਇਸੈਂਸ ਨੂੰ ਨਵਿਆਉਣ ਚਾਹੁੰਦਾ ਹੈ ਤਾਂ ਉਸ ਲਈ 5 ਰੁੱਖ ਲਗਾਉਣੇ ਲਾਜ਼ਮੀ ਕੀਤੇ ਜਾਣ। ਉਨ੍ਹਾਂ ਇਹ ਵੀ ਵਿਸ਼ੇਸ਼ ਤੌਰ ਤੇ ਕਿਹਾ ਹੈ ਕਿ ਲਾਇਸੈਂਸ ਦੀ ਫਾਈਲ ਜਮ੍ਹਾਂ ਕਰਵਾਉਣ ਸਮੇਂ ਰੁੱਖ ਲਗਾਉਣ ਦੀ ਸੈਲਫ਼ੀ ਨਾਲ ਦੇਣੀ ਹੋਵੇਗੀ। ਇਕ ਮਹੀਨੇ ਬਾਅਦ ਜਦ ਦਰਖਾਸਤ ਪੁਲਿਸ ਵੈਰੀਫਿਕੇਸ਼ਨ ਅਤੇ ਡੋਪ ਟੈਸਟ ਲਈ ਭੇਜੀ ਜਾਵੇਗੀ ਤਾਂ ਵੀ ਰੁੱਖ ਨਾਲ ਦੁਬਾਰਾ ਸੈਲਫ਼ੀ ਦੀਆਂ ਫ਼ੋਟੋਆਂ ਜਮ੍ਹਾਂ ਕਰਵਾਉਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਅਸਲਾ ਲੈਣ ਦੇ ਚਾਹਵਾਨਾਂ ਲਈ ਰੁੱਖ ਲਗਾਉਣੇ ਲਾਜ਼ਮੀ ਹੋਣਗੇ ਉਥੇ ਹੀ ਆਪਣੇ ਆਪ ਰੁੱਖ ਦੀ ਗਿਣਤੀ ਵਿੱਚ ਵਾਧਾ ਹੋਵੇਗਾ ਅਤੇ ਜੰਗਲਾਂ ਹੇਠ ਰਕਬਾ ਵਧੇਗਾ।
ਸ੍ਰੀ ਚੰਦਰ ਗੈਂਦ ਨੇ ਬਿਨੈਕਾਰਾਂ ਨੂੰ ਰਾਹਤ ਦਿੰਦਿਆ ਕਿਹਾ ਕਿ ਜਿਨ੍ਹਾਂ ਕੋਲ ਰੁੱਖ ਲਗਾਉਣ ਲਈ ਸਥਾਨ ਨਹੀਂ ਹੈ ਉਹ ਰੱਖ ਜਨਤਕ ਸਥਾਨਾਂ, ਸਿੱਖਿਆ ਸੰਸਥਾਵਾਂ, ਧਾਰਮਿਕ ਅਸਥਾਨਾਂ ਜਾ ਫੇਰ ਸੜਕਾਂ ਕਿਨਾਰੇ ਵੀ ਲਗਾ ਸਕਦੇ ਹਨ, ਪਰ ਉਨ੍ਹਾਂ ਨੂੰ ਰੁੱਖ ਦੀ ਸਾਂਭ ਸੰਭਾਲ ਦੀ ਪੂਰੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ। ਇਸ ਤਰ੍ਹਾਂ ਅਸੀ ਰੁੱਖਾਂ ਹੇਠ ਰਕਬੇ ਨੂੰ ਵਧਾ ਸਕਾਂਗੇ।
ਉਨ੍ਹਾਂ ਅਪੀਲ ਕਰਦਿਆ ਕਿਹਾ ਕਿ ਰੁੱਖ ਅਜਿਹੇ ਲਗਾਏ ਜਾਣ ਜੋ ਪਾਣੀ ਘੱਟ ਲੈਂਦੇ ਹੋਣ ਜਿਨ੍ਹਾਂ ਵਿੱਚ ਆਮਲਾ, ਨੀਮ, ਬਬੂਲ, ਟਾਹਲੀ ਆਦਿ ਰੁੱਖਾਂ ਨੂੰ ਤਰਜੀਹ ਦਿੱਤੀ ਜਾਵੇ।
ਜਿਕਰਯੋਗ ਹੈ ਇਸ ਤੋਂ ਪਹਿਲਾਂ ਵੀ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਸ੍ਰੀ ਚੰਦਰ ਗੈਂਦ ਨੇ ਡਵੀਜ਼ਨਲ ਕਮਿਸ਼ਨਰ ਪਟਿਆਲਾ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵਿਖੇ ਆਪਣੇ ਕਾਰਜਕਾਲ ਦੌਰਾਨ ਇਸ ਤਰਾਂ ਦੇ ਉਪਰਾਲੇ ਕਰਕੇ ਵਾਤਾਵਰਣ ਸੰਭਾਲ ਵਿੱਚ ਅਹਿਮ ਯੋਗਦਾਨ ਪਾਇਆ ਸੀ ਜਿਸ ਦੀ ਹਰ ਪਾਸੇ ਸ਼ਲਾਘਾ ਕੀਤੀ ਗਈ ਸੀ।