ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਜਲੰਧਰ ’ਚ ਕੂੜਾ ਇਕੱਤਰ ਕਰਨ ਲਈ 14 ਈ-ਵਾਹਨਾਂ ਦੀ ਸ਼ੁਰੂਆਤ
ਨਵੀਂ ਪਹਿਲਕਦਮੀ ਤਹਿਤ ਰੇਹੜੀ ਮਾਲਕਾਂ ਲਈ ਡਿਜੀਟਲ ਭੁਗਤਾਨ ਪ੍ਰਣਾਲੀ ਵੀ ਕੀਤੀ ਸ਼ੁਰੂ
ਜਲੰਧਰ, 6 ਸਤੰਬਰ: ਕੂੜਾ ਪ੍ਰਬੰਧਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਵੱਲੋਂ ਅੱਜ ਸ਼ਹਿਰ ਵਿੱਚੋਂ ਕੂੜਾ ਇਕੱਤਰ ਕਰਨ ਲਈ ਹਾਈਡ੍ਰੌਲਿਕ ਲਿਫ਼ਟ ਸਿਸਟਮ ਨਾਲ ਲੈਸ 14 ਈ-ਵਾਹਨਾਂ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਵਾਹਨ ਗਿੱਲੇ-ਸੁੱਕੇ ਕੂੜੇ ਨੂੰ ਵੱਖ-ਵੱਖ ਇਕੱਠਾ ਕਰਨਗੇ ਅਤੇ ਕੂੜੇ-ਕਰਕਟ ਦੇ ਸੁਚੱਜੇ ਨਿਪਟਾਰੇ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰ ਵਿੱਚ ਅਜਿਹੇ 100 ਵਾਹਨ ਜਲਦ ਹੀ ਚਾਲੂ ਕੀਤੇ ਜਾਣਗੇ, ਜਿਸ ਨਾਲ ਸ਼ਹਿਰ ’ਚ ਸਫਾਈ ਮੁਹਿੰਮ ਨੂੰ ਵੱਡਾ ਹੁਲਾਰਾ ਮਿਲੇਗਾ।
ਇਸ ਦੌਰਾਨ ਕੈਬਨਿਟ ਮੰਤਰੀ ਵੱਲੋਂ ਜਲੰਧਰ ਨਗਰ ਨਿਗਮ ਵਿੱਚ ਡਿਜੀਟਲ ਤਹਿਬਾਜ਼ਾਰੀ ਪ੍ਰਣਾਲੀ ਦੀ ਸ਼ੁਰੂਆਤ ਵੀ ਕੀਤੀ ਗਈ, ਜਿਸ ਨਾਲ ਰੇਹੜੀ ਮਾਲਕ ਫੀਸ ਦੀ ਅਦਾਇਗੀ ਕਿਊ ਆਰ ਕੋਡਸ ਰਾਹੀਂ ਕਰ ਸਕਣਗੇ। ਇਸ ਨਾਲ ਭੁਗਤਾਨ ਪ੍ਰਣਾਲੀ ਹੋਰ ਸੁਚਾਰੂ ਅਤੇ ਪਾਰਦਰਸ਼ੀ ਬਣੇਗੀ।
ਆਪਣੇ ਦੌਰੇ ਦੌਰਾਨ ਮੰਤਰੀ ਨੇ ਸਫ਼ਾਈ ਕਰਮਚਾਰੀਆਂ ਲਈ ਲਗਾਏ ਗਏ ਮੈਡੀਕਲ ਕੈਂਪ ਦਾ ਨਿਰੀਖਣ ਵੀ ਕੀਤਾ ਅਤੇ ਜਲੰਧਰ ਨਗਰ ਨਿਗਮ ਵੱਲੋਂ ਇਨ੍ਹਾਂ ਕਾਮਿਆਂ ਨੂੰ ਈ-ਸ਼੍ਰਮ ਪੋਰਟਲ ਅਧੀਨ ਰਜਿਸਟਰ ਕਰਨ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਦੀ ਸਫਾਈ ਨੂੰ ਬਣਾਈ ਰੱਖਣ ਵਿੱਚ ਸਫਾਈ ਕਰਮਚਾਰੀਆਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਉਨ੍ਹਾਂ ਲਈ ਨਵੀਂ ਪੈਨਸ਼ਨ ਸਕੀਮ ਅਤੇ ਆਈ ਐਚ ਆਰ ਐਮ ਐਸ ਵਰਗੇ ਲਾਭਾਂ ਦੀ ਵਿਵਸਥਾ ’ਤੇ ਚਾਨਣਾ ਪਾਇਆ।
ਇਸ ਮੌਕੇ ਮੰਤਰੀ ਬਲਕਾਰ ਸਿੰਘ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਫਾਈ ਕਰਮਚਾਰੀਆਂ ਦੀ ਭਲਾਈ ਪ੍ਰਤੀ ਵਚਨਬੱਧਤਾ ਨੂੰ ਦਹੁਰਾਉਂਦਿਆਂ ਉਨ੍ਹਾਂ ਨੂੰ ਸਮਾਜ ਦਾ ਅਨਿੱਖੜਵਾਂ ਅੰਗ ਦੱਸਿਆ। ਇਸ ਮੌਕੇ ਵਿਧਾਇਕ ਮਹਿੰਦਰ ਭਗਤ, ਪੰਜਾਬ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤਪਾਲ ਸਿੰਘ, ਕਮਿਸ਼ਨਰ ਨਗਰ ਨਿਗਮ ਗੌਤਮ ਜੈਨ, ਵਧੀਕ ਕਮਿਸ਼ਨਰ ਨਗਰ ਨਿਗਮ ਅਮਰਜੀਤ ਬੈਂਸ, ਜੁਆਇੰਟ ਕਮਿਸ਼ਨਰ ਨਗਰ ਨਿਗਮ ਪੁਨੀਤ ਸ਼ਰਮਾ, ਆਪ ਆਗੂ ਦਿਨੇਸ਼ ਢੱਲ ਆਦਿ ਵੀ ਮੌਜੂਦ ਸਨ।