ਚੋਰੀ ਦੇ ਸ਼ੱਕ ਚ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟ ਮਾਰ
ਚੰਡੀਗੜ 4 ਨਵੰਬਰ। ਕਸਬਾ ਸਰਹਾਲੀ ਕਲਾਂ ਵਿਖੇ ਚੋਰੀ ਦੇ ਸ਼ੱਕ ‘ਚ ਇਕ ਨੌਜਵਾਨ ਨੂੰ ਕਥਿਤ ਤੌਰ ’ਤੇ ਸਾਰੀ ਰਾਤ ਦੁਕਾਨ ਦੇ ਬਾਹਰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਘਟਨਾਕ੍ਰਮ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਉਕਤ ਨੌਜਵਾਨ ਨੂੰ ਸਰਹਾਲੀ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਉਸਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਦੂਜੇ ਪਾਸੇ ਥਾਣਾ ਸਰਹਾਲੀ ਦੀ ਪੁਲਿਸ ਨੇ ਦੋ ਲੋਕਾਂ ਖਿਲਾਫ ਬੰਧਕ ਬਣਾ ਕੇ ਕੁੱਟਮਾਰ ਕਰਨ ਦੀਆਂ ਧਰਾਵਾਂ ਸਬੰਧੀ ਕੇਸ ਦਰਜ ਕਰ ਲਿਆ ਹੈ। ਹਾਲਾਂਕਿ ਕਿਸੇ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।ਚੰਨਣ ਸਿੰਘ ਪੁੱਤਰ ਰਾਮ ਸਿੰਘ ਵਾਸੀ ਪੱਤੀ ਖਾਸੇਕੀ ਸਰਹਾਲੀ ਕਲਾਂ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦਾ 20 ਸਾਲਾ ਲੜਕਾ ਨਿਸ਼ਾਨ ਸਿੰਘ ਮਿਹਨਤ ਮਜ਼ਦੂਰੀ ਕਰਦਾ ਹੈ। 1 ਅਕਤੂਬਰ ਦੀ ਰਾਤ 9 ਵਜੇ ਦੇ ਕਰੀਬ ਉਹ ਸਬਜ਼ੀ ਖਰੀਦਣ ਲਈ ਅੱਡੇ ’ਤੇ ਗਿਆ ਸੀ ਪਰ ਰਾਤ ਭਰ ਘਰ ਵਾਪਸ ਨਹੀਂ ਆਇਆ। ਸਾਰੀ ਰਾਤ ਉਹ ਉਸਦੀ ਭਾਲ ਕਰਦਾ ਰਿਹਾ ਤੇ ਸਵੇਰੇ ਉਸ ਨੂੰ ਪਤਾ ਲੱਗਾ ਕਿ ਨਿਸ਼ਾਨ ਸਿੰਘ ਨੂੰ ਕੰਵਲਜੀਤ ਸਿੰਘ ਪੁੱਤਰ ਪਾਲ ਸਿੰਘ ਅਤੇ ਜਸਵੰਤ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਸਰਹਾਲੀ ਕਲਾਂ ਨੇ ਸਾਰੀ ਰਾਤ ਦੁਕਾਨ ਦੇ ਬਾਹਰ ਬੰਨ੍ਹ ਕੇ ਰੱਖਿਆ ਤੇ ਉਸ ਦੀ ਕੁੱਟਮਾਰ ਕੀਤੀ। ਜਦੋਂ ਉਹ ਉਥੇ ਪਹੁੰਚਿਆ ਤਾਂ ਵੇਖਿਆ ਕਿ ਉਸਦਾ ਲੜਕਾ ਸੱਟਾਂ ਲੱਗਣ ਕਾਰਨ ਗੰਭੀਰ ਹਾਲਤ ’ਚ ਪਿਆ ਸੀ ਜਿਸ ਨੂੰ ਉਹ ਤੁਰੰਤ ਸਰਹਾਲੀ ਦੇ ਸਰਕਾਰੀ ਹਸਪਤਾਲ ਵਿਚ ਲੈ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਰਹਾਲੀ ਦੇ ਏਐੱਸਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਚੰਨਣ ਸਿੰਘ ਵੱਲੋਂ ਦਿੱਤੇ ਬਿਆਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ।