ਸਪੋਰਟਸ ਸਕੂਲ ਘੁੱਦਾ ਵਿਖੇ ਸਰਕਾਰੀ ਸਕੂਲ ਬਰੀਵਾਲਾ ਦੇ ਵਿਦਿਆਰਥੀਆਂ ਨੇ ਕੀਤਾ ਦੌਰਾ

ਸਟੇਟ ਤੇ ਨੈਸ਼ਨਲ ਪੱਧਰ ਦੇ ਖਿਡਾਰੀਆਂ ਨਾਲ ਕੀਤੀ ਜਾਣ-ਪਹਿਚਾਣ
ਪ੍ਰਿੰਸੀਪਲ ਨੇ ਸਕੂਲ ਵਿੱਚ ਮਿਲਦੀਆਂ ਸਹੂਲਤਾਂ ਤੋਂ ਕਰਵਾਇਆ ਜਾਣੂ
ਬਠਿੰਡਾ, 1 ਦਸੰਬਰ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਤੇ ਨੌਜਵਾਨਾਂ ਦੀ ਪ੍ਰਤਿਭਾ ਨੂੰ ਪਹਿਚਾਣਨ ਲਈ ਸਰਕਾਰੀ ਸਕੂਲਾਂ ਵਿਚ ਨਵੇਂ ਖਿਡਾਰੀ ਪੈਦਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਰਕਾਰੀ ਹਾਈ ਸਕੂਲ ਬਰੀਵਾਲਾ (ਸ਼੍ਰੀ ਮੁਕਤਸਰ ਸਾਹਿਬ) ਦੇ ਖਿਡਾਰੀਆਂ ਨੇ ਸਰਕਾਰੀ ਸਪੋਰਟਸ ਸਕੂਲ ਘੁੱਦਾ ਦਾ ਦੌਰਾ ਕੀਤਾ। ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀ ਪ੍ਰੇਮ ਕੁਮਾਰ ਮਿੱਤਲ ਨੇ ਸਕੂਲ ਵਿੱਚ ਸਰਕਾਰ ਵਲੋ ਮਿਲਦੀਆਂ ਸਹੂਲਤਾਂ ਬਾਰੇ ਤੇ ਸਕੂਲ ਵਿੱਚ ਦਾਖ਼ਲ ਹੋਣ ਬਾਰੇ ਬੱਚਿਆਂ ਨੂੰ ਵਿਸਥਾਰ ਨਾਲ ਦੱਸਿਆ।
ਸਕੂਲ ਇੰਚਾਰਜ ਸੁਖਦੀਪ ਸਿੰਘ ਨੇ ਬੱਚਿਆਂ ਨੂੰ ਵੱਖ-ਵੱਖ ਖੇਡ ਗਰਾਊਂਡਾਂ ਦਾ ਦੌਰਾ ਕਰਵਾਇਆ ਤੇ ਸਕੂਲ ਵਿੱਚ ਚੱਲ ਰਹੀਆਂ ਖੇਡਾਂ ਬਾਰੇ ਵਿਸਥਾਰ ਪੂਰਵਕ ਦੱਸਿਆ। ਸਕੂਲ ਦੇ ਕੁਸ਼ਤੀ ਤੇ ਹਾਕੀ ਖਿਡਾਰੀਆਂ ਨੇ ਆਏ ਹੋਏ ਖਿਡਾਰੀਆਂ ਨੂੰ ਆਪਣੀ ਖੇਡ ਕਲਾ ਦੇ ਜੌਹਰ ਵੀ ਦਿਖਾਏ। ਇਸ ਮੌਕੇ ਖਿਡਾਰੀਆਂ ਨਾਲ ਆਏ ਅਧਿਆਪਕਾਂ ਨੇ ਸਕੂਲ ਪ੍ਰਤੀ ਪੂਰਨ ਪ੍ਰਸੰਨਤਾ ਦਿਖਾਈ ਤੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਆਉਣ ਵਾਲੇ ਸਾਲਾਂ ਵਿਚ ਇਸ ਸਕੂਲ ਵਿਚ ਦਾਖ਼ਲੇ ਲਈ ਉਤਸ਼ਾਹਿਤ ਕਰਨ ਲਈ ਕਿਹਾ ।
ਇਸ ਮੌਕੇ ਸਕੂਲ ਖੇਡ ਕੁਆਡੀਨੇਟਰ ਹਰਜਿੰਦਰ ਸਿੰਘ, ਕੁਸ਼ਤੀ ਕੋਚ ਅਬਦੁੱਲ ਸਤਾਰ, ਹਾਕੀ ਕੋਚ ਮਨਪ੍ਰੀਤ ਸਿੰਘ ਤੇ ਬਲਵਿੰਦਰ ਸਿੰਘ ਗਣਿਤ ਮਾਸਟਰ ਆਦਿ ਹਾਜ਼ਰ ਰਹੇ ।


