ਢੀਂਡਸਾ ਅਕਾਲੀ ਦਲ ਵਿੱਚ ਘਰ ਵਾਪਸੀ ਕਰ ਸਕਦੇ ਹਨ ਪਰ ਲੋਕਾਂ ਦੇ ਘਰਾਂ ਵਿੱਚ ਨਹੀਂ ਵੜ ਸਕਦੇ-ਭਗਵੰਤ ਮਾਨ
ਸੰਗਰੂਰ 10 ਮਾਰਚ।ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦੀ ਅਕਾਲੀ ਦਲ ‘ਚ ਵਾਪਸੀ ‘ਤੇ ਵਿਅੰਗ ਕਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਹੋ ਚੁੱਕਾ ਹੈ ਜੋ ਜਨਤਾ ਨਾਲੋਂ ਪੂਰੀ ਤਰ੍ਹਾਂ ਟੁੱਟਣ ਕਾਰਨ ਕਦੇ ਸੀਟ ਨਹੀਂ ਜਿੱਤ ਸਕੇ। ਉਨ੍ਹਾਂ ਕਿਹਾ ਕਿ ਭਾਵੇਂ ਢੀਂਡਸਾ ਪਰਿਵਾਰ ਨੇ ਅਕਾਲੀ ਦਲ ਵਿੱਚ ‘ਘਰ ਵਾਪਸੀ’ ਹੋਣ ਦਾ ਦਾਅਵਾ ਕੀਤਾ ਹੈ, ਪਰ ਉਹ ਹੁਣ ਕਦੇ ਵੀ ਆਮ ਲੋਕਾਂ ਦਾ ਦਿਲ ਨਹੀਂ ਜਿੱਤ ਸਕਦੇ ਕਿਉਂਕਿ ਆਮ ਲੋਕ ਜਾਣਦੇ ਹਨ ਕਿ ਇਹ ਆਗੂ ਉਨ੍ਹਾਂ ਦਾ ਕੋਈ ਫਾਇਦਾ ਨਹੀਂ ਚਾਹੁੰਦੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਸ ਸਮੇਂ ਇਨ੍ਹਾਂ ਲੋਕਾਂ ਨੂੰ ਸਿਆਸਤ ਤੋਂ ਸੰਨਿਆਸ ਲੈਣਾ ਚਾਹੀਦਾ ਹੈ, ਉਸ ਸਮੇਂ ਇਹ ਸਿਆਸੀ ਮੌਕਾਪ੍ਰਸਤ ਸਿਰਫ਼ ਸੱਤਾ ਦੀ ਖ਼ਾਤਰ ਆਪਣੀ ਵਫ਼ਾਦਾਰੀ ਬਦਲ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੂੰ ਨਾ ਤਾਂ ਪੰਥ ਦਾ ਫ਼ਿਕਰ ਹੈ ਅਤੇ ਨਾ ਹੀ ਸੂਬੇ ਦਾ, ਸਗੋਂ ਇਨ੍ਹਾਂ ਦਾ ਇੱਕੋ-ਇੱਕ ਮੰਤਵ ਸੱਤਾ ਹਾਸਲ ਕਰਨਾ ਹੈ।
ਮੁੱਖ ਮੰਤਰੀ ਨੇ ਭਾਜਪਾ ਆਗੂਆਂ ਤੇ ਵਿਅੰਗ ਕਸਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਮਨਪ੍ਰੀਤ ਬਾਦਲ ਅਤੇ ਹੋਰ ਆਗੂ ਸੱਤਾ ਦਾ ਸੁੱਖ ਲੈਣ ਲਈ ਪੰਜਾਬ ਨਾਲ ਸਬੰਧਤ ਮੁੱਦਿਆਂ ‘ਤੇ ਚੁੱਪੀ ਧਾਰੀ ਬੈਠੇ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਭਾਜਪਾ ਸਰਕਾਰ ਸੂਬੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਦੂਜੇ ਪਾਸੇ ਇਹ ਆਗੂ ਆਪਣੇ ਹਿੱਤਾਂ ਲਈ ਭਗਵਾ ਪਾਰਟੀ ਦੇ ਗੁਣ ਗਾ ਰਹੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਦਾ ਸਿਆਸੀ ਕਰੀਅਰ ਖ਼ਤਮ ਕਰ ਕੇ ਇਨ੍ਹਾਂ ਨੂੰ ਚੰਗਾ ਸਬਕ ਸਿਖਾਉਣ ਦੀ ਲੋੜ ਹੈ।



