ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਵੱਡੇ ਆਗੂ ‘ਆਪ’ ਵਿਚ ਸ਼ਾਮਲ
ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਤੇ ਐਸਜੀਪੀਸੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ ਆਪ ਵਿੱਚ ਸ਼ਾਮਲ
ਪਟਿਆਲਾ ਦੇ ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਬੋਪਾਰਾਏ ਤੇ ਭਾਜਪਾ ਦੇ ਕਈ ਸਾਬਕਾ ਕੌਂਸਲਰ ‘ਆਪ’ ਵਿੱਚ ਸ਼ਾਮਲ, ਅਕਾਲੀ ਦਲ ਦੇ ਕਈ ਆਗੂ ਵੀ ਹੋਏ ਸ਼ਾਮਲ
ਫ਼ਿਰੋਜ਼ਪੁਰ ਲੋਕ ਸਭਾ ‘ਚ ਵੀ ‘ਆਪ’ ਹੋਈ ਮਜ਼ਬੂਤ, ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਸੰਧੂ ਅਕਾਲੀ ਦਲ ਛੱਡ ‘ਆਪ’ ‘ਚ ਸ਼ਾਮਲ
ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਕਰਵਾਇਆ ਸ਼ਾਮਲ ਅਤੇ ਕੀਤਾ ਸਵਾਗਤ
ਚੰਡੀਗੜ੍ਹ, 19 ਮਈ (ਪਰਮਜੀਤ ਸਿੰਘ)
ਆਮ ਆਦਮੀ ਪਾਰਟੀ (ਆਪ) ਦਾ ਕੁਨਬਾ ਪੰਜਾਬ ‘ਚ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਐਤਵਾਰ ਨੂੰ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ ਵਿੱਚ ਵੱਡਾ ਹੁਲਾਰਾ ਮਿਲਿਆ ਹੈ। ਅੰਮ੍ਰਿਤਸਰ, ਪਟਿਆਲਾ, ਫ਼ਿਰੋਜ਼ਪੁਰ ਅਤੇ ਚੰਡੀਗੜ੍ਹ ਵਿੱਚ ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਆਪਣੀਆਂ ਪਾਰਟੀਆਂ ਨੂੰ ਛੱਡ ਕੇ ‘ਆਪ’ਵਿੱਚ ਸ਼ਾਮਲ ਹੋ ਗਏ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਰਸਮੀ ਤੌਰ ‘ਤੇ ਸਾਰੇ ਆਗੂਆਂ ਨੂੰ ਪਾਰਟੀ ‘ਚ ਸ਼ਾਮਲ ਕਰਵਾਇਆ ਅਤੇ ਉਨ੍ਹਾਂ ਦਾ ਸਵਾਗਤ ਕੀਤਾ।
ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਵੱਡੀ ਮਜ਼ਬੂਤੀ ਮਿਲੀ । ਇੱਥੇ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਵੇਰਕਾ ਅਤੇ ਐਸਜੀਪੀਸੀ ਮੈਂਬਰ ਬਿਕਰਮਜੀਤ ਸਿੰਘ ਕੋਟਲਾ ‘ਆਪ’ ਵਿੱਚ ਸ਼ਾਮਲ ਹੋ ਗਏ। ਵੇਰਕਾ 1985 ਅਤੇ 2007 ਵਿੱਚ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ। ਉਹ ਪੇਸ਼ੇ ਤੋਂ ਇੱਕ ਨਾਮਵਰ ਐਮਬੀਬੀਐਸ ਡਾਕਟਰ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਸਿਹਤ ਅਧਿਕਾਰੀ ਵਜੋਂ ਕਈ ਸਾਲ ਕੰਮ ਕੀਤਾ। ਉਹ ਪੰਜਾਬ ਵਿਧਾਨ ਸਭਾ ਦੀਆਂ ਪਟੀਸ਼ਨਾਂ ਅਤੇ ਭਲਾਈ ਕਮੇਟੀਆਂ ਦੇ ਚੇਅਰਮੈਨ ਵਰਗੀਆਂ ਕਈ ਅਹਿਮ ਕਮੇਟੀਆਂ ‘ਤੇ ਮੈਂਬਰ ਵੀ ਰਹਿ ਚੁੱਕੇ ਹਨ। ਉਹ ਦੋ ਵਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਬਾਬਾ ਫ਼ਰੀਦ ਹੈਲਥ ਐਂਡ ਸਾਇੰਸਜ਼ ਯੂਨੀਵਰਸਿਟੀ ਦੇ ਸੈਨੇਟ ਦੇ ਮੈਂਬਰ ਰਹਿ ਚੁੱਕੇ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ-ਚੰਡੀਗੜ੍ਹ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਆਫ਼ ਡਾਕਟਰਜ਼ ਸੈੱਲ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ। ਵੇਰਕਾ, ਜੰਡਿਆਲਾ ਗੁਰੂ ਅਤੇ ਅੰਮ੍ਰਿਤਸਰ ਪੱਛਮੀ ਹਲਕਿਆਂ ਦੇ ਲੋਕਾਂ ਵਿੱਚ ਉਨ੍ਹਾਂ ਦਾ ਚੰਗੀ ਪੈਠ ਹੈ।
ਉਹ ਸਾਫ਼-ਸੁਥਰੇ ਸਿਆਸੀ ਅਕਸ ਵਾਲੇ ਉੱਚ ਪੜ੍ਹੇ-ਲਿਖੇ, ਇਮਾਨਦਾਰ ਅਤੇ ਮਿਹਨਤੀ ਆਗੂ ਵਜੋਂ ਆਪਣੀ ਪਹਿਚਾਣ ਰੱਖਦੇ ਹਨ। ਉਨ੍ਹਾਂ ਦੇ ਪਾਰਟੀ ਛੱਡਣ ਨਾਲ ਅੰਮ੍ਰਿਤਸਰ ਲੋਕ ਸਭਾ ਵਿੱਚ ਸ਼੍ਰੋਮਣੀ ਅਕਾਲ ਦਲ ਨੂੰ ਵੱਡਾ ਨੁਕਸਾਨ ਹੋਵੇਗਾ ਜਦਕਿ ਆਮ ਆਦਮੀ ਪਾਰਟੀ ਨੂੰ ਇਸ ਦਾ ਕਾਫ਼ੀ ਫ਼ਾਇਦਾ ਹੋਵੇਗਾ।
ਪਟਿਆਲਾ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਡਿਪਟੀ ਮੇਅਰ ਇੰਦਰਜੀਤ ਸਿੰਘ ਬੋਪਾਰਾਏ ਅਤੇ ਭਾਜਪਾ ਦੇ ਕਈ ਸਾਬਕਾ ਕੌਂਸਲਰ ਬਲਵਿੰਦਰ ਪਾਲ ਸ਼ਰਮਾ, ਪਵਨ ਸ਼ਰਮਾ, ਸੁਰਿੰਦਰ ਜੀਤ ਸ਼ਰਮਾ, ਡਾ. ਸਰਬਜੀਤ ਸ਼ਰਮਾ, ਚੁਰੰਜੀ ਲਾਲ, ਮਨਮੋਹਨ ਕ੍ਰਿਸ਼ਨ ਅਤੇ ਜੀਵਨ ਸ਼ਰਮਾ ਵੀ ‘ਆਪ’ਵਿੱਚ ਸ਼ਾਮਲ ਹੋਏ।
ਇੱਥੇ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਵੀ ਆਪਣੇ ਸਾਥੀਆਂ ਸਮੇਤ ‘ਆਪ’ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਬੀਸੀ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਠੇਕੇਦਾਰ ਜਗਜੀਵਨ ਸਿੰਘ, ਠੇਕੇਦਾਰ ਹਰਪਾਲ ਸਿੰਘ, ਕਰਮਜੀਤ ਸਿੰਘ, ਭੁਪਿੰਦਰ ਸਿੰਘ, ਰਾਮ ਕ੍ਰਿਸ਼ਨ, ਮਨਮੀਤ ਸਿੰਘ, ਜਿੰਦਰ ਸਿੰਘ, ਪ੍ਰਭਜੋਤ ਸਿੰਘ, ਕਰਨਜੋਤ ਸਿੰਘ ਅਤੇ ਭੁਪਿੰਦਰ ਪਾਲ ਸਿੰਘ ਵੀ ‘ਆਪ’ਵਿੱਚ ਸ਼ਾਮਲ ਹੋਏ। ਇਸ ਮੌਕੇ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਵੀ ਹਾਜ਼ਰ ਸਨ।
ਫ਼ਿਰੋਜ਼ਪੁਰ ਲੋਕ ਸਭਾ ਹਲਕੇ ਵਿੱਚ ਵੀ ਆਮ ਆਦਮੀ ਪਾਰਟੀ ਦਾ ਧੜਾ ਹੋਰ ਮਜ਼ਬੂਤ ਹੋਇਆ ਹੈ। ਇੱਥੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਹਨ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਸ ਮੌਕੇ ‘ਆਪ’ ਸਰਕਾਰ ਦੀ ਮੰਤਰੀ ਡਾ. ਬਲਜੀਤ ਕੌਰ ਵੀ ਉਨ੍ਹਾਂ ਨਾਲ ਮੌਜੂਦ ਸਨ।
ਪੰਜਾਬ ਦੇ ਨਾਲ-ਨਾਲ ‘ਆਪ’ ਨੇ ਚੰਡੀਗੜ੍ਹ ‘ਚ ਵੀ ਮਜ਼ਬੂਤੀ ਹਾਸਲ ਕੀਤੀ ਹੈ। ਇੱਥੇ ਹਰਦੀਪ ਸਿੰਘ ਬੁਟੇਰਲਾ ਦੀ ਅਗਵਾਈ ਵਿੱਚ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਕਈ ਆਗੂ ‘ਆਪ’ਵਿੱਚ ਸ਼ਾਮਲ ਹੋ ਗਏ। ਅਕਾਲੀ ਦਲ ਤੋਂ ਚੰਡੀਗੜ੍ਹ ਨਗਰ ਨਿਗਮ ਵਿੱਚ ਕੌਂਸਲਰ ਦੀ ਚੋਣ ਲੜ ਚੁੱਕੇ ਜਗਤਾਰ ਸਿੰਘ, ਰਾਜੀਵ ਤੁਲੀ ਅਤੇ ਰਜਿੰਦਰ ਸਿੰਘ ਲਾਲੀ ‘ਆਪ’ਵਿੱਚ ਸ਼ਾਮਲ ਹੋ ਗਏ ਹਨ।
ਉਨ੍ਹਾਂ ਦੇ ਨਾਲ ਹਰਮੇਸ਼ ਸਿੰਘ ਸਾਬਕਾ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਗੁਰਬਖਸ਼ ਸਿੰਘ, ਨੱਥਾ ਸਿੰਘ ਸਾਬਕਾ ਸੀਨੀਅਰ ਮੀਤ ਪ੍ਰਧਾਨ ਚੰਡੀਗੜ੍ਹ, ਜਸਬੀਰ ਕੌਰ ਪ੍ਰਧਾਨ ਕੀਰਤਨ ਮੰਡਲੀ ਖੁੱਡਾ ਅਲੀਸ਼ੇਰ, ਰਾਕੇਸ਼ ਬਾਲੀ, ਅਮਰਜੀਤ ਸਿੰਘ, ਗਿਆਨ ਚੰਦ, ਅਸ਼ੀਸ਼ ਗੋਇਲ, ਰਣਬੀਰ ਸਿੰਘ ਸੋਢੀ, ਅਮਨਦੀਪ ਸਿੰਘ ਕਜੇੜੀ ਸਾਬਕਾ ਜਨਰਲ ਸਕੱਤਰ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ, ਜਤਿੰਦਰ ਰਾਏ, ਹਰਜਿੰਦਰ ਸਿੰਘ, ਨਵਨੀਤ ਚਾਵਲਾ ਪ੍ਰਧਾਨ ਰਾਧੇ ਮਾਰਕੀਟ-41 ਚੰਡੀਗੜ੍ਹ, ਸੁਸ਼ੀਲ ਸੋਨੂੰ, ਮੋਹਨ ਸਿੰਘ, ਵਿਵੇਕ ਸਿੰਘ, ਮਨੀਸ਼ਾ ਰਾਣੀ, ਸ਼ੋਭਾ ਦੇਵੀ ਪ੍ਰਧਾਨ ਕੀਰਤਨ ਮੰਡਲੀ ਰਾਏਪੁਰ, ਤੁਸ਼ਾਰ ਅਤੇ ਜਸਬੀਰ ਸਿੰਘ ਵੀ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਹੂਲਤਾਂ ਲਈ ਲਗਾਤਾਰ ਦਿਨ ਰਾਤ ਕੰਮ ਕਰ ਰਹੀ ਹੈ। ਸਾਡੇ ਕੰਮ ਤੋਂ ਪ੍ਰਭਾਵਿਤ ਹੋ ਕੇ ਪੰਜਾਬ ਦੇ ਹਰ ਵਰਗ ਦੇ ਲੋਕ ਪਾਰਟੀ ਨਾਲ ਜੁੜ ਰਹੇ ਹਨ। ਪਿਛਲੇ ਦੋ ਸਾਲਾਂ ਵਿੱਚ ਅਸੀਂ ਪੰਜਾਬ ਦੇ ਲੋਕਾਂ ਲਈ ਇਤਿਹਾਸਕ ਕੰਮ ਕੀਤੇ ਹਨ। ਅਸੀਂ ਆਮ ਲੋਕਾਂ ਦੇ ਇਲਾਜ ਲਈ 830 ਦੇ ਕਰੀਬ ਆਮ ਆਦਮੀ ਕਲੀਨਿਕ ਖੋਲੇ ਹਨ ਅਤੇ ਗਰੀਬਾਂ ਦੇ ਬੱਚਿਆਂ ਦੀ ਪੜ੍ਹਾਈ ਲਈ ਹੋਰ ਵੀ ਸਕੂਲ ਆਫ਼ ਐਮੀਨੈਂਸ ਬਣਾ ਰਹੇ ਹਾਂ, ਜਿਨ੍ਹਾਂ ਵਿੱਚ ਪ੍ਰਾਈਵੇਟ ਸਕੂਲਾਂ ਨਾਲੋਂ ਬਿਹਤਰ ਸਹੂਲਤਾਂ ਹਨ। ਅਸੀਂ ਪੰਜਾਬ ਦੇ ਲੋਕਾਂ ਨੂੰ ਹਰ ਮਹੀਨੇ 300 ਯੂਨਿਟ ਮੁਫ਼ਤ ਬਿਜਲੀ ਦਿੱਤੀ। ਅੱਜ ਸੂਬੇ ਦੇ ਕਰੀਬ 90 ਫ਼ੀਸਦੀ ਘਰਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕੰਮਾਂ ਦੇ ਬਲਬੂਤੇ ਉੱਤੇ ਪੰਜਾਬ ਦੇ ਲੋਕਾਂ ਤੋਂ ਵੋਟਾਂ ਮੰਗ ਰਹੇ ਹਾਂ, ਇਸ ਲਈ ਸਾਨੂੰ ਲੋਕਾਂ ਦਾ ਵੀ ਪੂਰਾ ਸਮਰਥਨ ਮਿਲ ਰਿਹਾ ਹੈ। ਪੰਜਾਬ ਦੇ ਲੋਕ ਇਸ ਵਾਰ ਆਮ ਆਦਮੀ ਪਾਰਟੀ ਨੂੰ ਜਿਤਾਉਣ ਲਈ ਕਾਫ਼ੀ ਉਤਸ਼ਾਹਿਤ ਹਨ।