ਫਾਜ਼ਿਲਕਾ ਜ਼ਿਲ੍ਹੇ ਵਿੱਚ ਲਗਾਏ ਜਾਣਗੇ 12 ਲੱਖ ਪੌਦੇ-ਡਿਪਟੀ ਕਮਿਸ਼ਨਰ

ਫਾਜ਼ਿਲਕਾ 17 ਜੁਲਾਈ

ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਹੈ ਕਿ ਫਾਜ਼ਿਲਕਾ ਜ਼ਿਲੇ ਵਿੱਚ ਇਸ ਸਾਲ 12 ਲੱਖ ਪੌਦੇ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦੇ ਲਈ ਅੱਜ ਉਹਨਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪੌਦੇ ਲਾਉਣ ਦੀ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ।

ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਹਰੇਕ ਵਿਭਾਗ ਇਸ ਮੁਹਿੰਮ ਵਿੱਚ ਉਤਸਾਹ ਨਾਲ ਭਾਗ ਲਵੇ। ਉਹਨਾਂ ਨੇ ਕਿਹਾ ਕਿ ਸਕੂਲਾਂ ਵਿੱਚ ਜਿੱਥੇ ਖਾਲੀ ਥਾਵਾਂ ਤੇ ਪੌਦੇ ਲਗਾਏ ਜਾ ਰਹੇ ਹਨ ਉੱਥੇ 97 ਸਕੂਲ ਇਸ ਤਰ੍ਹਾਂ ਦੇ ਪਹਿਚਾਣੇ ਗਏ ਹਨ ਜਿੱਥੇ ਛੋਟੇ ਮੀਆਂਵਾਕੀ ਜੰਗਲ ਵੀ ਲਗਾਏ ਜਾਣਗੇ । ਉਹਨਾਂ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ 312 ਏਕੜ ਰਕਬਾ ਵੱਖ ਵੱਖ ਬਲਾਕਾਂ ਵਿੱਚ ਪਹਿਚਾਣਿਆ ਗਿਆ ਹੈ ਜਿੱਥੇ 2 ਲੱਖ 33 ਹਜਾਰ ਪੌਦੇ ਲਗਾਏ ਜਾਣਗੇ। ਉਹਨਾਂ ਨੇ ਪੇਂਡੂ ਵਿਕਾਸ ਵਿਭਾਗ ਨੂੰ ਹਦਾਇਤ ਕੀਤੀ ਕਿ ਨਰੇਗਾ ਦੇ ਤਹਿਤ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਵੱਧ ਤੋਂ ਵੱਧ ਪੌਦੇ ਲਗਾਏ ਜਾਣ।

ਇਸ ਬੈਠਕ ਵਿੱਚ ਬੀਐਸਐਫ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਵੱਲੋਂ ਵੀ ਜ਼ਿਲ੍ਹੇ ਵਿੱਚ 43 ਹਜਾਰ ਪੌਦੇ ਇਸ ਵਾਰ ਲਾਏ ਜਾ ਰਹੇ ਹਨ, ਜਿਸ ਵਿੱਚੋਂ 50 ਫੀਸਦੀ ਪੌਦੇ ਲਗਾਏ ਜਾ ਚੁੱਕੇ ਹਨ। ਪਸ਼ੂ ਪਾਲਣ ਵਿਭਾਗ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਜ਼ਿਲ੍ਹੇ ਦੀਆਂ ਤਿੰਨ ਗਊਸ਼ਾਲਾਵਾਂ ਵਿੱਚ ਮੀਆਂਵਾਕੀ ਤਕਨੀਕ ਨਾਲ ਪੌਦੇ ਲਗਾਏ ਜਾਣਗੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਬੋਹਰ ਸ਼ਹਿਰ ਵਿੱਚ ਵੀ ਇਕ ਲੱਖ ਪੌਦਾ ਲਗਾਉਣ ਦਾ ਟੀਚਾ ਮਿਥਿਆ ਗਿਆ ਹੈ।

ਉਨਾਂ ਨੇ ਪੈਟਰੋਲ ਪੰਪਾਂ ਅਤੇ ਇੱਟਾਂ ਦੇ ਭੱਠਿਆਂ ਤੇ ਵੀ ਪੌਦੇ ਲਗਾਉਣ ਸਬੰਧੀ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਉਹ ਇਸ ਮੁਹਿੰਮ ਦੀ ਹਫਤਾਵਾਰੀ ਪੱਧਰ ਤੇ ਨਿਗਰਾਨੀ ਕਰਨਗੇ ਅਤੇ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਬੈਠਕ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਕੇਸ਼ ਕੁਮਾਰ ਪੋਪਲੀ, ਡੀਐਫਓ ਅੰਮ੍ਰਿਤ ਪਾਲ ਸਿੰਘ ਬਰਾੜ, ਜ਼ਿਲਾ ਪ੍ਰੋਗਰਾਮ ਅਫਸਰ ਨਵਦੀਪ ਕੌਰ, ਐਸ ਵੀ ਓ ਮਨਦੀਪ ਸਿੰਘ, ਡੀਡੀਐਫ ਅਭਿਸ਼ੇਕ ਗੁਪਤਾ ਤੋਂ ਇਲਾਵਾ ਜੰਗਲਾਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

CATEGORIES
Share This

COMMENTS

Wordpress (0)
Disqus (0 )
Translate