ਮੁੱਖ ਮੰਤਰੀ ਭਗਵੰਤ ਮਾਨ ਨੇ ਸੁਨੀਲ ਜਾਖੜ ਨੂੰ ਕੀਤਾ ਸਵਾਲ, ਕਿਹਾ ਤੁਸੀਂ ਸਮਝਦੇ ਕੀ ਹੋ ਮੇਰੇ ਪੰਜਾਬ ਦੇ ਲੋਕਾਂ ਨੂੰ
ਚੰਡੀਗੜ੍ਹ। ਬੀਤੇ ਕੱਲ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਗਠਜੋੜ ਨੂੰ ਲੈ ਕੇ ਸਖਤ ਬਿਆਨਬਾਜ਼ੀ ਕੀਤੀ ਸੀ ਜਿਸ ਵਿੱਚ ਉਹਨਾਂ ਸਾਫ ਕਿਹਾ ਸੀ ਕਿ ਆਪ ਤੇ ਕਾਂਗਰਸ ਦਾ ਗੱਠਜੋੜ ਹੋਵੇਗਾ ਤੇ ਐਲਾਨੇ ਉਮੀਦਵਾਰਾਂ ਦੀ ਥਾਂ ਨਵੇਂ ਸਿਰੋਂ ਹੋਰ ਉਮੀਦਵਾਰ ਆ ਸਕਦੇ ਹਨ। ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਨੀਲ ਜਾਖੜ ਨੂੰ ਵੀ ਸਖਤ ਲਹਿਜੇ ਵਿੱਚ ਸਵਾਲ ਕੀਤਾ ਗਿਆ ਹੈ। ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ “ਜਾਖੜ ਸਾਬ੍ਹ ਜਿਸ ਪਾਰਟੀ ‘ਚ ਅੱਜ ਕੱਲ੍ਹ ਹੋ ਉਸਦੀ ਫਿਕਰ ਕਰੋ..ਨਾਲੇ ਪੱਤਰਕਾਰਾਂ ਨੂੰ ਦੱਸ ਦਿਆ ਕਰੋ ਕਿ ਮੈਂ ਕਿਹੜੀ ਪਾਰਟੀ ਵੱਲੋਂ ਬੋਲ ਰਿਹਾ ਹਾਂ..ਕਾਂਗਰਸ ਵੱਲੋਂ ਰਾਜ..ਭਾਜਪਾ ਦੇ ਪ੍ਰਧਾਨ ਅਤੇ ਅਕਾਲੀ ਦਲ ਨੂੰ ਗੱਠਜੋੜ ਦਾ ਸੱਦਾ..ਸਾਬ੍ਹ ਜੀ ਤੁਸੀ ਮੇਰੇ ਪੰਜਾਬ ਦੇ ਲੋਕਾਂ ਨੂੰ ਕੀ ਸਮਝਦੇ ਹੋ..ਕਦੇ ਮਰਜਾ ਚਿੜੀਏ..ਕਦੇ ਜਿਉਂਜਾ ਚਿੜੀਏ. ਜਵਾਬ ਦਿਓ”
ਹੁਣ ਦੇਖਣਾ ਇਹ ਹੋਵੇਗਾ ਕਿ ਸੁਨੀਲ ਜਾਖੜ ਮੁੱਖ ਮੰਤਰੀ ਨੂੰ ਕੀ ਜਵਾਬ ਦਿੰਦੇ ਹਨ। ਭਗਵੰਤ ਮਾਨ ਨੇ ਜਾਖੜ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਮਝਦੇ ਕੀ ਹਨ। ਆਉਣ ਵਾਲੇ ਦਿਨਾਂ ਦੇ ਵਿੱਚ ਸੁਨੀਲ ਜਾਖੜ ਤੇ ਭਗਵੰਤ ਮਾਨ ਵਿਚਕਾਰ ਇਹ ਸ਼ਬਦੀ ਜੰਗ ਕਿਹੜਾ ਰੂਪ ਲਵੇਗੀ ਇਹ ਤਾਂ ਸਮਾਂ ਹੀ ਦੱਸੇਗਾ। ਪਰ ਚੋਣਾਂ ਦੇ ਭਖੇ ਮਾਹੌਲ ਦੌਰਾਨ ਦੋਨੇ ਵੱਡੇ ਲੀਡਰਾਂ ਵਿਚਾਲੇ ਛਿੜੀ ਸ਼ਬਦੀ ਜੰਗ ਤੇ ਸਭ ਦੀ ਨਜ਼ਰ ਹੈ।