ਐਲਡਰ ਲਾਈਨ ਟੋਲ ਫਰੀ ਨੰਬਰ 14567 ‘ਤੇ ਬਜ਼ੁਰਗ ਲੈ ਸਕਦੇ ਹਨ ਮਦਦ
ਫਿਰੋਜ਼ਪੁਰ, 14 ਦਸੰਬਰ
ਭਾਰਤ ਸਰਕਾਰ ਦੇ ਸਮਾਜਿਕ ਨਿਆਂ ਮੰਤਰਾਲੇ ਅਤੇ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਨੇ ਐਨ.ਜੀ.ਓ. ਹੈਲਪਏਜ਼ ਇੰਡੀਆ ਨਾਲ ਸਾਂਝੇ ਉਪਰਾਲੇ ਤਹਿਤ ਟੋਲ ਫ੍ਰੀ ਨੰਬਰ 14567 ਜਾਰੀ ਕੀਤਾ ਹੈ। ਇਸ ਨੰਬਰ ਦਾ ਮਕਸਦ ਘਰਾਂ, ਬਿਰਧ ਆਸ਼ਰਮਾਂ ਜਾਂ ਕਿਤੇ ਵੀ ਰਹਿ ਰਹੇ ਬਜ਼ੁਰਗਾਂ ਦੀ ਸਿਹਤ ਸੰਭਾਲ ਅਤੇ ਸੁਰੱਖਿਆ ਯਕੀਨੀ ਬਨਾਉਣਾ ਹੈ। ਇਹ ਜਾਣਕਾਰੀ ਸਿਵਲ ਸਰਜਨ ਫਿਰੋਜ਼ਪੁਰ ਸ੍ਰੀ ਰਾਜਿੰਦਰਪਾਲ ਨੇ ਸਾਂਝੀ ਕੀਤੀ।
ਸਿਵਲ ਸਰਜਨ ਡਾ. ਰਾਜਿੰਦਰਪਾਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੀ ਸਰਕਾਰੀ ਹਦਾਇਤਾਂ ਅਨੁਸਾਰ 60 ਸਾਲ ਤੋਂ ਵੱਧ ਉਮਰ ਦੇ ਨਾਗਰਿਕਾਂ ਨੂੰ ਪਰਚੀ ਫੀਸ ਤੋਂ ਛੋਟ ਦਿੱਤੀ ਜਾਂਦੀ ਹੈ ਅਤੇ ਬਜ਼ੁਰਗਾਂ ਲਈ ਰਿਆਇਤੀ ਦਰਾਂ ‘ਤੇ ਫਿਜੀਓਥੈਰੇਪੀ ਉਪਲੱਬਧ ਕਰਵਾਉਣ ਤੋਂ ਇਲਾਵਾ ਸੀਨੀਅਰ ਸਿਟਿਜਨਾਂ ਲਈ ਪੁਰਸ਼ ਅਤੇ ਮਹਿਲਾ ਵਾਰਡਾਂ ਵਿੱਚ ਪੰਜ-ਪੰਜ ਵਾਰਡ ਰਾਖਵੇਂ ਰੱਖੇ ਗਏ ਹਨ।
ਇਸ ਮੌਕੇ ਐਲਡਰ ਲਾਈਨ ਸੰਸਥਾ ਦੇ ਫੀਲਡ ਰਿਸਪਾਂਸ ਅਫਸਰ ਸ੍ਰੀ ਦਲੀਪ ਕੁਮਾਰ ਨੇ ਜਾਣਕਾਰੀ ਦਿੱਤੀ ਕਿ ਉਕਤ ਟੋਲ ਫਰੀ ਨੰਬਰ ਬਜ਼ੁਰਗਾਂ ਲਈ ਬਹੁਤ ਮਦਦਗਾਰ ਸਿੱਧ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਬਜ਼ੁਰਗ ਇਸ ਨੰਬਰ ਤੇ ਫੋਨ ਕਰਕੇ ਆਪਣੀ ਸਮੱਸਿਆ ਤੋਂ ਜਾਣੂ ਕਰਵਾ ਸਕਦਾ ਅਤੇ ਮਦਦ ਲੈ ਸਕਦਾ ਹੈ। ਉਨ੍ਹਾਂ ਕਿਹਾ ਕਿ ਹੈਲਪ ਲਾਈਨ ਰਾਹੀਂ ਸਬੰਧਤ ਵਿਭਾਗਾਂ ਨਾਲ ਸੰਪਰਕ ਕਰ ਕੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਂਦੀ ਹੈ।
ਇਸ ਮੌਕੇ ਡਾ: ਨਵੀਨ ਸੇਠੀ,ਐਨ.ਸੀ.ਡੀ ਕੰਸਲਟੈਂਟ ਡਾ:ਸੋਨੀਆ ਚੌਧਰੀ ਅਤੇ ਡਾਟਾ ਮੈਨੇਜਰ ਪੂਜਾ ਹਾਜ਼ਰ ਸਨ।