16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ

–ਗੁਰਦੁਆਰਾ ਸਾਹਿਬ ਹਾਜੀ ਰਤਨ ਵਿਖੇ ਅਰਦਾਸ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਉਪਰੰਤ ਮੇਲੇ ਦੀ ਹੋਈ ਸ਼ੁਰੂਆਤ

–11 ਦਸੰਬਰ ਨੂੰ ਵੀ ਚੱਲੇਗਾ ਇਹ ਵਿਰਾਸਤੀ ਮੇਲਾ

–ਵਿਰਾਸਤੀ ਝਲਕੀਆਂ ਰਹੀਆਂ ਖਿੱਚ ਦਾ ਕੇਂਦਰ

ਬਠਿੰਡਾ, 9 ਦਸੰਬਰ : ਪੰਜਾਬ ਅਤੇ ਪੰਜਾਬੀਅਤ ਦੇ ਪੁਰਾਣੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਵੱਲੋਂ ਜ਼ਿਲ੍ਹਾ ਪ੍ਰਸਾਸ਼ਨ ਦੇ ਸਹਿਯੋਗ ਨਾਲ ਪਿੰਡ ਜੈਪਾਲਗੜ੍ਹ ਵਿਖੇ ਲਗਾਇਆ ਜਾਣ ਵਾਲਾ 16ਵਾਂ ਵਿਰਾਸਤੀ ਮੇਲਾ ਧੂਮ-ਧੜੱਕੇ ਨਾਲ ਸ਼ੁਰੂ ਹੋਇਆ।

        ਇਸ ਤਿੰਨ ਰੋਜ਼ਾ ਵਿਰਾਸਤੀ ਮੇਲੇ ਦੀ ਸ਼ੁਰੂਆਤ ਅੱਜ ਇੱਥੇ ਗੁਰਦੁਆਰਾ ਸ੍ਰੀ ਹਾਜੀ ਰਤਨ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਈ। ਇਸ ਮੌਕੇ ਕੱਢੇ ਗਏ ਵਿਰਾਸਤੀ ਜਲੂਸ ਨੂੰ ਮੈਂਬਰ ਪਾਰਲੀਮੈਂਟ ਸ੍ਰੀਮਤੀ ਹਰਸਿਮਰਤ ਕੌਰ ਬਾਦਲ, ਵਿਧਾਇਕ ਬਠਿੰਡਾ (ਸ਼ਹਿਰੀ) ਜਗਰੂਪ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪਲਵੀ ਵੱਲੋਂ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।

        ਇਸ ਵਿਰਾਸਤੀ ਜਲੂਸ ਵਿੱਚ ਪੁਰਾਣੀ ਵਿਰਾਸਤ ਨੂੰ ਦਰਸਾਉਂਦੀਆਂ ਹੋਈਆਂ ਝਾਕੀਆਂ ਤੇ ਪੇਸ਼ਕਾਰੀਆਂ ਦੌਰਾਨ ਭਾਰੀ ਗਿਣਤੀ ਵਿੱਚ ਟ੍ਰੈਕਟਰ, ਟਰਾਲੀਆਂ, ਸਿੰਗਾਰੇ ਹੋਏ ਰਥ ਤੇ ਊਠ, ਪੁਰਾਣੇ ਸਮੇਂ ਵਾਲੀਆਂ ਤਿਆਰ ਕਰਵਾਈਆਂ ਜੀਪਾਂ, ਊਠ ਗੱਡੀਆਂ, ਮੋਟਰ ਸਾਈਕਲ ਤੋਂ ਇਲਾਵਾ ਪੁਰਾਣਾ ਸੱਭਿਆਚਾਰ ਦਰਸਾਉਂਦੇ ਪਹਿਰਾਵੇ ਵਿੱਚ ਸ਼ਾਮਲ ਬਜ਼ੁਰਗ, ਗੱਭਰੂਆਂ ਦੀਆਂ ਭੰਗੜਾ ਅਤੇ ਮੁਟਿਆਰਾਂ ਵੱਲੋਂ ਗਿੱਧੇ ਦੀਆਂ ਟੀਮਾਂ, ਹੱਥ ਬੁਣਤੀ ਵਾਲੀਆਂ ਪੱਖੀਆਂ, ਚਰਖੇ ਆਦਿ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ।

        ਇਹ ਵਿਰਾਸਤੀ ਜਲੂਸ ਸਰਕਾਰੀ ਰਾਜਿੰਦਰਾ ਕਾਲਜ, ਬੱਸ ਸਟੈਂਡ, ਮਹਿਣਾ ਚੌਂਕ, ਆਰੀਆ ਸਮਾਜ ਚੌਂਕ, ਧੋਬੀ ਬਜ਼ਾਰ, ਪੋਸਟ ਆਫ਼ਿਸ ਬਜ਼ਾਰ, ਰੇਲਵੇ ਰੋਡ, ਮਾਲ ਰੋਡ, ਗੋਲ ਡਿੱਗੀ, ਏ.ਸੀ.ਮਾਰਕੀਟ, ਸ੍ਰੀ ਹਨੂੰਮਾਨ ਚੌਂਕ ਹੁੰਦਾ ਹੋਇਆ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਸਮਾਪਤ ਹੋਇਆ।

        ਇਸ ਮੌਕੇ ਵਿਧਾਇਕ ਸ. ਜਗਰੂਪ ਸਿੰਘ ਗਿੱਲ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਵਿਰਾਸਤੀ ਮੇਲੇ ਸਾਨੂੰ ਸਾਰਿਆਂ ਨੂੰ ਖਾਸਕਰ ਕਰਕੇ ਨੌਜਵਾਨ ਪੀੜ੍ਹੀ ਨੂੰ ਸਾਡੀ ਪੁਰਾਣੀ ਵਿਰਾਸਤ ਜੋ ਕਿ ਅੱਜ ਦੇ ਸਮੇਂ ਦੌਰਾਨ ਬਿਲਕੁੱਲ ਹੀ ਅਲੋਪ ਹੋ ਚੁੱਕੀ ਹੈ ਨੂੰ ਦੁਬਾਰਾ ਪੁਰਾਣੀ ਵਿਰਾਸਤ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਸਹਾਈ ਸਿੱਧ ਹੁੰਦੇ ਹਨ।

          ਇਸ ਮੌਕੇ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ, ਕਨਵੀਨਰ ਰਾਮ ਪ੍ਰਕਾਸ਼ ਜਿੰਦਲ, ਮੇਲਾ ਕਮੇਟੀ ਚੈਅਰਮੇਨ ਚਮਕੌਰ ਸਿੰਘ ਮਾਨ, ਵਾਈਸ ਚੈਅਰਮੇਨ ਬਲਦੇਵ ਸਿੰਘ ਚਹਿਲ, ਪ੍ਰਧਾਨ ਮੇਲਾ ਕਮੇਟੀ ਗੁਰਅਵਤਾਰ ਸਿੰਘ ਗੋਗੀ ਆਦਿ ਪ੍ਰਮੁੱਖ ਸ਼ਖਸ਼ੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਆਮ ਲੋਕਾਂ ਵੱਲੋਂ ਸ਼ਮੂਲੀਅਤ ਕੀਤੀ ਗਈ।

CATEGORIES
TAGS
Share This

COMMENTS

Wordpress (0)
Disqus (0 )
Translate