ਨਾ ਕੋਈ ਓ ਟੀ ਪੀ ਪੀ ਨਾ ਕੋਈ ਲਿੰਕ, ਕਾਲ ਹੋਲਡ ਕਰਵਾਈ ਅਤੇ ਉਡਾ ਲਏ ਖਾਤੇ ਵਿੱਚੋਂ ਇਕ ਲੱਖ 40 ਹਜ਼ਾਰ

ਗੁਰਦਾਸਪੁਰ। (ਲਵਪ੍ਰੀਤ ਸਿੰਘ ਖੁਸ਼ੀਪੁਰ) ਹੁਣ ਸਾਈਬਰ ਠੱਗਾਂ ਨੂੰ ਤੁਹਾਡੇ ਬੈਂਕ ਖਾਤੇ ਵਿੱਚੋਂ ਪੈਸੇ ਉਡਾਉਣ ਲਈ ਕੋਈ ਲਿੰਕ ਜਾਂ ਓ ਟੀ ਪੀ ਭੇਜਣ ਦੀ ਲੋੜ ਨਹੀਂ ਪੈਂਦੀ। ਜੇਕਰ ਤੁਹਾਨੂੰ ਕਿਸੇ ਅਣਪਛਾਤੇ ਨੰਬਰ ਤੋਂ ਕਾਲ ਆਉਂਦੀ ਹੈ ਅਤੇ ਗੱਲਾਂ ਵਿੱਚ ਉਲਝਾ ਕੇ ਉਹ ਤੁਹਾਡੀ ਕਾਲ ਨੂੰ ਹੋਲਡ ਕਰਵਾ ਲੈਂਦਾ ਹੈ ਤਾਂ ਵੀ ਸਾਵਧਾਨ ਰਹੋ। ਕਿਉਂਕਿ ਹੋਲਡ ਕਰਵਾ ਕੇ ਉਹ ਤੁਹਾਡੀ ਮੋਬਾਇਲ ਡਿਵਾਈਸ ਨੂੰ ਹੈਕ ਕਰ ਲੈਂਦਾ ਹੈ ਤੇ ਤੁਹਾਡੇ ਮੋਬਾਇਲ ਨੰਬਰ ਨਾਲ ਜੁੜੇ ਖਾਤੇ ਵਿੱਚ ਸੇਂਧਮਾਰੀ ਕਰ ਸਕਦਾ ਹੈ। ਅਜਿਹਾ ਹੀ ਵਾਕਿਆ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਨਾਲ ਵਾਪਰਿਆ ਹੈ।
ਸ਼ਹਿਰ ਧਾਰੀਵਾਲ ਦੇ ਨੌਜਵਾਨ ਗੌਰਵ ਲੂਥਰਾ ਦੇ ਨਾਲ ਵੱਖਰੀ ਕਿਸਮ ਦੀ ਠੱਗੀ ਹੋਈ ਹੈ। ਉਸ ਨੂੰ ਨਾਂ ਤਾਂ ਕੋਈ ਓ ਟੀ ਪੀ ਕੋਡ ਆਇਆ ਤੇ ਨਾ ਹੀ ਕੋਈ ਸੰਦੇਸ਼। ਉਸ ਨੇ ਆਪਣੇ ਖਾਤੇ ਬਾਰੇ ਜਾਂ ਹੋਰ ਕੋਈ ਡਿਟੇਲ ਵੀ ਫੋਨ ਕਰਨ ਵਾਲੇ ਨਾਲ ਸ਼ੇਅਰ ਨਹੀਂ ਕੀਤੀ ਪਰ ਫਿਰ ਵੀ ਖਾਤੇ ਵਿੱਚੋਂ ਇਕ ਲੱਖ 40 ਹਜਾਰ ਰੁਪਏ ਦੇ ਕਰੀਬ ਰਕਮ ਉਡਾ ਲਈ ਗਈ। ਹੁਣ ਪੀੜਤ ਨੌਜਵਾਨ ਵੱਲੋਂ ਸਾਈਬਰ ਕਰਾਇਮ ਅਤੇ ਬੈਂਕ ਨੂੰ ਆਪਣੇ ਨਾਲ ਹੋਈ ਠੱਗੀ ਦੀ ਸ਼ਿਕਾਇਤ ਕੀਤੀ ਗਈ ਹੈ।

ਗੱਲਬਾਤ ਦੌਰਾਨ ਧਾਰੀਵਾਲ ਨਹਿਰ ਕਿਨਾਰੇ ਮੋਬਾਇਲ ਰਿਪੇਅਰ ਦੀ ਦੁਕਾਨ ਕਰਨ ਵਾਲੇ ਪੀੜਿਤ ਤੇ ਨੌਜਵਾਨ ਗੌਰਵ ਲੂਥਰਾ ਨੇ ਦੱਸਿਆ ਕਿ ਉਸ ਨੂੰ ਇੰਡਸ ਬੈਂਕ ਵੱਲੋਂ ਇੱਕ ਫੋਨ ਕਾਲ ਆਉਂਦੀ ਹੈ ਕਿ ਉਸ ਦੇ ਵਲੋਂ ਕ੍ਰੈਡਿਟ ਕਾਰਡ ਦੂਜੀ ਟਰਾਂਜੈਕਸ਼ਨ ਕਰਦਿਆਂ ਹੀ ਉਸਦੀ ਇੰਸ਼ੋਰੈਂਸ ਵੀ ਆਟੋਮੈਟਿਕ ਤਰੀਕੇ ਨਾਲ ਹੋ ਜਾਵੇਗੀ। ਜੇਕਰ ਤੁਸੀਂ ਇੰਸ਼ੋਰੈਂਸ ਨਹੀਂ ਕਰਵਾਉਣਾ ਹੀ ਚਾਹੁੰਦੇ ਤਾਂ ਫੋਨ ਕਾਲ ਜਾਰੀ ਰੱਖੋ। ਤੁਹਾਨੂੰ ਕਿਸੇ ਤਰ੍ਹਾਂ ਦਾ ਓ ਟੀ ਪੀ ਹੋਰ ਡਿਟੇਲ ਸ਼ੇਅਰ ਕਰਨ ਦੀ ਲੋੜ ਨਹੀਂ ਹੈ। ਕੁਝ ਦੇਰ ਬਾਅਦ ਫੋਨ ਕਰਨ ਵਾਲੇ ਨੇ ਉਸ ਕੋਲੋਂ ਕਾਲ ਹੋਲਡ ਕਰਵਾ ਲਈ ਅਤੇ ਫੇਰ ਕੱਟ ਦਿੱਤੀ ਪਰ ਕਾਲ ਕੱਟਦੇ ਸਾਰ ਹੀ ਉਸਦੇ ਫੋਨ ਵਿੱਚ ਮੈਸੇਜ ਆ ਜਾਂਦਾ ਹੈ ਕਿ ਉਸ ਦੇ ਖਾਤੇ ਵਿੱਚੋਂ ਇਕ ਲੱਖ 38 ਹਜ਼ਾਰ 986 ਰੁਪਏ ਕਢਾ ਲਏ ਗਏ ਹਨ। ਨੌਜਵਾਨ ਨੇ ਕਿਹਾ ਕਿ ਇੰਜ ਲੱਗਦਾ ਹੈ ਕਿ ਫੋਨ ਕਰਨ ਵਾਲੇ ਵੱਲੋਂ ਉਸਦੇ ਫੋਨ ਡਿਵਾਈਸ ਹੈਕ ਕਰ ਲਈ ਗਈ ਸੀ ਅਤੇ ਹੋਲਡ ਕਰਵਾਉਣ ਦੌਰਾਨ ਜਿਹੜਾ ਓ ਟੀ ਪੀ ਉਸਦੇ ਫੋਨ ਤੇ ਆਣਾ ਸੀ ਹੈਕਰ ਦੇ ਫੋਨ ਤੇ ਚਲਾ ਗਿਆ।
ਇਸ ਸੰਬੰਧ ਵਿੱਚ ਨੌਜਵਾਨ ਵੱਲੋਂ ਸਾਈਬਰ ਕ੍ਰਾਈਮ ਗੁਰਦਾਸਪੁਰ ਅਤੇ ਉਸਦੇ ਆਪਣੇ ਬੈਂਕ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਉਸ ਨੇ ਆਸ ਪ੍ਰਗਟਾਈ ਹੈ ਕਿ ਐਸਐਸਪੀ ਗੁਰਦਾਸਪੁਰ ਆਈਪੀਐਸ ਦਿਆਮਾ ਹਰੀਸ਼ ਕੁਮਾਰ ਉਸ ਦੀ ਇਸ ਕੇਸ ਵਿੱਚ ਪੂਰੀ ਮਦਦ ਕਰਨਗੇ। ਉਸ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਲੋਕ ਵੀ ਆਨਲਾਈਨ ਠੱਗੀ ਤੋਂ ਸਾਵਧਾਨ ਹੋ ਜਾਣ ਅਤੇ ਕਿਸੇ ਅਣਪਛਾਤੇ ਵਿਅਕਤੀ ਦੀ ਫੋਨ ਕਾਲ ਰਿਸੀਵ ਕਰਦੇ ਸਮੇਂ ਖਾਸ ਧਿਆਨ ਰੱਖਣ ਕਿ ਉਸ ਦੀਆਂ ਗੱਲਾਂ ਵਿੱਚ ਫੱਸ ਕੇ ਕਾਲ ਨੂੰ ਕਦੇ ਵੀ ਲੰਬੀ ਗੱਲਬਾਤ ਨਾ ਕਰਨ।

CATEGORIES
Share This

COMMENTS

Wordpress (0)
Disqus (0 )
Translate