ਆਰਥਿਕ ਪਰੇਸ਼ਾਨੀ ਦੇ ਚੱਲਦਿਆਂ 5 ਜਵਾਕਾਂ ਦੇ ਪਿਤਾ ਨੇ ਕੀਤੀ ਖ਼ੁਦਕੁਸ਼ੀ
ਅਬੋਹਰ 29 ਮਾਰਚ। ਬੀਤੀ ਰਾਤ ਪਿੰਡ ਬਕੈਨਵਾਲਾ ਨੇੜੇ ਇੱਕ ਵਿਅਕਤੀ ਨੇ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਕਾਰਨ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਜੀਆਰਪੀ ਪੁਲੀਸ ਨੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁਰਦਾਘਰ ਵਿੱਚ ਰਖਵਾਇਆ ਹੈ। ਮ੍ਰਿਤਕ ਪੰਜ ਬੱਚਿਆਂ ਦਾ ਪਿਤਾ ਸੀ।ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੋਇਲ ਖੇੜਾ ਦੇ ਰਹਿਣ ਵਾਲੇ ਓਮ ਪ੍ਰਕਾਸ਼ ਪੁੱਤਰ ਮੁੰਨੀਰਾਮ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦੀਆਂ ਚਾਰ ਲੜਕੀਆਂ ਅਤੇ ਇੱਕ ਪੁੱਤਰ ਹੈ।ਉਹ ਦਿਹਾੜੀ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਚਲਾਉਂਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਘਰ ਦੀ ਆਰਥਿਕ ਹਾਲਤ ਖ਼ਰਾਬ ਹੋਣ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਕਾਰਨ ਉਸ ਨੇ ਬੀਤੀ ਰਾਤ ਪਿੰਡ ਬਕਾਇਣਵਾਲਾ ਨੇੜੇ ਰੇਲਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ।
ਘਟਨਾ ਦੀ ਸੂਚਨਾ ਮਿਲਦੇ ਹੀ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰ ਸੋਨੂੰ ਗਰੋਵਰ, ਅਨੀਸ਼ ਨਰੂਲਾ ਬਿੱਟੂ ਆਪਣੀ ਟੀਮ ਸਮੇਤ ਮੌਕੇ ‘ਤੇ ਪਹੁੰਚੇ ਅਤੇ ਜੀਆਰਪੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ।