ਸੰਯੁਕਤ ਡਾਇਰੈਕਟਰ ਖੇਤੀਬਾੜੀ ਪੰਜਾਬ ਵੱਲੋਂ ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਕੀਤਾ ਦੌਰਾ
ਸ੍ਰੀ ਮੁਕਤਸਰ ਸਾਹਿਬ, 17 ਜੁਲਾਈ। ਪੰਜਾਬ ਸਰਕਾਰ ਵੱਲੋਂ ਨਰਮੇਂ ਉਪਰ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਣ ਲਈ ਸ. ਗੁਰਮੀਤ ਸਿੰਘ ਖੁੱਡੀਆਂ, ਮਾਨਯੋਗ ਕੈਬਨਿਟ ਮੰਤਰੀ ਪੰਜਾਬ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਤੇ ਨਰਮਾ ਪੱਟੀ ਵਿੱਚ ਸੀਨੀਅਰ ਖੇਤੀਬਾੜੀ ਅਧਿਕਾਰੀ ਤਾਇਨਾਤ ਕੀਤੇ ਗਏ ਹਨ।
ਇਸ ਦੇ ਤਹਿਤ ਜਿ਼ਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚ ਸ਼੍ਰੀ ਦਿਲਬਾਗ ਸਿੰਘ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਵਿਸਥਾਰ ਤੇ ਸਿਖਲਾਈ), ਪੰਜਾਬ ਨੇ ਜਿ਼ਲ੍ਹੇ ਅੰਦਰ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ।
ਇਸ ਸਮੇਂ ਉਨ੍ਹਾਂ ਖੇਤੀਬਾੜੀ ਵਿਭਾਗ ਦੇ ਸਟਾਫ਼ ਨਾਲ ਨਰਮੇਂ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਅਹਿਮ ਮੀਟਿੰਗ ਕੀਤੀ ਗਈ।
ਸੰਯੁਕਤ ਡਾਇਰੈਕਟਰ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਦੌਰੇ ਦੌਰਾਨ ਗੁਰੂਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰਵਾਈ ਜਾਵੇ ਤਾਂ ਜੋ ਸਬੰਧਤ ਅਧਿਕਾਰੀ ਕਿਸਾਨਾਂ ਦੀਆਂ ਮੁਸ਼ਕਿਲਾਂ ਦਾ ਮੌਕੇ ਤੇ ਹੱਲ ਕਰ ਸਕਣ।
ਇਸ ਮੌਕੇ ਸ਼੍ਰੀ ਗੁਰਨਾਮ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਸ਼੍ਰੀ ਮੁਕਤਸਰ ਸਾਹਿਬ ਨੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਰਮੇਂ ਦੀ ਫ਼ਸਲ ਨੂੰ ਮੁੱਖ ਰੱਖਦੇ ਹੋਏ ਸਰਵੇਖਣ ਸੁਚੱਜੇ ਢੰਗ ਨਾਲ ਕੀਤਾ ਜਾਵੇ ਅਤੇ ਸਰਵੇਖਣ ਦੇ ਅਧਾਰ ਤੇ ਕਿਸਾਨਾਂ ਨੂੰ ਐਡਵਾਇਜਰੀ ਜਾਰੀ ਕੀਤੀ ਜਾਵੇ।
ਉਹਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਬਾਸਮਤੀ ਉਪਰ ਪਾਬੰਦੀਸੁ਼ਦਾ ਜ਼ਹਿਰਾ ਦੀ ਵਰਤੋਂ ਨਾ ਕਰਨ ਸਬੰਧੀ ਕਿਸਾਨਾਂ ਨੂੰ ਸੁਚੇਤ ਕੀਤਾ ਜਾਵੇ।
ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਗੋਬਿੰਦ ਨਗਰੀ ਦੇ ਕਿਸਾਨ ਸ਼੍ਰੀ ਬਲਕਰਨ ਸਿੰਘ ਪੁੱਤਰ ਸ਼੍ਰੀ ਗੁਰਬਖਸ਼ ਸਿੰਘ ਦੇ ਨਰਮੇਂ ਦੀ ਫ਼ਸਲ ਦਾ ਸਰਵੇਖਣ ਕੀਤਾ ਅਤੇ ਬਧਾਈ ਪਿੰਡ ਦੇ ਕਿਸਾਨ ਸ਼੍ਰੀ ਗੁਰਜੀਤ ਸਿੰਘ ਸਾਬਕਾ ਸਰਪੰਚ ਦੇ ਸਿੱਧੀ ਬਿਜਾਈ ਵਾਲੇ ਖੇਤ ਦਾ ਦੋਰਾ ਵੀ ਕੀਤਾ।
ਇਸ ਮੌਕੇ ਕਰਨਜੀਤ ਸਿੰਘ ਪ੍ਰੋਜੈਕਟ ਡਾਇਰੈਕਟਰ ਆਤਮਾ, ਜ਼ਸ਼ਨਪ੍ਰੀਤ ਸਿੰਘ ਏ.ਡੀ.ਓ, ਸ਼ਵਿੰਦਰ ਸਿੰਘ ਏ.ਡੀ.ਓ.,ਹਰਮਨਜੀਤ ਸਿੰਘ ਏ.ਡੀ.ਓ, ਹਰਮਨਦੀਪ ਸਿੰਘ ਏ.ਡੀ.ਓ., ਨਰਿੰਦਰ ਕੁਮਾਰ ਏ.ਐਸ.ਆਈ ਅਤੇ ਸਵਰਨਜੀਤ ਸਿੰਘ ਏ.ਟੀ.ਐਮ ਤੋ ਇਲਾਵਾਂ ਪਿੰਡਾਂ ਦੇ ਮੋਹਤਬਰ ਕਿਸਾਨ ਹਾਜਰ ਸਨ।
ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਕਿਸੇ ਵੀ ਕਿਸਮ ਦੀ ਮੁਸ਼ਕਿਲ ਜਾਂ ਹੋਰ ਜਾਣਕਾਰੀ ਲੈਣ ਲਈ ਆਪਣੇ ਪਿੰਡ ਨਾਲ ਸਬੰਧਤ ਖੇਤੀਬਾੜੀ ਵਿਕਾਸ/ਵਿਸਥਾਰ ਅਫ਼ਸਰ ਜਾਂ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।