ਜਸਬੀਰ ਸਿੰਘ ਮਨ ਦੀ ਲਿਖ਼ਤ *ਕੈਨੇਡਾ ਪੁੱਠਾ*

ਅੱਜਕਲ੍ਹ ਸੋਸ਼ਲ ਮੀਡੀਆ ਤੇ ਅਕਸਰ ਵੇਖਿਆ ਜਾਂਦਾ ਹੈ ਕਿ ਕੈਨੇਡਾ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਮਨ ਵਿਚ ਆ ਰਿਹਾ ਸੀ ਕਿ ਕਿਉਂ ਨਾ ਅਸਲੀਅਤ ਪਤਾ ਕਰਕੇ ਇਸ ਬਾਰੇ ਲਿਖਿਆ ਜਾਵੇ। ਸੋਸ਼ਲ ਮੀਡੀਆ ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ ਕਿਉਂਕਿ ਅੱਜਕਲ੍ਹ ਰਿਵਾਜ ਬਣ ਗਿਆ ਹੈ ਕਿ ਵਿਊ ਲੈਣ ਦੇ ਲਈ ਲੋਕ ਧੜਾ-ਧੜ ਵੀਡੀਉ ਬਣਾਈ ਜਾਂਦੇ ਹਨ ਜਿਸ ਵਿਚ ਸੱਚਾਈ ਘੱਟ ਤੇ ਸਨਸਨੀ ਜ਼ਿਆਦਾ ਹੁੰਦੀ ਹੈ। ਸੱਚਾਈ ਜਾਨਣ ਲਈ ਮੈਂ ਆਪਣੇ ਇੱਕ ਵਿਦਿਆਰਥੀ ਜਤਿੰਦਰ ਪਾਲ ਜੋ ਕਿ ਛੇ ਮਹੀਨਿਆਂ ਤੋਂ ਕੈਨੇਡਾ ਰਹਿ ਰਿਹਾ ਸੀ ਉਸ ਨੂੰ ਵੱਟਸਐਪ ਤੇ ਸੁਨੇਹਾ ਭੇਜਿਆ ਕਿ ਮੈਂ ਤੇਰੇ ਨਾਲ ਗੱਲ ਕਰਨਾ ਚਾਹੁੰਦਾ ਹਾਂ। ਅੱਗੋਂ ਅਜਿਹਾ ਸੁਨੇਹਾ ਆਇਆ ਕਿ ਜਿਸ ਨੂੰ ਪੜ੍ਹ ਕੇ ਮਨ ਬਹੁਤ ਖ਼ੁਸ਼ ਹੋਇਆ। ਜਤਿੰਦਰ ਪਾਲ ਨੇ ਅੱਗੋਂ ਲਿਖ ਕੇ ਭੇਜਿਆ ਕਿ,
“ਸਰ ਕਾਫੀ ਸਮੇਂ ਤੋਂ ਮੈਂ ਵੀ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਸੀ। ਮੈਂ ਤੁਹਾਨੂੰ ਅਗਲੇ ਦਿਨ ਸਾਢੇ ਅੱਠ ਵਜੇ ਫੋਨ ਕਰਾਂਗਾ।” ਅਗਲੇ ਦਿਨ ਸਾਢੇ ਅੱਠ ਵਜੇ ਮੈਨੂੰ ਸੁਨੇਹਾ ਆ ਗਿਆ ਕਿ, “ਸਰ ਤੁਸੀਂ ਗੱਲ ਕਰ ਸਕਦੇ ਹੋ ਤਾਂ ਮੈਂ ਫ਼ੋਨ ਕਰਾਂ।”
ਮੈਂ ਹਾਮੀ ਭਰੀ ਤਾਂ ਉਸ ਨੇ ਵਟਸਐਪ ਤੇ ਮੈਨੂੰ ਵੀਡੀਉ ਕਾਲ ਕਰ ਦਿੱਤੀ। ਜਤਿੰਦਰ ਪਾਲ ਸਕੂਲ ਸਮੇਂ ਤੋਂ ਹੀ ਬਹੁਤ ਸੂਝਵਾਨ ਅਤੇ ਸਿਆਣਾ ਮੁੰਡਾ ਹੈ ਜਿਸ ਤਰ੍ਹਾਂ ਉਸ ਨੇ ਮੇਰੇ ਨਾਲ ਠਰ੍ਹਮੇਂ ਨਾਲ ਗੱਲ ਕੀਤੀ ਤੇ ਜਿਵੇਂ ਉਸ ਨੇ ਮੇਰੇ ਨਾਲ ਗੱਲਾਂ ਕੀਤੀਆਂ ਉਸ ਤੋਂ ਸਾਫ ਪਤਾ ਲੱਗ ਰਿਹਾ ਸੀ ਕਿ ਕੈਨੇਡਾ ਦੀ ਹਵਾ ਨੇ ਮੁੰਡੇ ਨੂੰ ਬਦਲਿਆ ਨਹੀਂ, ਉਹ ਉਵੇਂ ਹੀ ਹੈ ਜਿਵੇਂ ਉਹ ਸਕੂਲ ਵਿੱਚ ਹੁੰਦਾ ਸੀ।
ਰਸਮੀ ਗੱਲਬਾਤ ਤੋਂ ਬਾਅਦ ਮੇਰਾ ਉਸ ਨੂੰ ਪਹਿਲਾਂ ਹੀ ਸੁਆਲ ਸੀ ਕਿ “ਕੈਨੇਡਾ ਕਿਵੇਂ ਏ?”
ਉਸ ਦਾ ਜਵਾਬ ਸੀ “ਸਰ, ਚੰਗਿਆਂ ਲਈ ਚੰਗਾ ਤੇ ਮਾੜਿਆਂ ਲਈ ਮਾੜਾ। ਸਰ, ਜਿਹੜੇ ਇੱਥੋਂ ਦੇ ਨਿਯਮਾਂ ਵਿੱਚ ਰਹਿ ਕੇ ਜੀਅ ਸਕਦੇ ਹਨ ਉਨ੍ਹਾਂ ਲਈ ਵਧੀਆ ਤੇ ਜਿਹੜੇ ਨਿਯਮਾਂ ਵਿੱਚ ਨਹੀਂ ਰਹਿ ਸਕਦੇ ਉਨ੍ਹਾਂ ਲਈ ਮਾੜਾ ਹੈ।”
ਮੇਰਾ ਦੂਜਾ ਸਵਾਲ ਸੀ ਕਿ ਅੱਜ ਕੱਲ੍ਹ ਸੁਣ ਰਹੇ ਹਾਂ ਕਿ ਕੈਨੇਡਾ ਦੇ ਹਲਾਤ ਮਾੜੇ ਹੋ ਗਏ ਹਨ?
ਜਤਿੰਦਰ ਪਾਲ ਨੇ ਮੈਨੂੰ ਜਵਾਬ ਦਿੱਤਾ ਕਿ, “ਸਰ ਮੈਂ ਬਰੈਂਮਪਟਨ ਵਿੱਚ ਰਹਿ ਰਿਹਾ ਹਾਂ ਤੇ ਕੈਨੇਡਾ ਵਿੱਚ ਬਰੈਂਮਪਟਨ ਦਾ ਜੁਰਮ ਦੇ ਵਿੱਚ 9ਵਾਂ ਸਥਾਨ ਹੈ ਤੇ ਮੈਂ ਕਦੇ ਵੀ ਇੱਥੇ ਕੋਈ ਵਾਰਦਾਤ ਹੁੰਦੀ ਨਹੀਂ ਵੇਖੀ ਹੈ।”
ਅੱਗੇ ਗੱਲ ਤੋਰਦੇ ਹੋਏ ਉਸ ਨੇ ਮੈਨੂੰ ਦੱਸਿਆ ਕਿ, “ਇਕ ਵਾਰ ਕੁੱਝ ਪੰਜਾਬੀ ਪਾਰਕ ਵਿਚ ਤਾਸ਼ ਖੇਡ ਰਹੇ ਸਨ ਇੱਕ ਕਾਲੇ ਮੂਲ ਦੇ ਵਿਅਕਤੀ ਨੇ ਉਹਨਾਂ ਨੂੰ ਕੁੱਝ ਗਲਤ ਬੋਲਿਆ ਕਿਉਂਕਿ ਇਹ ਲੋਕ ਨਸਲੀ ਵਿਤਕਰਾ ਕਰਦੇ ਹਨ ਪਰ ਗੋਰੇ ਲੋਕ ਨਹੀਂ। ਕਿਸੇ ਨੇ ਪੁਲਸ ਨੂੰ ਫੋਨ ਕਰ ਦਿੱਤਾ ਤੇ ਪੁਲਸ ਉੱਥੇ ਵੀਹ-ਪੰਝੀ ਸਕਿੰਟ ਵਿੱਚ ਉੱਥੇ ਪਹੁੰਚ ਗਈ ਤੇ ਬੰਦੇ ਨੂੰ ਗ੍ਰਿਫਤਾਰ ਕਰ ਲਿਆ, ਭਾਵੇਂ ਬਾਅਦ ਵਿੱਚ ਚਿਤਾਵਨੀ ਦੇ ਕੇ ਛੱਡ ਦਿੱਤਾ ਹੋਵੇਗਾ ਪਰ ਪੁਲਸ ਦਾ ਡਰ ਤਾਂ ਹੈ ਨਾ। ਜਿਹੜੇ ਕਾਲਜ ਵਿੱਚ ਮੈਂ ਪੜ੍ਹ ਰਿਹਾ ਹਾਂ ਉਹ ਪੰਜਾਬ ਵਿੱਚ ਬਹੁਤ ਬਦਨਾਮ ਹੈ ਪੜ੍ਹਾਈ ਪੱਖੋਂ ਵੀ ਤੇ ਗੁੰਡਾ-ਗਰਦੀ ਪੱਖੋਂ ਵੀ। ਪਰ ਇੱਥੇ ਕਿਸੇ ਨੇ ਕਿਸੇ ਦੇ ਚਪੇੜ ਤੱਕ ਵੀ ਨਹੀਂ ਮਾਰੀ ਤੇ ਇਹ ਕਾਲਜ ਪੜ੍ਹਾਈ ਪੱਖੋਂ ਵੀ ਬਹੁਤ ਵਧੀਆ ਹੈ। ਮੈਂ ਪੜ੍ਹਾਈ ਦੇ ਮਾਮਲੇ ਵਿੱਚ ਦੂਜੇ ਬੱਚਿਆਂ ਨਾਲੋਂ ਸੌਖਾ ਹਾਂ।”
ਇਹ ਸਭ ਜਤਿੰਦਰ ਪਾਲ ਲਈ ਕਿਉਂ ਵਧੀਆ ਰਿਹਾ ਕਿਉਂਕਿ ਉਹ ਇੱਥੋਂ ਸਭ ਕੁੱਝ ਘੋਖ ਪੜਤਾਲ ਕਰ ਕੇ ਗਿਆ ਸੀ। ਨਾ ਤਾਂ ਕਿਸੇ ਏਜੰਟ ਦੀਆਂ ਗੱਲਾਂ ਵਿੱਚ ਆਇਆ ਤੇ ਨਾ ਹੀ ਉਸ ਨੇ ਕੋਈ ਫਾਲਤੂ ਪੈਸਾ ਕਿਸੇ ਏਜੰਟ ਨੂੰ ਦਿੱਤੇ। ਸਾਰੇ ਕੰਮ ਉਸ ਨੇ ਆਪ ਕੀਤੇ, ਤਜਰਬਾ ਵੀ ਹੋਇਆ ਅਤੇ ਨਾਲ ਪੈਸਿਆਂ ਦੀ ਬਚਤ ਵੀ ਹੋਈ ਇਸ ਨੂੰ ਕਹਿੰਦੇ ਐ ਨਾਲੇ ਪੁੰਨ ਨਾਲੇ ਫਲੀਆਂ।
ਫਿਰ ਮੇਰਾ ਅਗਲਾ ਸਵਾਲ ਸੀ ਕਿ, “ਮੈਂ ਸੁਣਿਆ ਹੈ ਕਿ ਆਪਣੇ ਪੰਜਾਬੀਆਂ ਨੇ ਇੱਥੇ ਗੰਦ ਬਹੁਤ ਪਾਇਆ ਹੋਇਆ ਹੈ?”
ਅੱਗੋਂ ਜਵਾਬ ਆਇਆ, “ਸਰ ਸਾਰੇ ਇਕੋ ਜਿਹੇ ਨਹੀਂ ਹੁੰਦੇ ਪਰ ਫਿਰ ਵੀ ਜਿਹੜੇ ਜ਼ਿਆਦਾ ਗੰਦ ਪਾਉਂਦੇ ਹਨ ਉਨ੍ਹਾਂ ਨੂੰ ਸਰਕਾਰ ਨੇ ਵਾਪਸ ਭੇਜਣ ਦੀਆਂ ਪੂਰੀਆਂ ਤਿਆਰੀਆਂ ਖਿੱਚੀਆਂ ਹੋਈਆਂ ਹਨ।”
ਪੰਜਾਬ ਵਿੱਚ ਇਹ ਰਿਵਾਜ ਹੀ ਚਲ ਪਿਆ ਜਵਾਕਾਂ ਨੂੰ ਬਾਹਰ ਭੇਜਣ ਦਾ। ਜੁਆਕ ਨੂੰ ਬਾਰਵੀਂ ਜਮਾਤ ਕਰਾਈ ਤੇ ਬਾਹਰ ਭੇਜ ਤਾਂ। ਜ਼ਿਆਦਾਤਰ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਨਸ਼ਾ-ਪੱਤਾ ਜ਼ਿਆਦਾ ਹੋ ਗਿਆ, ਜਿੱਥੇ ਭੇਜਿਆ ਜਾ ਰਿਹਾ ਹੈ ਉੱਥੇ ਤਾਂ ਨਸ਼ਾ ਕਾਨੂੰਨੀ ਤੌਰ ਤੇ ਮਿਲ ਜਾਂਦਾ ਹੈ ਜਿਹੜਾ ਚਾਹੋ ਪਰ ਸ਼ਰਤ ਇਹ ਹੈ ਕਿ ਆਪਣੇ ਘਰ ਵਿੱਚ ਬੈਠ ਕੇ ਕਰੋ। ਨਿਆਣੀ ਉਮਰੇ ਜਵਾਕਾਂ ਨੂੰ ਭੇਜਣਾ ਚੰਗੀ ਗੱਲ ਨਹੀਂ ਹੈ ਖਾਸ ਕਰਕੇ ਬਾਰਵੀਂ ਕਰਾ ਕੇ। ਪਹਿਲੀ ਗੱਲ ਤਾਂ ਇੱਥੇ ਕੰਮ ਕੀਤੇ ਜਾ ਸਕਦੇ ਹਨ ਪਰ ਜੇ ਜੁਆਕਾਂ ਨੂੰ ਬਾਹਰ ਭੇਜਣਾ ਹੀ ਹੈ ਤਾਂ ਦੋ ਚੀਜ਼ਾਂ ਦੇ ਕੇ ਭੇਜਣਾ ਚਾਹੀਦਾ ਹੈ ਇੱਕ ਮੱਤ ਤੇ ਦੂਜੀ ਕਿਸੇ ਕਿੱਤੇ ਦੀ ਸਿਖਲਾਈ। (Skilled Work)
ਸਭ ਤੋਂ ਜ਼ਿਆਦਾ ਜ਼ਰੂਰੀ ਗੱਲ ਮੱਤ ਦੇਣਾ ਹੈ ਕਿਉਂਕਿ ਇੱਥੋਂ ਦੇ ਮਾਹੌਲ ਤੇ ਉੱਥੋਂ ਦੇ ਮਾਹੌਲ ਵਿੱਚ ਜ਼ਮੀਨ-ਅਸਮਾਨ ਦਾ ਫ਼ਰਕ ਹੈ। ਇਸ ਬਾਰੇ ਗੱਲ ਅਗਲੇ ਭਾਗ ਵਿੱਚ ਕਰਾਂਗੇ। ਇਸ ਰਚਨਾ ਦਾ ਨਾਮ ਇਹ ਕਿਉਂ ਰੱਖਿਆ ਇਸ ਬਾਰੇ ਵੀ ਗੱਲ ਆਉਣ ਵਾਲੇ ਭਾਗਾਂ ਵਿੱਚ ਕਰਾਂਗੇ। ਇਸ ਭਾਗ ਦੇ ਅਖੀਰ ਵਿੱਚ ਕੁੱਝ ਸਤਰ੍ਹਾਂ ਜਤਿੰਦਰ ਪਾਲ ਦੀਆਂ ਤੁਹਾਡੀ ਨਜ਼ਰ
ਵੱਡੇ ਸ਼ਹਿਰਾਂ ਦੇ ਰਾਹ ਸੋਹਣੇ
ਮਾਂਵਾਂ ਸੋਚਣ ਜਵਾਕ ਹਾਲ ਕਿਹੜੇ ਹੋਣੇ
ਸੌਣ ਨੂੰ ਮਿਲਦੇ ਘੰਟੇ ਅੱਧੇ ਜਾਂ ਪੋਣੇ
ਨਜ਼ਾਰੇ ਛੱਡ ਕਹਿੰਦੇ ਮਾਪਿਆਂ ਨੂੰ ਨਜ਼ਾਰੇ ਦਵਾਉਣੇ
ਫੋਨ ਨੀ ਕੀਤਾ ਅੱਜ ਤਾਂ ਕਹਿੰਦੇ ਡਾਲਰ ਕਮਾਉਣੇ
ਅੱਥਰੂ ਆਉਣ ਵੀ ਤਾਂ ਪੈਦੇ ਲੁਕਾਉਣੇ
ੲੈਨੇ ਵੱਡੇ ਜੇਰੇ ਦੱਸੋ ਕੀਦੇ ਹੋਣੇ

JASBEER MAN
CATEGORIES
Share This

COMMENTS

Wordpress (0)
Disqus (0 )
Translate