ਹੁਣ ਤੱਕ ਸ਼ਹਿਰ ਵਿਚੋਂ 260 ਅਵਾਰਾ ਤੇ ਬੇਸਹਾਰਾ ਜਾਨਵਰ ਗਊਸ਼ਾਲਾਂ ‘ਚ ਭੇਜੇ ਗਏ- ਡਾ. ਰੂਹੀ ਦੁੱਗ
ਫ਼ਰੀਦਕੋਟ, 5 ਦਸੰਬਰ
ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ, ਆਈ.ਏ.ਐਸ ਦੀ ਅਗਵਾਈ ਹੇਠ ਰੋਟਰੀ ਕਲੱਬ ਦੇ ਸਹਿਯੋਗ ਨਾਲ ਪਿਛਲੇ 15 ਦਿਨਾਂ ਤੋਂ ਫ਼ਰੀਦਕੋਟ ਸ਼ਹਿਰ ਵਿਚੋਂ ਸ਼ਹਿਰ ਵਾਸੀਆਂ ਨੂੰ ਬੇਸਹਾਰਾ ਪਸ਼ੂਆਂ ਤੋਂ ਨਿਜ਼ਾਤ ਦਿਵਾਉਣ ਲਈ ਇੰਨ੍ਹਾਂ ਜਾਨਵਰਾਂ ਨੂੰ ਫੜ੍ਹ ਕੇ ਗਊਸ਼ਾਲਾ ਸੰਤ ਬਾਬਾ ਮਲਕੀਤ ਦਾਸ ਕੋਟਸੁੱਖੀਆ ਵਿਖੇ ਭੇਜਣ ਦੀ ਮੁਹਿੰਮ ਤਹਿਤ ਹੁਣ ਤੱਕ 260 ਦੇ ਕਰੀਬ ਬੇਸਹਾਰਾ ਅਤੇ ਅਵਾਰਾ ਪਸ਼ੂਆਂ ਨੂੰ ਗਊਸ਼ਾਲਾ ਵਿਚ ਭੇਜਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾਂ ਪ੍ਰਸ਼ਾਸ਼ਨ ਵੱਲੋਂ ਹੁਣ ਤੱਕ ਫ਼ਰੀਦਕੋਟ ਸ਼ਹਿਰ ਵਿਚੋਂ 260 ਦੇ ਕਰੀਬ ਪਸ਼ੂਆਂ ਨੂੰ ਫੜਿਆ ਗਿਆ ਹੈ। ਪਸ਼ੂਆਂ ਨੂੰ ਫੜਣ ਲਈ ਦੋ ਟੀਮਾਂ ਦਾ ਗਠਨ ਕੀਤਾ ਗਿਆ ਹੈ ਜਿਸ ਵਿਚ ਪਸ਼ੂ ਪਾਲਣ ਵਿਭਾਗ ਦੇ ਡਾਕਟਰ, ਨਗਰ ਕੌਂਸਲ ਦੇ ਕਰਮਚਾਰੀ ਅਤੇ ਸਮਾਜਸੇਵੀ ਸੰਸਥਾਵਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ। ਫੜੇ ਗਏ ਇੰਨ੍ਹਾਂ ਜਾਨਵਰਾਂ ਨੂੰ ਕੋਟਸੁਖੀਆ ਗਊਸ਼ਾਲਾਂ ਵਿਖੇ ਭੇਜਣ ਨਾਲ ਜਿਥੇ ਪਾਣੀ ਅਤੇ ਹਰਾ ਚਾਰਾ ਆਦਿ ਉਚਿਤ ਮਾਤਰਾ ਵਿਚ ਮਿਲੇਗਾ ਉੱਥੇ ਇਹਨਾਂ ਦਾ ਸਹੀ ਇਲਾਜ ਵੀ ਹੋ ਸਕੇਗਾ। ਉਨ੍ਹਾਂ ਜ਼ਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਸ਼ੂਆਂ ਨੂੰ ਅਵਾਰਾ ਨਾ ਛੱਡਣ ਜਿਸ ਨਾਲ ਲੋਕਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਵੀ ਪਸ਼ੂ ਪਾਲਕ ਇਹਨਾਂ ਨੂੰ ਸ਼ਹਿਰ ਦੇ ਅੰਦਰ ਅਵਾਰਾ ਛੱਡਦਾ ਪਾਇਆ ਗਿਆ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਸਮਾਜੇਵੀ ਸੰਸਥਾਵਾਂ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਸਮੂਹ ਜ਼ਿਲ੍ਹਾਂ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਗਊਸ਼ਾਲਾ ਲਈ ਤੂੜੀ ਅਤੇ ਹਰੇ ਚਾਰੇ ਦੇ ਰੂਪ ਵਿਚ ਦਾਨ ਦੇਣ।
ਇਸ ਮੌਕੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ.ਸੰਜੀਵ ਗੁਪਤਾ ਅਤੇ ਡਾ. ਜਸਵਿੰਦਰ ਗਰਗ ਵੀ ਹਾਜ਼ਰ ਸਨ।