ਸਿਹਤ ਵਿਭਾਗ ਵੱਲੋਂ ਲਗਾਇਆ ਗਿਆ ਡੇਂਗੂ ਜਾਗਰੂਕਤਾ ਕੈਂਪ

ਫਿਰੋਜ਼ਪੁਰ 06 ਦਸੰਬਰ 2022
ਸਿਹਤ ਵਿਭਾਗ ਫਿਰੋਜਪੁਰ ਦੀ ਅਗਵਾਈ ਹੇਠ ਐਨ.ਜੀ.ਓ ਕੋਆਰਡੀਨੇਸ਼ਨ ਸੁਸਾਇਟੀ ਵੱਲੋ ਜ਼ਿਲ੍ਹਾ ਐਪੀਡਮਾਲੋਜਿਸ਼ਟ ਡਾ. ਯੁਵਰਾਜ ਨਾਰੰਗ ਦੀ ਅਗਵਾਈ ਹੇਠ ਪ੍ਰਿੰਸੀਪਲ ਸ੍ਰੀ ਪੁਸ਼ਪਕ ਮੈਨੀ ਦੇ ਸਹਿਯੋਗ ਨਾਲ ਐਸ.ਡੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਡੇਂਗੂ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਜ਼ਿਲ੍ਹਾ ਐਪੀਡੀਮਾਲੋਜਿਸ਼ਟ ਡਾ. ਯੁਵਰਾਜ ਨਾਰੰਗ ਵੱਲੋਂ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਡੇਂਗੂ ਦੀ ਰੋਕਥਾਮ, ਬਚਾਓ ਅਤੇ ਲੱਛਣਾ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਡੇਂਗੂ ਬੁਖਾਰ ਏਡੀਜ਼ ਅਜਿਪਟੀ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਇੱਕ ਦਮ ਤੇਜ਼ ਬੁਖਾਰ, ਅੱਖਾ ਦੇ ਪਿਛਲੇ ਹਿੱਸੇ ਵਿੱਚ ਦਰਦ, ਪੱਠਿਆ ਵਿੱਚ ਦਰਦ, ਜੀ ਕੱਚਾ ਹੋਣਾ, ਉਲਟੀਆ ਆਉਣਾ, ਨੱਕ, ਮੂੰਹ, ਜਬਾੜਿਆ ਵਿਚੋ ਖੂਨ ਆਉਣਾ ਤੇ ਚਮੜੀ ਤੇ ਨੀਲ ਪੈਣਾ ਡੇਂਗੂ ਬੁਖਾਰ ਦੇ ਲੱਛਣ ਹਨ। ਡੇਂਗੂ ਜਿਹੀ ਭਿਆਨਕ ਬਿਮਾਰੀ ਤੋਂ ਬਚਣ ਲਈ ਸਾਨੂੰ ਘਰਾਂ ਦੇ ਆਲੇ—ਦੁਆਲੇ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ, ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰਾਂ ਢੱਕਿਆ ਰਹੇ ਤਾਂ ਕਿ ਤੁਹਾਨੂੰ ਮੱਛਰ ਨਾ ਕੱਟ ਸਕੇ, ਸੋਣ ਵੇਲੇ ਮੱਛਰਦਾਨੀ, ਮੱਛਰ ਭਜਾਉਣ ਵਾਲੀਆਂ ਕਰੀਮਾਂ ਅਤੇ ਤੇਲ ਆਦਿ ਦਾ ਇਸਤੇਮਾਲ ਕਰੋ। ਉਨ੍ਹਾਂ ਅੱਗੇ ਦੱਸਿਆ ਕਿ ਸਿਹਤ ਵਿਭਾਗ ਵੱਲੋ ਜ਼ਿਲ੍ਹਾ ਵਾਸੀਆ ਨੂੰ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਬਿਮਾਰੀ ਤੋ ਬਚਾਓ ਸਬੰਧੀ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।
ਏ.ਐਮ.ਓ ਹਰਮੇਸ਼ ਚੰਦਰ ਨੇ ਦੱਸਿਆ ਕਿ ਡੇਂਗੂ ਦਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਮੁਫਤ ਕੀਤਾ ਜਾਂਦਾ ਹੈ। ਮੱਛਰਾਂ ਦੀ ਪੈਦਾਵਾਰ ਦੀ ਰੋਕਥਾਮ ਲਈ ਪੰਜਾਬ ਸਰਕਾਰ ਦੀਆਂ ਹਦਾਇਤਾ ਮੁਤਾਬਕ ਸ਼ੁੱਕਰਵਾਰ ਨੂੰ ਡਰਾਈ ਡੇ ਵਜੋਂ ਮਨਾਉਣ ਬਾਰੇ ਕਿਹਾ ਗਿਆ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਹਰ ਹਫਤੇ ਦੇ ਸ਼ੁੱਕਰਵਾਰ ਨੂੰ ਆਪਣੇ ਘਰਾਂ, ਦਫਤਰਾਂ, ਦੁਕਾਨਾਂ, ਹੋਟਲਾਂ ਵਿੱਚ ਲਗੇ ਫਰਿੱਜ ਅਤੇ ਕੂਲਰਾਂ ਨੂੰ ਸੁਕਾ ਕੇ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਮਲੇਰੀਆ, ਡੇਂਗੂ ਅਤੇ ਚਿਕਨਗੁਨੀਆਂ ਦੇ ਲੱਛਣ ਹੁੰਦੇ ਹਨ ਤਾਂ ਉਹ ਤੁਰੰਤ ਆਪਣਾ ਟੈਸਟ ਅਤੇ ਇਲਾਜ ਸਿਵਲ ਹਸਪਤਾਲ ਫਿਰੋਜ਼ਪੁਰ ਵਿੱਚ ਮੁਫਤ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਸਿਹਤ ਵਿਭਾਗ ਦੀ ਟੀਮਾਂ ਵੱਲੋ ਘਰ—ਘਰ ਜਾ ਕੇ ਇਨ੍ਹਾਂ ਬਿਮਾਰੀਆਂ ਤੋ ਬਚਣ ਅਤੇ ਰੋਕਥਾਮ ਸਬੰਧੀ ਸਿਹਤ ਸਿੱਖਿਆ ਵੀ ਦਿੱਤੀ ਜਾ ਰਹੀ ਹੈ।
ਸ੍ਰ. ਸਤਪਾਲ ਸਿੰਘ ਨੇ ਦੱਸਿਆ ਕਿ ਆਪਣੇ ਘਰ ਦੇ ਅੰਦਰ ਅਤੇ ਛੱਤਾਂ ਉੱਪਰ ਪਏ ਫਾਲਤੂ ਸਮਾਨ ਨਹੀ ਰੱਖਣਾ ਚਾਹੀਦਾ ਹੈ। ਕੂਲਰਾਂ, ਪਾਣੀ ਦੀਆਂ ਟੈਂਕੀਆ, ਹੋਦਿਆਂ, ਫਰਿਜ ਪਿੱਛੇ ਲੱਗੀ ਫਾਲਤੂ ਪਾਣੀ ਦੀਆਂ ਟੇ੍ਰਆਂ ਨੂੰ ਹਫਤੇ ਵਿੱਚ 1 ਦਿਨ ਸਾਫ ਕੀਤਾ ਜਾਣਾ ਚਾਹੀਦਾ ਹੈ। ਜੇਕਰ ਕਿਸੇ ਘਰ ਜਾਂ ਦਫਤਰ ਵਿੱਚ ਇੱਕਠੇ ਹੋਏ ਪਾਣੀ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਉਸ ਘਰ ਜਾਂ ਦਫਤਰ ਦੇ ਮੁਖੀ ਦਾ ਪੰਜਾਬ ਮਿਉਂਸਪਲ ਐਕਟ 1911 ਦੀ ਧਾਰਾ 211, 219 ਦੇ ਤਹਿਤ ਜੁਰਮਾਨਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਾਇਸ ਪ੍ਰਿੰਸੀਪਲ ਪਵਨ ਕੁਮਾਰ, ਪ੍ਰਧਾਨ ਐਨ.ਜੀ.ਓ ਸੋਸਾਇਟੀ ਇੰਦਰ ਸਿੰਘ ਗੋਗੀਆ, ਐਨ.ਜੀ.ਓ ਦੇ ਸਮੂਹ ਮੈਂਬਰ, ਪੁਨਿਤ ਮਹਿਤਾ ਸਮੇਤ ਸਕੂਲੀ ਸਟਾਫ ਅਤੇ ਬੱਚੇ ਹਾਜ਼ਰ ਸਨ।


