ਖੇਤੀਬਾੜੀ ਵਿਭਾਗ ਬਰਨਾਲਾ ਵੱਲੋ ਹੈਪੀਸੀਡਰ ਬਾਰੇ ਫਾਰਮ ਕਲਾਸ ਲਗਾਈ

ਬਰਨਾਲਾ, 30 ਨਵੰਬਰ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਵੱਲੋ ਪਿੰਡ ਛਾਪਾ ਵਿਖੇ ਆਤਮਾ ਸਕੀਮ ਅਧੀਨ ਹੈਪੀਸੀਡਰ ਵਿਧੀ ਨਾਲ ਬੀਜੀ ਗਈ ਕਣਕ ਦੀ ਫਸਲ ਬਾਰੇ ਫਾਰਮ ਫੀਲਡ ਸਕੂਲ ਦੀ ਕਲਾਸ ਲਗਾਈ ਗਈ।

ਡਾ ਵਰਿੰਦਰ ਕੁਮਾਰ, ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਦੀ ਅਗਵਾਈ ਵਿੱਚ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਮਹਿਲ ਕਲਾਂ ਵੱਲੋਂ ਪਿੰਡ ਛਾਪਾ ਵਿਖੇ ਆਤਮਾ ਸਕੀਮ ਅਧੀਨ ਹੈਪੀਸੀਡਰ ਵਿਧੀ ਨਾਲ ਬੀਜੀ ਗਈ ਕਣਕ ਦੀ ਫਸਲ ਸਬੰਧੀ ਕਿਸਾਨ ਅਮਰੀਕ ਸਿੰਘ ਦੇ ਖੇਤ ਵਿੱਚ ਚੱਲ ਰਹੇ ਫਾਰਮ ਫੀਲ਼ਡ ਸਕੂਲ ਦੀ ਕਲਾਸ ਲਗਾਈ ਗਈ।ਇਸ ਫਾਰਮ ਫੀਲਡ ਸਕੂਲ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਖੇਤ ਵਿੱਚ ਹੀ ਪ੍ਰਤੱਖ ਤਜਰਬਾ ਦਿਖਾਉਣਾ ਹੈ।

ਇਸ ਮੌਕੇ ਡਾ ਵਰਿੰਦਰ ਕੁਮਾਰ ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਹੈਪੀਸੀਡਰ ਨਾਲ ਬਿਜਵਾਈ ਗਈ ਕਣਕ ਦੀ ਖੜ੍ਹੀ ਫਸਲ ਕਿਸਾਨਾਂ ਨੂੰ ਦਿਖਾ ਕੇ ਇਸ ਵਿਧੀ ਬਾਰੇ ਵਿਚਾਰ ਵਟਾਂਦਰਾ ਕੀਤਾ। ਉਹਨਾਂ ਫ਼ਸਲਾਂ ਦੀ ਕਾਸ਼ਤ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਸਾਨਾਂ ਨੂੰ ਆਪਣੇ ਘਰ ਦਾ ਬੀਜ ਸੋਧ ਕੇ ਸਾਂਭ ਕੇ ਸਟੋਰ ਕਰਨ ਲਈ ਕਿਹਾ ਤਾਂ ਜੋ ਅਗਲੇ ਸਾਲ ਦੀ ਬਿਜਾਈ ਲਈ ਬੀਜ ਉਪਰ ਹੋਣ ਵਾਲਾ ਖਰਚਾ ਬਚਾਇਆ ਜਾ ਸਕੇ।

ਇਸ ਦੇ ਨਾਲ ਹੀ ਕਿਸਾਨਾਂ ਨੂੰ ਘਰ ਵਿੱਚ ਵਰਤੇ ਜਾਣ ਵਾਲੇ ਖਾਣ ਵਾਲੀਆਂ ਵਸਤੂਆਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ ਰਾਹੀਂ ਪੈਦਾ ਕਰਨ ਲਈ ਪ੍ਰੇਰਿਆ। ਇਸ ਮੌਕੇ ਡਾ. ਅਮਨਦੀਪ ਕੌਰ ਸਹਾਇਕ ਪ੍ਰੋਫੈਸਰ, ਫਾਰਮ ਸਲਾਹਕਾਰ ਕੇਂਦਰ, ਬਰਨਾਲਾ ਨੇ ਕਿਹਾ ਕਿ ਕਣਕ ਦੀ ਫਸਲ ਤੇ ਨਦੀਨਾਂ, ਕੀੜੇ-ਮਕੌੜਿਆਂ ਅਤੇ ਬਿਮਾਰੀਆਂ ਦੇ ਹਮਲੇ ਅਤੇ ਰੋਕਥਾਮ ਸਬੰਧੀ ਵਿਸਥਾਰ-ਪੂਰਕ ਜਾਣਕਾਰੀ ਦਿੱਤੀ।

ਇਸ ਮੌਕੇ ਡਾ. ਜਰਨੈਲ ਸਿੰਘ ਖੇਤੀਬਾੜੀ ਅਫ਼ਸਰ, ਮਹਿਲ ਕਲਾਂ ਨੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸ਼ਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ।ਇਸ ਮੌਕੇ ਉਹਨਾਂ ਨੇ ਬਲਾਕ ਵਿੱਚ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਕਿ ਕੋਈ ਲੋੜਵੰਦ ਕਿਸਾਨ ਇਹ ਮਸ਼ੀਨਰੀ ਦੀ ਵਰਤੋਂ ਕਰਕੇ ਆਪਣੇ ਖੇਤ ਵਿੱਚ ਪਰਾਲੀ ਪ੍ਰਬੰਧਨ ਕਰ ਸਕਦਾ ਹੈ। ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬੀ.ਟੀ.ਐੱਮ. ਨੇ ਕਿਸਾਨਾਂ ਨੂੰ ਆਤਮਾ ਪ੍ਰੋਜੈਕਟ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂ ਕਰਵਾਇਆ। ਇਸ ਮੌਕੇ ਮੈਡਮ ਸੁਨੀਤਾ ਸ਼ਰਮਾ ਨੇ ਮਹਿਕਮੇ ਵੱਲੋ ਕਿਸਾਨ ਬੀਬੀਆਂ ਲਈ ਚੱਲ ਰਹੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ।

ਇਸ ਕਲਾਸ ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫਸਲਾਂ ਸਬੰਧੀ ਪੀ.ਏ.ਯੂ. ਵੱਲੋਂ ਪ੍ਰਕਾਸ਼ਤ ਪੈਕੇਜ ਕਿਤਾਬਾਂ ਅਤੇ ਕਣਕ ਉਪਰ ਸਪਰੇਅ ਕਰਨ ਲਈ ਮੈਗਨੀਜ਼ ਸਲਫੇਟ ਦੇ ਪੈਕਟ ਫਰੀ ਵੰਡੇ ਗਏ। ਇਸ ਦੌਰਾਨ ਖੇਤੀਬਾੜੀ ਮਾਹਿਰਾਂ ਦੀ ਟੀਮ ਵਿੱਚ ਸ੍ਰੀ ਯਾਦਵਿੰਦਰ ਸਿੰਘ ਤੁੰਗ ਏ.ਈ.ਓ,ਸ੍ਰੀ ਹਰਪਾਲ ਸਿੰਘ ਏ.ਐੱਸ.ਆਈ., ਸ੍ਰੀ ਕੁਲਵੀਰ ਸਿੰਘ ਏ.ਟੀ.ਐੱਮ., ਤੋਂ ਇਲਾਵਾ ਕਿਸਾਨ ਅਰਜਿੰਦਰ ਸਿੰਘ, ਗੁਰਦੀਪ ਸਿੰਘ, ਮਨਜਿੰਦਰ ਸਿੰਘ, ਸ਼ਿੰਗਾਰਾ ਸਿੰਘ,ਆਦਿ ਕਿਸਾਨ ਹਾਜ਼ਰ ਸਨ।

CATEGORIES
Share This

COMMENTS Wordpress (0) Disqus (0 )

Translate