ਚੁੰਝ ਚਰਚਾ ! ਜੱਟ ਦੀ ਜੂਨ ਬੁਰੀ
ਬਲਵੰਤ ਸਿੰਘ -ਉਹ ਸੁਣਾ ਬਈ ਕਿੰਦਿਆ ਕੀ ਹਾਲ ਹੈ ਤੇਰੇ ਕਿੰਨੂਆਂ ਦਾ?
ਕਿੰਦਾ -ਕੀ ਹਾਲ ਹੋਣਾ ਸੀ ਤਾਇਆ ਇਸ ਵਾਰ ਤਾਂ ਕਿਨੂੰ ਜਮਾ ਹੀ ਖੱਟੇ ਰਹਿ ਗਏ। ਭਾਅ ਬਣਿਆ ਹੀ ਨਹੀਂ। ਉਡੀਕ ਸੀ ਪਿੱਛੋਂ ਜਾਂਦਾ ਕੁਝ ਭਾਅ ਬਣੂਗਾ ਪਰ ਇਸ ਵਾਰ ਤਾਂ ਜਮਾਂ ਹੀ ਨੰਦੂ ਕੱਢ ਗਿਆ ਕਿੰਨੂ ।
ਸੁਰਜੀਤ ਸਿੰਘ- ਜੱਟ ਦਾ ਤਾਂ ਇਹੀ ਹਾਲ ਹੁੰਦਾ ਕਿੰਦਿਆ, ਕਦੇ ਭਾਅ ਨਹੀਂ ਬਣਦਾ ਕਦੇ ਭਾਰ ਨਹੀਂ ਪੂਰਾ ਹੁੰਦਾ। ਐਵੇਂ ਤਾਂ ਨੀ ਆਖਦੇ ਜੱਟਾ ਤੇਰੀ ਜੂਨ ਬੁਰੀ।
ਕਿੰਦਾ- ਹਾਂਜੀ ਚਾਚਾ, ਆਪਣੇ ਇਲਾਕੇ ਦੇ ਲੋਕਾਂ ਨੇ ਤਾਂ ਬੜੇ ਚਾਵਾਂ ਨਾਲ ਬਾਗ ਲਾਏ ਸੀ। ਪਰ ਪਤਾ ਨਹੀਂ ਕੀ ਗੱਲ ਹੈ ਕਿਨੂੰ ਦਾ ਭਾਅ ਸਹੀ ਨਹੀਂ ਮਿਲ ਰਿਹਾ ਕਈ ਸਾਲਾਂ ਤੋਂ ।
ਬਲਵੰਤ ਸਿੰਘ -ਅਸਲ ਵਿੱਚ ਜੱਟਾਂ ਨੇ ਤਾਂ ਫਸਲੀ ਭਿੰਨਤਾ ਦੀ ਕੋਈ ਕਸਰ ਨਹੀਂ ਛੱਡੀ । ਪਰ ਕਿਸਾਨ ਤਾਂ ਚੀਜ਼ ਪੈਦਾ ਕਰ ਸਕਦਾ, ਨਾ ਤਾਂ ਇਸ ਨੂੰ ਖੁਦ ਵੇਚਣੀ ਆਉਂਦੀ ਹੈ ਤੇ ਨਾ ਹੀ ਸਰਕਾਰਾਂ ਇਸਦੀ ਇਸ ਕੰਮ ਵਿੱਚ ਕੋਈ ਮਦਦ ਕਰਦੀਆਂ ਹਨ।
ਕਿੰਦਾ- ਇਹੀ ਤਾਂ ਰੌਲਾ ਹੈ ਤਾਇਆ।
ਸੁਰਜੀਤ ਸਿੰਘ- ਪਰ ਹੁਣ ਕੀ ਕੀਤਾ ਜਾਵੇ, ਕਿਸਮਤ ਹੀ ਕਿਸਾਨ ਦੀ ਮਾੜੀ ਹੈ।
ਬਲਵੰਤ ਸਿੰਘ -ਉਹ ਤਾਂ ਹੈ . ਕਿਨੂੰ ਵੀ ਇਸ ਵਾਰ ਮੰਦੇ ਰਹਿ ਗਏ। ਨਰਮਾ ਜਮਾ ਮਰ ਗਿਆ। ਕਿਸਾਨ ਦੇ ਪੱਲੇ ਤਾਂ ਰੋਣਾ ਹੀ ਰਹਿ ਗਿਆ ।
ਬਲਵੰਤ ਸਿੰਘ -ਪਰ ਢੇਰੀ ਢਾਇਆ ਕਿਹੜਾ ਪਾਰ ਪੈ ਜਾਣੀ ਹੈ. ਕੁਛ ਨਾ ਕੁਛ ਆਪਾਂ ਨੂੰ ਵੀ ਸੋਚਣਾ ਪੈਣਾ।
ਕਿੰਦਾ- ਕੀ ਸੋਚੀਏ! ਹੁਣ ਸਰਕਾਰ ਨੇ ਕਿਹਾ ਸੀ ਕਣਕ ਝੋਨਾ ਛੱਡ ਕੇ ਹੋਰ ਫਸਲਾਂ ਲਾਓ. ਆਪਾਂ ਕਿੰਨੂੰ ਦੇ ਬਾਗ ਲਾ ਲਏ। ਨਾ ਆਪਾਂ ਸਰਕਾਰ ਤੋਂ ਮੁਫਤ ਬਿਜਲੀ ਲੈਦੇ ਆਂ ਕਿਉਂਕਿ ਆਪਣੇ ਬਾਗ ਤਾਂ ਨਹਿਰੀ ਪਾਣੀ ਤੇ ਹੀ ਪਲ ਸਕਦੇ ਐ । ਨਾ ਆਪਾਂ ਧਰਤੀ ਹੇਠਲੇ ਪਾਣੀ ਦੀ ਜਿਆਦਾ ਵਰਤੋਂ ਕਰਦੇ ਆਂ ਕਿਉਂਕਿ ਆਪਣੇ ਤਾਂ ਇਲਾਕੇ ਚ ਪਾਣੀ ਹੀ ਖਾਰਾ ਹੈ । ਫਿਰ ਵੀ ਸਰਕਾਰ ਦੇ ਕਹੇ ਤੇ ਹੀ ਕਿੰਨੂੰ ਲਾਇਆ ਪਰ ਹੁਣ ਜਦੋਂ ਕਿਨੂੰ ਪੈਦਾ ਕਰ ਲਿਆ ਹੁਣ ਉਸ ਦਾ ਕੋਈ ਖਰੀਦਦਾਰ ਨਹੀਂ ਤੇ ਸਰਕਾਰ ਵੀ ਕੋਈ ਉੱਤਾ ਨਹੀਂ ਲੈ ਰਹੀ ।
ਖਿੰਦਰ – ਨਾਲੇ ਕਹਿੰਦੇ ਪੰਜਾਬ ਐਗਰੋ ਨੇ ਜੂਸ ਫੈਕਟਰੀ ਚਲਾ ਲਈ। ਜਵਾਕਾਂ ਨੂੰ ਵੀ ਸਕੂਲਾਂ ਚ ਕਹਿੰਦੇ ਹੁਣ ਇਹ ਮਿਡ ਡੇ ਮੀਲ ਚ ਕਿਨੂੰ ਦਿੰਦੇ ਆ।
ਕਿੰਦਾ -ਇਹ ਤਾਂ ਵਿਆਹ ਪਿੱਛੋਂ ਤੁੰਬਾ ਫੂਕਣ ਵਾਲੀ ਗੱਲ ਹੈ। ਕਿਨੂੰ ਨਵੰਬਰ ਦਾ ਆਇਆ। ਜੇਕਰ ਉਸ ਵੇਲੇ ਤੋਂ ਕੋਈ ਉਪਰਾਲੇ ਕਰਦੇ ਤਾਂ ਇਸ ਦਾ ਕੋਈ ਫਾਇਦਾ ਹੋਣਾ ਸੀ ਹੁਣ ਤਾਂ ਐਵੇਂ ਸੱਪ ਲੰਘੇ ਤੋਂ ਲੀਕ ਪਿੱਟਣ ਵਾਲੀ ਗੱਲ ਹੈ।
ਖਿੰਦਰ- ਚਲੋ ਇਸ ਵਾਰ ਤਾਂ ਜਿਵੇਂ ਕਿਵੇਂ ਹੋ ਗਿਆ। ਗਾਹਾਂ ਤੋਂ ਹੀ ਸ਼ਾਇਦ ਸਰਕਾਰ ਸਮੇਂ ਸਰ ਵਿਚਾਰ ਕਰ ਲਵੇ। ਨਾਲੇ ਆ ਬਾਗਬਾਨੀ ਆਲੇ ਹੁਣ ਨਵਾਂ ਫਲ ਆਉਣ ਵਾਲਾ ਹੈ, ਹੁਣ ਚਾਹੀਦਾ ਵੀ ਉਹ ਪਿੰਡਾਂ ਚ ਆ ਕੇ ਆਪਾਂ ਨੂੰ ਕੈਂਪ ਲਾ ਕੇ ਸਹੀ ਜਾਣਕਾਰੀ ਦੇਣ। ਉਹ ਤਾਂ ਦਫਤਰਾਂ ਚੋਂ ਈ ਨੀਂ ਨਿਕਲਦੇ। ਜੇ ਹੁਣ ਉਹ ਸਾਨੂੰ ਆ ਕੇ ਪਿੰਡਾਂ ਚ ਸਹੀ ਗੱਲ ਦੱਸਣ ਤਾਂ ਆਪਾਂ ਚੰਗੀ ਕੁਆਲਿਟੀ ਦਾ ਕਿੰਨੂ ਪੈਦਾ ਕਰੀਏ। ਨਾਲੇ ਪੰਜਾਬ ਐਗਰੋ ਵਾਲੇ ਹੁਣੇ ਤੋਂ ਸਾਡੇ ਤੋਂ ਜਾਣਕਾਰੀ ਲੈਣ ਕਿ ਕਿਹੜੇ ਕਿਸਾਨ ਕੋਲੇ ਕਿੰਨਾ ਕਿੰਨੂ ਹੈ ਤੇ ਉਸੇ ਅਨੁਸਾਰ ਅਗਲੇ ਸਾਲ ਦੀ ਉਹ ਵੀਓਂਤਬੰਦੀ ਕਰਨ। ਜੇ 20 ਕੁ ਫੀਸਦੀ ਕਿੰਨੂੰ ਹੀ ਪੰਜਾਬ ਐਗਰੋ ਲੈ ਲਵੇ ਤਾਂ ਬਾਕੀ ਮਾਰਕੀਟ ਵਿੱਚ ਚੰਗਾ ਭਾਅ ਮਿਲ ਸਕਦਾ ਹੈ। ਗੱਲ ਤਾਂ ਉਪਰਾਲਾ ਕਰਨ ਦੀ ਹੈ।
ਕਿੰਦਾ -ਗੱਲ ਤਾਂ ਠੀਕ ਹੈ ਬਾਈ ਤੁਹਾਡੀ, ਜੇ ਕੋਈ ਸਾਡੀ ਮੰਨ ਲਵੇ ਤਾਂ। ਚਲੋ ਦੇਖਦੇ ਹਾਂ ਕੀ ਬਣਦਾ। ਮੈਂ ਤਾਂ ਖੇਤ ਵੱਲ ਗੇੜਾ ਮਾਰਦਾ, ਸ਼ਾਇਦ ਕੋਈ ਵਪਾਰੀ ਆ ਜੇ । ਮੇਰਾ ਤਾਂ ਹਜੇ ਬਾਗ ਉਵੇਂ ਹੀ ਖੜਾ ਹੈ।( ਅਤੇ ਉਸ ਦੇ ਪਿੱਛੇ ਬਾਕੀ ਵੀ ਖੇਤਾਂ ਵੱਲ ਤੁਰ ਪੈਂਦੇ ਹਨ)
ਪੇਸ਼ਕਸ਼-ਸੁਖਜਿੰਦਰ ਸਿੰਘ ਢਿੱਲੋਂ



