ਦਿੱਲੀ ਬਾਅਦ ਈਡੀ ਦਾ ਪੰਜਾਬ ਚ ਵੱਡਾ ਐਕਸ਼ਨ,ਕਈ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ
ਦਿੱਲੀ ਵਿੱਚ ਈਡੀ ਦੀ ਅਰਵਿੰਦ ਕੇਜਰੀਵਾਲ ਖਿਲਾਫ ਕਾਰਵਾਈ ਤੋਂ ਬਾਅਦ ਪੰਜਾਬ ਵਿੱਚ ਵੀ ਵੱਡਾ ਐਕਸ਼ਨ ਕੀਤਾ ਗਿਆ ਹੈ। ਜਿਸ ਤਹਿਤ ਆਈਏਐਸ ਅਫਸਰਾਂ ਸਮੇਤ ਵੱਖ-ਵੱਖ ਲੋਕਾਂ ਦੇ ਟਿਕਾਣਿਆਂ ਤੇ ਈਡੀ ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਈਡੀ ਦੀ ਕਾਰਵਾਈ ਪੰਜਾਬ ਦੀ ਸ਼ਰਾਬ ਨੀਤੀ ਤੇ ਅਮਰੂਦਾਂ ਦੇ ਘੁਟਾਲੇ ਨੂੰ ਲੈ ਕੇ ਹੋਈ ਹੈ। ਗਰੇਟਰ ਮੁਹਾਲੀ ਵਿਕਾਸ ਅਥੋਰਟੀ ਵੱਲੋਂ ਏਅਰਪੋਰਟ ਰੋਡ ਤੇ ਪ੍ਰੋਜੈਕਟ ਲਈ ਜਮੀਨ ਅਕਵਾਇਰ ਕੀਤੀ ਗਈ ਸੀ ਤੇ ਇਸ ਅਕਵਾਇਰ ਕੀਤੀ ਜਾਣ ਵਾਲੀ ਜਮੀਨ ਵਿੱਚ ਕੁਝ ਸਮਾਂ ਪਹਿਲਾਂ ਹੀ ਅਮਰੂਦਾਂ ਦੇ ਬੂਟੇ ਲਾਏ ਗਏ ਸਨ ਜਿਨਾਂ ਦੀ ਉਮਰ ਵੱਧ ਦੱਸੀ ਗਈ ਸੀ ਤੇ ਇਸ ਵਿੱਚ ਮਿਲੇ ਮੁਆਵਜੇ ਚ ਵੱਡਾ ਘੁਟਾਲਾ ਹੋਇਆ ਸੀ। ਅਮਰੂਦਾਂ ਦੇ ਮਾਮਲੇ ਵਿੱਚ ਫਿਰੋਜ਼ਪੁਰ ਦੇ ਡੀਸੀ ਦੀ ਪਤਨੀ ਦਾ ਨਾਮ ਵੀ ਸ਼ਾਮਿਲ ਸੀ। ਈਡੀ ਵੱਲੋਂ ਅੱਜ ਵੱਖ-ਵੱਖ ਆਈਐਸ ਅਧਿਕਾਰੀਆਂ ਦੇ ਘਰਾਂ ਤੇ ਹੋਰ ਸੰਬੰਧਿਤ ਲੋਕਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ ਹੈ। ਪਹਿਲਾਂ ਇਸ ਮਾਮਲੇ ਨੂੰ ਵਿਜੀਲੈਂਸ ਪੰਜਾਬ ਵੱਲੋਂ ਦੇਖਿਆ ਜਾ ਰਿਹਾ ਸੀ। ਈਡੀ ਵੱਲੋਂ ਪੰਜਾਬ ਚ ਕੀਤੇ ਗਏ ਇਸ ਐਕਸ਼ਨ ਨੂੰ ਲੈ ਕੇ ਕਾਫੀ ਚਰਚਾ ਦਾ ਮਾਹੌਲ ਚੱਲ ਰਿਹਾ ਹੈ।



