ਅਮਨ ਸਿੱਧੂ ਨੇ ਰਾਜੇ ਵੜਿੰਗ ਦੇ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਪਹੁੰਚਾਇਆ
ਲੁਧਿਆਣਾ 25 ਮਈ ( ਐੱਸ ਐੱਸ ਢਿੱਲੋਂ) ਲੋਕ ਸਭਾ ਚੋਣਾਂ ਦੇ ਅਖੀਰੀ ਦਿਨਾਂ ਵਿੱਚ ਸਾਰੀਆਂ ਪਾਰਟੀਆਂ ਦੇ ਸਾਰੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਪੂਰੇ ਚੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਲੁਧਿਆਣੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਪੰਜਾਬ ਪ੍ਰਧਾਨ ਕਾਂਗਰਸ ਕਮੇਟੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਚੋਣ ਪ੍ਰਚਾਰ ਨੂੰ ਵੀ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਰਾਜੇ ਵੜਿੰਗ ਦੇ ਚੋਣ ਪ੍ਰਚਾਰ ਦੀ ਕਮਾਨ ਜਿੱਥੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਤੇ ਮਿਹਨਤੀ ਵਰਕਰਾਂ ਵੱਲੋਂ ਸਾਂਭੀ ਗਈ ਹੈ ਉੱਥੇ ਉਹਨਾਂ ਦੇ ਸੱਜਣ ਮਿੱਤਰ ਵੀ ਪੂਰੀ ਮਿਹਨਤ ਨਾਲ ਚੋਣ ਪ੍ਰਚਾਰ ਨੂੰ ਸਿਖਰਾਂ ਤੇ ਲਿਜਾ ਰਹੇ ਹਨ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪਰਮ ਮਿੱਤਰ ਤੇ ਰਾਜਸਥਾਨ ਦੇ ਸਾਧੂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਮਨ ਸਿੱਧੂ ਵੱਲੋਂ ਵੀ ਲੁਧਿਆਣਾ ਲੋਕ ਸਭਾ ਹਲਕੇ ਵਿੱਚ ਧੂਆਂਧਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਰੋਜ਼ ਉਹਨਾਂ ਵੱਲੋਂ ਵੱਖ-ਵੱਖ ਬੈਠਕਾਂ ਨੂੰ ਜਿੱਥੇ ਸੰਬੋਧਨ ਕੀਤਾ ਜਾਂਦਾ ਹੈ ਉੱਥੇ ਲੁਧਿਆਣੇ ਦੇ ਲੋਕਾਂ ਨੂੰ ਰਾਜੇ ਵੜਿੰਗ ਦੇ ਹੱਕ ਵਿੱਚ ਲਾਮਬੰਦ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਾ ਰਹੀ। ਅਮਨ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਲੁਧਿਆਣਾ ਹਲਕੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਐਤਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਲੋਕ ਸਭਾ ਵਿੱਚ ਭੇਜਣਾ ਹੈ। ਤਾਂ ਜੋ ਉਹਨਾਂ ਦੇ ਹਲਕੇ ਦੀ ਤਰੱਕੀ ਹੋ ਸਕੇ। ਉਹਨਾਂ ਕਿਹਾ ਕਿ ਹਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਮਨ ਸਿੱਧੂ ਨੇ ਦੱਸਿਆ ਕਿ ਲੋਕ ਭਲੀ ਭਾਂਤ ਜਾਣਦੇ ਹਨ ਕਿ ਕਾਂਗਰਸ ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦੀ ਲੜਾਈ ਲੜ ਰਹੀ ਹੈ ਤੇ ਇਸ ਲੜਾਈ ਵਿੱਚ ਹਰ ਇੱਕ ਪੰਜਾਬੀ ਆਪਣਾ ਯੋਗਦਾਨ ਜਰੂਰ ਪਾਵੇਗਾ।