ਆਈਫੋਨ ਲੈਣ ਲਈ ਮੁੰਡੇ ਨੇ ਮਾ/ਰ/ਤਾ ਤਾਇਆ
ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿੱਦੜਬਾਹਾ ਇਲਾਕੇ ਦੇ ਇੱਕ ਪਿੰਡ ਵਿੱਚ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਭਤੀਜੇ ਨੇ ਆਪਣੇ ਤਾਏ ਨੂੰ ਆਈਫੋਨ ਲੈਣ ਲਈ ਗਲਾ ਘੁੱਟ ਕੇ ਮਾਰ ਦਿੱਤਾ ਤੇ ਉਸ ਦੀ ਲਾਸ਼ ਨੂੰ ਬੋਰੀ ਚ ਪਾ ਕੇ ਰਾਜਸਥਾਨ ਫੀਡਰ ਨਹਿਰ ਵਿੱਚ ਸੁੱਟ ਦਿੱਤਾ। ਜਾਣਕਾਰੀ ਦਿੰਦਿਆਂ ਪਿੰਡ ਮਧੀਰ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਦੱਸਿਆ ਕਿ 23 ਫਰਵਰੀ ਨੂੰ ਉਹ ਤੇ ਉਸ ਦਾ ਲੜਕਾ ਜਗਰੂਪ ਸਿੰਘ ਆਪਣੇ ਦੂਜੇ ਪੁੱਤਰ ਬਲਕਾਰ ਸਿੰਘ ਦੇ ਘਰੇ ਗਏ ਸਨ। ਜਿੱਥੇ ਜਗਰੂਪ ਸਿੰਘ ਬਲਕਾਰ ਸਿੰਘ ਦੇ ਘਰ ਵਿੱਚ ਹੀ ਠਹਿਰ ਗਿਆ। ਬਲਕਾਰ ਸਿੰਘ ਦੇ ਪੁੱਤਰ ਸਹਿਜਪ੍ਰੀਤ ਸਿੰਘ ਉਰਫ ਸਹਿਜ ਨੂੰ ਪਤਾ ਸੀ ਕਿ ਤਾਏ ਜਗਰੂਪ ਸਿੰਘ ਦੇ ਖਾਤੇ ਵਿੱਚ ਪੈਸੇ ਹਨ ਤੇ ਉਸ ਨੂੰ ਆਈਫੋਨ ਲੈਣ ਲਈ ਪੈਸਿਆਂ ਦੀ ਲੋੜ ਸੀ। ਸਹਿਜਪ੍ਰੀਤ ਨੇ ਆਪਣੇ ਤਾਏ ਜਗਰੂਪ ਸਿੰਘ ਦਾ ਮਫਲਰ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਇਸ ਤੋਂ ਬਾਅਦ ਉਸ ਦੀ ਮ੍ਰਿਤਕ ਲਾਸ਼ ਨੂੰ ਬੋਰੀ ਚ ਪਾ ਕੇ ਨਹਿਰ ਵਿੱਚ ਸੁੱਟ ਆਇਆ ਤੇ ਬਾਅਦ ਵਿੱਚ ਉਸਨੇ ਜਗਰੂਪ ਸਿੰਘ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲਏ ਤੇ ਨਵਾਂ ਆਈਫੋਨ ਖਰੀਦ ਲਿਆ। ਉਧਰ ਗਿੱਦੜਬਾਹਾ ਦੇ ਥਾਣਾ ਮੁਖੀ ਪਰਮਜੀਤ ਸਿੰਘ ਇੰਸਪੈਕਟਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਥਿਤ ਦੋਸ਼ੀ ਨੇ ਮ੍ਰਿਤਕ ਦੇ ਬੈਂਕ ਖਾਤੇ ਚੋਂ 65000 ਕਢਵਾ ਕੇ ਨਵਾਂ ਆਈਫੋਨ ਖਰੀਦਿਆ ਸੀ ਤੇ ਉਸ ਦੀ ਲਾਸ਼ ਨੂੰ ਨਹਿਰ ਵਿਚ ਸੁੱਟ ਦਿੱਤਾ ਸੀ। ਹਾਲੇ ਵੀ ਲਾਸ਼ ਨੂੰ ਭਾਲਿਆ ਜਾ ਰਿਹਾ ਹੈ। ਉਧਰ ਪੁਲਿਸ ਵੱਲੋਂ ਸਹਿਜਪ੍ਰੀਤ ਖਿਲਾਫ ਆਪਣੇ ਤਾਏ ਦੇ ਕਤਲ ਦੇ ਮਾਮਲੇ ਚ ਮੁਕਦਮਾ ਦਰਜ ਕਰ ਲਿਆ ਗਿਆ ਹੈ।



