ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਟੀਕਾਕਰਣ ਸਮੇਂ ਸਿਰ ਕਰਵਾਉਣ ਸੰਬੰਧੀ ਕੀਤਾ ਜਾ ਰਿਹਾ ਹੈ ਜਾਗਰੂਕ
ਕਪੂਰਥਲਾ (ਜਗਜੀਤ ਸਿੰਘ ਧਾਲੀਵਾਲ) ਸਿਹਤ ਵਿਭਾਗ ਵੱਲੋਂ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ “ਵਿਸ਼ਵ ਇਮੂਨਾਈਜੇਸ਼ਨ ਵੀਕ” ਮਨਾਇਆ ਜਾ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮੁੱਢਲਾ ਸਿਹਤ ਕੇਂਦਰ ਢਿੱਲਵਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ਵਨੀ ਕੁਮਾਰ ਨੇ ਦੱਸਇਆ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ਸਿਰ ਲੋਕਾਂ ਵਿੱਚ ਸਿਹਤ ਸਹੂਲਤਾਂ ਸੰਬੰਧੀ ਵਧੇਰੇ ਜਾਗਰੂਕਤਾ ਲਿਆਉਣ ਲਈ ਯੋਗ ਉਪਰਾਲੇ ਕੀਤੇ ਜਾਂਦੇ ਹਨ। ਉਨ੍ਹਾਂ ਦੱਸਇਆ ਕਿ “ਵਿਸ਼ਵ ਇਮੂਨਾਈਜੇਸ਼ਨ ਵੀਕ” ਤਹਿਤ ਬਲਾਕ ਢਿੱਲਵਾਂ ਅਧੀਨ ਸਮੂਹ ਸਬ ਸੈਂਟਰਾਂ ‘ਤੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦਾ ਟੀਕਾਕਰਣ ਕਿਤਾ ਜਾ ਰਿਹਾ ਹੈ। ਹਰ ਬੁੱਧਵਾਰ ਮਮਤਾ ਦਿਵਸ ਤਹਿਤ ਟੀਕਾਕਰਣ ਅਤੇ ਆਮ ਲੋਕਾਂ ਨੂੰ ਸਿਹਤ ਸਹੂਲਤਾਂ, ਖੂਨ ਦੀ ਘਾਟ, ਸਤਨਪਾਨ (ਬ੍ਰੇਸਟਫੀਡਿੰਗ) ਏ.ਐਨ.ਸੀ ਚੈੱਕਅੱਪ ਅਤੇ ਚੰਗੀ ਖੁਰਾਕ ਲਈ ਵਧੇਰੇ ਜਾਗਰੂਕ ਕੀਤਾ ਜਾਂਦਾ ਹੈ ਤਾਂ ਜੋ ਸਿਹਤਮੰਦ
ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ “ਵਿਸ਼ਵ ਇਮੂਨਾਈਜੇਸ਼ਨ ਵੀਕ” ਦਾ ਮਕਸਦ ਜ਼ਮੀਨੀ ਪੱਧਰ ਤੱਕ ਲੋਕਾਂ ‘ਚ ਵੱਖ-ਵੱਖ ਬਿਮਾਰੀਆਂ ਦੀ ਰੋਕਥਾਮ ਲਈ ਸਿਹਤ ਵਿਭਾਗ ਵੱਲੋਂ ਲਗਾਏ ਜਾਂਦੇ ਟੀਕਾਕਰਨ ਸੰਬੰਧੀ ਜਾਗਰੂਤਾ ਨੂੰ ਵਧਾਉਣਾ ਹੈ ਤਾਂ ਜੋ ਕੋਈ ਵੀ ਗਰਭਵਤੀ ਮਹਿਲਾ ਅਤੇ
ਨਵਜੰਮਿਆ ਬੱਚਾ ਰੂਟੀਨ ਇਮੂਨਾਈਜੇਸ਼ਨ ਤੋਂ ਵਾਂਝਾ ਨਾ ਰਹਿ ਜਾਵੇ।
ਉਨ੍ਹਾਂ ਬੱਚਿਆਂ ਦੇ ਮਾਪਿਆਂ ਨੂੰ ਅਤੇ ਗਰਭਵਤੀ ਮਹਿਲਾਵਾਂ ਨੂੰ ਜਿਹੜੀਆਂ ਕਿਸੇ ਕਾਰਣ ਰੂਟੀਨ ਇਮੂਨਾਈਜੇਸ਼ਨ ਤੋਂ ਖੁੰਝ ਗਏ ਸਨ ਨੂੰ ਆਪਣਾ ਟੀਕਾਕਰਨ ਸਮੇਂ ਸਿਰ ਮੁਕੰਮਲ ਕਰਵਾਉਣ ਲਈ ਅਪੀਲ ਕੀਤੀ। ਇਸ ਦੌਰਾਨ ਬੀ.ਈ.ਈ ਬਿਕਰਮਜੀਤ ਸਿੰਘ, ਮੋਨਿਕਾ, ਐਲ.ਐਚ. ਵੀ ਮਨਜੀਤ ਕੌਰ, ਏ.ਐਨ.ਐਮ ਤਰਜੀਤ ਕੌਰ, ਸੁਨੀਤਾ ਵਿਰਲੀ ਆਦਿ ਸਟਾਫ ਹਾਜਰ ਸੀ।



