ਦੋ ਦਿਨ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਮੌਤ
ਸ੍ਰੀ ਮੁਕਤਸਰ ਸਾਹਿਬ (ਜਗਜੀਤ ਸਿੰਘ ਧਾਲੀਵਾਲ) ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੰਧੜ੍ਹ ਦੇ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਤਿੰਨ ਮਹੀਨੇ ਪਹਿਲਾਂ ਹੀ ਇਥੋਂ ਦੇ ਨੌਜਵਾਨ ਮਨੀ ਦੀ ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਫਿਰ ਕੈਨੇਡਾ ਵਿਖੇ ਇਥੋਂ ਦੇ ਵਸਨੀਕ ਨੌਜਵਾਨ ਕਮਲਜੀਤ ਸਿੰਘ ਸਿਵੀਆ (25 ਸਾਲ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਉਹ ਦੋ ਦਿਨ ਪਹਿਲਾਂ ਹੀ ਆਪਣੇ ਪਿੰਡ ਗੰਧੜ੍ਹ ਤੋਂ ਦਿੱਲੀ ਹਵਾਈ ਅੱਡੇ ’ਤੇ ਗਿਆ ਸੀ ਅਤੇ ਕੈਨੇਡਾ ਜਾਣ ਲਈ ਰਵਾਨਾ ਹੋਇਆ ਸੀ। ਸਵੇਰ ਵੇਲੇ ਕੈਨੇਡਾ ਪਹੁੰਚ ਕੇ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਗੱਲ ਵੀ ਕੀਤੀ ਕਿ ਮੈਂ ਸਹੀ ਸਲਾਮਤ ਆਪਣੇ ਟਿਕਾਣੇ ’ਤੇ ਪਹੁੰਚ ਗਿਆ ਹਾਂ। ਉੱਥੇ ਪਹੁੰਚ ਕੇ ਉਸ ਨੇ ਕੌਫੀ ਹੀ ਪੀਤੀ ਸੀ ਕਿ ਦਿਲ ਦੌਰਾ ਪੈ ਗਿਆ। ਮਰਨ ਵਾਲਾ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਦੋ ਭੈਣਾਂ ਦਾ ਭਰਾ ਸੀ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਰਨ ਵਾਲਾ ਨੌਜਵਾਨ ਸਾਧਾਰਨ ਕਿਸਾਨ ਪਰਿਵਾਰ ਤੋਂ ਸੀ।ਉਨ੍ਹਾਂ ਦੱਸਿਆ ਕਿ ਕਮਲਜੀਤ ਸਿੰਘ ਦੋ ਸਾਲ ਪਹਿਲਾਂ ਕੈਨੇਡਾ ਗਿਆ ਸੀ ਅਤੇ ਹੁਣ ਦੋ ਮਹੀਨਿਆਂ ਲਈ ਪਿੰਡ ਗੰਧੜ੍ਹ ਵਿਖੇ ਆਇਆ ਹੋਇਆ ਸੀ। ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਦਾ ਰੋ-ਰੋ ਬੁਰਾ ਹਾਲ ਹੈ।



