ਐਸ.ਏ.ਐਸ. ਨਗਰ ਵਿੱਚ ਰੇਹੜੀ-ਫੜ੍ਹੀ ਵਾਲਿਆਂ ਨੂੰ ਮਿਲੇਗੀ ਵੱਖਰੀ ਮਾਰਕੀਟ

• ਗਮਾਡਾ ਨੇ ਸਟਰੀਟ ਵੈਂਡਰਾਂ ਲਈ ਮਾਰਕੀਟਾਂ ਵਿਕਸਤ ਕਰਨ ਵਾਸਤੇ 4-ਸਾਈਟਾਂ ਨਗਰ ਨਿਗਮ ਐਸ.ਏ.ਐਸ. ਨਗਰ ਨੂੰ ਸੌਂਪੀਆਂ: ਅਮਨ ਅਰੋੜਾ

• ਕੇਵਲ ਸਟਰੀਟ ਵੈਂਡਰਾਂ ਲਈ ਮਾਰਕੀਟ ਬਣਾਉਣ ਵਾਸਤੇ ਹੀ ਵਰਤੀਆਂ ਜਾ ਸਕਣਗੀਆਂ ਇਹ ਸਾਈਟਾਂ

ਚੰਡੀਗੜ੍ਹ, 2 ਦਸੰਬਰ:

ਨਾਜਾਇਜ਼ ਕਬਜ਼ੇ ਹਟਾਉਣ ਖ਼ਿਲਾਫ਼ ਵਿੱਢੀ ਮੁਹਿੰਮ ਦੌਰਾਨ ਕਿਸੇ ਨੂੰ ਆਪਣੀ ਰੋਜ਼ੀ-ਰੋਟੀ ਤੋਂ ਮੁਥਾਜ ਨਾ ਹੋਣਾ ਪਵੇ ਇਸ ਨੂੰ ਯਕੀਨੀ ਬਣਾਉਣ ਵਾਸਤੇ ਗਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਵੱਲੋਂ ਰੇਹੜੀ-ਫੜ੍ਹੀ (ਸਟਰੀਟ ਵੈਂਡਰਾਂ) ਵਾਲਿਆਂ ਲਈ ਵੱਖਰੀ (ਡੈਡੀਕੇਟਿਡ) ਮਾਰਕੀਟ ਵਿਕਸਤ ਕਰਨ ਲਈ ਨਗਰ ਨਿਗਮ, ਐਸ.ਏ.ਐਸ. ਨਗਰ (ਮੋਹਾਲੀ) ਨੂੰ ਚਾਰ ਸਾਈਟਾਂ ਅਲਾਟ ਕੀਤੀਆਂ ਗਈਆਂ ਹਨ, ਜਿਸ ਨਾਲ ਸਟਰੀਟ ਵੈਂਡਰਾਂ ਨੂੰ ਕੰਮ-ਕਾਜ ਅਤੇ ਲੋਕਾਂ ਨੂੰ ਖਰੀਦਦਾਰੀ ਕਰਨ ਵਿੱਚ ਸੌਖ ਹੋਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਉਪਰਾਲੇ ਨਾਲ ਨਾ ਕੇਵਲ ਇਨ੍ਹਾਂ ਸਟਰੀਟ ਵੈਂਡਰਾਂ ਨੂੰ ਕਾਰੋਬਾਰ ਲਈ ਇੱਕ ਸਮਰਪਿਤ ਜਗ੍ਹਾ ਮਿਲੇਗੀ ਬਲਕਿ ਗਾਹਕਾਂ ਨੂੰ ਵੀ ਇਕ ਸਥਾਨ ਉਤੇ ਖਰੀਦਦਾਰੀ ਕਰਨੀ ਸੌਖੀ ਹੋਵੇਗੀ। ਇਸ ਨਾਲ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਵਿੱਚ ਵੀ ਮਦਦ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਸਾਈਟਾਂ ਨਗਰ ਨਿਗਮ ਨੂੰ ਕੇਵਲ ਰੇਹੜੀ-ਫੜ੍ਹੀ ਵਾਲਿਆਂ ਲਈ ਮਾਰਕੀਟਾਂ ਵਿਕਸਤ ਕਰਨ ਲਈ ਮੁਫ਼ਤ ਵਿੱਚ ਸੌਂਪੀਆਂ ਗਈਆਂ ਹਨ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਚਾਰ ਥਾਵਾਂ ਸੈਕਟਰ-56 ਵਿੱਚ 3341.59 ਵਰਗ ਗਜ਼, ਸੈਕਟਰ-77 ਵਿੱਚ 2516.88 ਵਰਗ ਗਜ਼ ਤੇ 1873.14 ਵਰਗ ਗਜ਼, ਅਤੇ ਸੈਕਟਰ-78 ਵਿੱਚ 2588.24 ਵਰਗ ਗਜ਼ ਵਿੱਚ ਸਥਿਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਦੀ ਚੋਣ ਵੱਖ ਵੱਖ ਖੇਤਰਾਂ ਨੂੰ ਜੋੜਨ ਵਾਲੀਆਂ ਸੜਕਾਂ ਤੱਕ ਆਸਾਨ ਪਹੁੰਚ ਨੂੰ ਧਿਆਨ ਵਿੱਚ ਰੱਖਦਿਆਂ ਕੀਤੀ ਗਈ ਹੈ।

ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਨੇ ਕਿਹਾ ਕਿ ਨਗਰ ਨਿਗਮ, ਐਸ.ਏ.ਐਸ. ਨਗਰ ਨੂੰ ਸਟਰੀਟ ਵੈਂਡਰਾਂ ਨੂੰ ਅਜਿਹੇ ਢੰਗ ਨਾਲ ਤਬਦੀਲ ਕਰਨ ਲਈ ਕਿਹਾ ਹੈ ਤਾਂ ਜੋ ਇਕ ਪਾਕੇਟ ਵਿੱਚ ਇਕੋ ਤਰ੍ਹਾਂ ਦੇ ਕੰਮ ਵਾਲੇ ਹੋਣ ਤਾਂ ਜੋ ਖਰੀਦਦਾਰਾਂ ਅਤੇ ਕਾਰੋਬਾਰ ਕਰਨ ਵਾਲਿਆਂ ਨੂੰ ਲਾਭ ਮਿਲ ਸਕੇ।

ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੂੰ ਅਲਾਟ ਕੀਤੀਆਂ ਗਈਆਂ ਇਨ੍ਹਾਂ ਸਾਈਟਾਂ ਦੀ ਮਾਲਕੀ ਗਮਾਡਾ ਕੋਲ ਹੀ ਰਹੇਗੀ। ਭਵਿੱਖ ਵਿੱਚ ਨਗਰ ਨਿਗਮ ਜੇਕਰ ਇਨ੍ਹਾਂ ਥਾਵਾਂ ਤੋਂ ਸਟਰੀਟ ਵੈਂਡਰਾਂ ਨੂੰ ਕਿਤੇ ਹੋਰ ਤਬਦੀਲ ਕਰਨਾ ਚਾਹੁੰਦਾ ਹੈ ਤਾਂ ਗਮਾਡਾ ਇਨ੍ਹਾਂ ਸਾਈਟਾਂ ਦਾ ਕਬਜ਼ਾ ਵਾਪਸ ਲੈ ਸਕੇਗਾ। ਅਜਿਹੀ ਸਥਿਤੀ ਵਿੱਚ ਇਨ੍ਹਾਂ ਵੈਂਡਰ ਸਾਈਟਾਂ ਨੂੰ ਹੋਰ ਥਾਂ ਤਬਦੀਲ ਕਰਨ ਦਾ ਖਰਚਾ ਨਗਰ ਨਿਗਮ ਵੱਲੋਂ ਹੀ ਚੁੱਕਿਆ ਜਾਵੇਗਾ।

CATEGORIES
TAGS
Share This

COMMENTS

Wordpress (0)
Disqus (0 )
Translate