ਡੀਸੀ ਤੇ ਐਸਐਸਪੀ ਨੇ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਕੀਤੀ ਬੈਠਕ, ਮੰਗਿਆ ਸਹਿਯੋਗ

ਫਾਜਿਲਕਾ 19 ਫਰਵਰੀ
ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਅਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਅੱਜ ਸਰਹੱਦੀ ਪਿੰਡ ਜੋਧਾ ਭੈਣੀ ਵਿਖੇ ਪਿੰਡ ਸੁਰੱਖਿਆ ਕਮੇਟੀ ਦੇ ਮੈਂਬਰਾਂ ਨਾਲ ਬੈਠਕ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਕਿਹਾ ਕਿ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਸੁਰੱਖਿਆ ਫੋਰਸਾਂ ਨੂੰ ਬਹੁਤ ਸਹਿਯੋਗ ਮਿਲਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਹਨਾਂ ਨੂੰ ਕੋਈ ਡਰੋਨ ਦੀ ਗਤੀਵਿਧੀ ਬਾਰੇ ਜਾਣਕਾਰੀ ਮਿਲੇ ਤਾਂ ਉਹ ਇਸ ਸਬੰਧੀ ਪੁਲਿਸ ਜਾਂ ਬੀਐਸਐਫ ਨੂੰ ਸੂਚਨਾ ਦੇਣ। ਉਹਨਾਂ ਨੂੰ ਉਹਨਾਂ ਲੋਕਾਂ ਨੂੰ ਦੱਸਿਆ ਕਿ ਦੁਸ਼ਮਣ ਦੇਸ਼ ਵੱਲੋਂ ਸਰਹੱਦ ਪਾਰੋਂ ਸਾਡੇ ਮੁਲਕ ਵਿੱਚ ਨਸ਼ੇ ਅਤੇ  ਹਥਿਆਰ ਭੇਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜੇਕਰ ਲੋਕ ਜਾਗਰੂਕ ਹੋਣਗੇ ਤਾਂ ਅਸੀਂ ਦੁਸ਼ਮਣ ਦੋਸ ਦੀਆਂ ਇਹਨਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਸਕਦੇ ਹਾਂ। ਉਹਨਾਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਦੇ ਆਧਾਰ ਤੇ ਅਜਿਹੇ ਮਾੜੇ ਅਨਸਰਾਂ ਖਿਲਾਫ ਕਾਰਵਾਈ ਹੋਈ ਹੈ।
 ਇਸ ਮੌਕੇ ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਲੋਕਾਂ ਨੂੰ ਕਿਹਾ ਕਿ ਜੇਕਰ ਉਹਨਾਂ ਨੂੰ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਸਬੰਧੀ ਕੋਈ ਸੂਚਨਾ ਹੋਵੇ ਤਾਂ ਉਹ ਬੇਝਿਜਕ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਦੇਣ ਤਾਂ ਜੋ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਉਨਾਂ ਨੇ ਇਹ ਵੀ ਆਖਿਆ ਕਿ ਸੂਚਨਾ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ ।
ਜਿਕਰ ਯੋਗ ਹੈ ਕਿ ਫਾਜ਼ਿਲਕਾ ਜ਼ਿਲੇ ਦੇ ਸਰਹੱਦੀ ਪਿੰਡਾਂ ਵਿੱਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਪਿੰਡ ਦੇ ਮੋਹਤਬਰ ਬੰਦਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਿਨਾਂ ਨਾਲ ਜ਼ਿਲਾ ਪ੍ਰਸ਼ਾਸਨ ਅਤੇ ਪੁਲਿਸ ਵਿਭਾਗ ਵੱਲੋਂ ਲਗਾਤਾਰ ਤਾਲਮੇਲ ਰੱਖਿਆ ਜਾਂਦਾ ਹੈ ਅਤੇ ਪਿੰਡਾਂ ਵਿੱਚ ਚੌਕਸੀ ਦੇ ਮੱਦੇ ਨਜ਼ਰ ਇਹਨਾਂ ਪਿੰਡ ਸੁਰੱਖਿਆ ਕਮੇਟੀਆਂ ਦੀ ਮਹੱਤਵਪੂਰਨ ਭੂਮਿਕਾ ਹੈ। ਇਸ ਮੌਕੇ ਪਿੰਡ ਵਾਸੀਆਂ ਨੇ ਕਿਹਾ ਕਿ ਉਹ ਹਮੇਸ਼ਾ ਹੀ ਜ਼ਿਲਾ ਪ੍ਰਸ਼ਾਸਨ, ਪੁਲਿਸ ਅਤੇ ਬੀਐਸਐਫ ਦੇ ਨਾਲ ਮਿਲ ਕੇ ਚਲਦੇ ਹਨ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਆਪਣਾ ਸਹਿਯੋਗ ਬਣਾਈ ਰੱਖਣਗੇ। ਇਥੇ ਏਬੀ ਦੱਸਣ ਯੋਗ ਹੈ ਕਿ ਮਿਸ਼ਨ ਅਬਾਦ ਤਹਿਤ ਵੀ ਸਰਹੱਦੀ ਪਿੰਡਾਂ ਵਿੱਚ ਜਿਲਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਲੋਕ ਸੁਵਿਧਾ ਕੈਂਪ ਲਗਾ ਕੇ ਲੋਕਾਂ ਨੂੰ ਸਰਕਾਰੀ ਸੁਵਿਧਾਵਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ।

CATEGORIES
Share This

COMMENTS

Wordpress (0)
Disqus (0 )
Translate