..ਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵਿਦਾ ਹੋਣ ਦੀ ਤਿਆਰੀ ਵਿੱਚ ਜਗਮੀਤ ਬਰਾੜ
..ਤੇ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵਿਦਾ ਹੋਣ ਦੀ ਤਿਆਰੀ ਵਿੱਚ ਜਗਮੀਤ ਬਰਾੜ
ਚੰਡੀਗੜ੍ਹ # ਕਿਸੇ ਸਮੇਂ ਪੰਜਾਬ ਦੀ ਆਵਾਜ਼ ਕਹਾਉਣ ਵਾਲੇ ਤੇ ਦੇਸ਼ ਦੀ ਸਿਆਸਤ ਵਿੱਚ ਚੰਗਾ ਨਾਮ ਰੱਖਣ ਵਾਲੇ ਸਿਆਸੀ ਆਗੂ ਜਗਮੀਤ ਸਿੰਘ ਬਰਾੜ ਦੀ ਹੁਣ ਸ਼੍ਰੋਮਣੀ ਅਕਾਲੀ ਦਲ ਤੋਂ ਵਿਦਾ ਹੋਣ ਦੀ ਤਿਆਰੀ ਲਗਪਗ ਹੋ ਚੁੱਕੀ ਹੈ। ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਜਗਮੀਤ ਬਰਾੜ ਵੱਲੋਂ ਕਈ ਨਿਸ਼ਾਨੇ ਸਾਧੇ ਜਾ ਰਹੇ ਸਨ।ਕਾਫ਼ੀ ਸਮਾਂ ਇੰਤਜ਼ਾਰ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ ਜਿਸ ਦੇ ਜਵਾਬ ਵਿੱਚ ਮੁੜ ਬਾਗ਼ੀ ਸੁਰ ਭਖਾਉਂਦਿਆਂ ਜਗਮੀਤ ਬਰਾੜ ਨੇ ਨੋਟਿਸ ਕੱਢਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਦੇ ਕਿਰਦਾਰ ਉੱਪਰ ਹੀ ਸਵਾਲ ਖੜ੍ਹੇ ਕਰ ਦਿੱਤੇ। ਜਗਮੀਤ ਸਿੰਘ ਬਰਾੜ ਨੂੰ ਕਿਸੇ ਸਮੇਂ ਪੰਜਾਬ ਦੀ ਆਵਾਜ਼ ਕਿਹਾ ਜਾਂਦਾ ਸੀ ਤੇ ਉਹ ਕਾਂਗਰਸ ਪਾਰਟੀ ਦੇ ਸੈਂਟਰ ਪੱਧਰ ਦੇ ਆਗੂ ਹੋਇਆ ਕਰਦੇ ਸਨ। ਉੱਥੇ ਵੀ ਉਨ੍ਹਾਂ ਵੱਲੋਂ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਦੀ ਨੁਮਾਇੰਦਗੀ ਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਨੂੰ ਕਾਂਗਰਸ ਤੋਂ ਵੀ ਪਾਸੇ ਹੋਣਾ ਪਿਆ ਉਸ ਤੋਂ ਬਾਅਦ ਉਹ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋਏ। ਪਰ ਉੱਥੇ ਵੀ ਆਪਣੀ ਸਿਆਸੀ ਜ਼ਮੀਨ ਨਹੀਂ ਬਣਾ ਸਕੇ ਉਸ ਤੋਂ ਬਾਅਦ ਲੰਘੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਗਮੀਤ ਬਰਾੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗਮੀਤ ਬਰਾੜ ਨੂੰ ਅਹਿਮੀਅਤ ਦਿੱਤੀ ਜਾਣ ਲੱਗੀ ਸੀ ਪਰ ਮੌੜ ਹਲਕੇ ਤੋਂ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਉਨ੍ਹਾਂ ਦੇ ਬਾਗੀ ਸੁਰ ਵੇਖਣ ਨੂੰ ਮਿਲੇ ਉਨ੍ਹਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਅਗਵਾਈ ਉੱਪਰ ਸਵਾਲ ਚੁੱਕੇ ਗਏ। ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਲੀਡਰਸ਼ਿਪ ਵਿਚ ਰੋਸ ਪਾਇਆ ਜਾਣ ਲੱਗਿਆ। ਉਦੋਂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰ ਜਗਮੀਤ ਬਰਾੜ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਿਕੰਦਰ ਸਿੰਘ ਮਲੂਕਾ ਵੱਲੋਂ ਜਗਮੀਤ ਬਰਾੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਜਿਸ ਵਿਚ ਉਨ੍ਹਾਂ ਤੋਂ ਪਾਰਟੀ ਵਿਰੋਧੀ ਦਿੱਤੇ ਜਾ ਰਹੇ ਬਿਆਨਾਂ ਦਾ ਸਪੱਸ਼ਟੀਕਰਨ ਮੰਗਿਆ ਗਿਆ ਸੀ ਪਰ ਸਪੱਸ਼ਟੀਕਰਨ ਤਾਂ ਕੀ ਦੇਣਾ ਸੀ ਜਗਮੀਤ ਬਰਾੜ ਵੱਲੋਂ ਨੋਟਿਸ ਕੱਢਣ ਵਾਲੇ ਸਿਕੰਦਰ ਸਿੰਘ ਮਲੂਕਾ ਖਿਲਾਫ ਹੀ ਮੋਰਚਾ ਖੋਲ੍ਹ ਦਿੱਤਾ ਗਿਆ। ਜਗਮੀਤ ਬਰਾੜ ਨੇ ਕਿਹਾ ਕਿ ਹੁਣ ਕਾਲੇ ਮੂੰਹ ਵਾਲੇ ਲੋਕ ਮੈਨੂੰ ਨੋਟਿਸ ਜਾਰੀ ਕਰਨਗੇ! ਉਨ੍ਹਾਂ ਕਿਹਾ ਕਿ ਮੈਂ ਸਿਕੰਦਰ ਸਿੰਘ ਮਲੂਕਾ ਵਾਂਗ ਕਦੇ ਇਹ ਨਹੀਂ ਕਿਹਾ ਕਿ ਸਾਡਾ ਪ੍ਰਧਾਨ ਇਕ ਵਜੇ ਉੱਠਦਾ ਹੈ। ਮੈਂ ਸਿਰਫ ਸ਼੍ਰੋਮਣੀ ਅਕਾਲੀ ਦਲ ਵਿੱਚ ਸੁਧਾਰ ਦੀ ਗਲ ਚੁੱਕੀ ਸੀ। ਉਨ੍ਹਾਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਮੈਨੂੰ ਕਿਹਾ ਸੀ ਕਿ ਮੈਂ ਪ੍ਰਧਾਨ ਹਾਂ ਤੇ ਮੈਂ ਹੀ ਪ੍ਰਧਾਨ ਰਹਾਂਗਾ। ਜਗਮੀਤ ਸਿੰਘ ਬਰਾੜ ਦੇ ਬਾਗੀ ਸੁਰਾਂ ਅਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਉਨ੍ਹਾਂ ਖ਼ਿਲਾਫ਼ ਅਖਤਿਆਰ ਕੀਤੇ ਜਾ ਰਹੇ ਰੁੱਖ ਤੋਂ ਸਾਫ ਹੈ ਕਿ ਜਗਮੀਤ ਬਰਾੜ ਹੁਣ ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਦਿਨਾਂ ਦੇ ਮਹਿਮਾਨ ਹੀ ਹਨ ਤੇ ਅੱਗੇ ਉਹ ਕਿਹੜੀ ਸਿਆਸੀ ਪਾਰਟੀ ਦਾ ਪੱਲਾ ਫਡ਼ਨਗੇ ਇਹ ਤਾਂ ਸਮਾਂ ਹੀ ਦੱਸੇਗਾ।



